ਭਾਜਪਾ ਨੇ ‘ਆਪ’ ਸਰਕਾਰ ਘੇਰੀ

ਨਵੀਂ ਦਿੱਲੀ (ਸਮਾਜਵੀਕਲੀ):  ਕਰੋਨਾਵਾਇਰਸ ਕਾਰਨ ਦਿੱਲੀ ਵਿਚ ਸਥਿਤੀ ਬਦ ਤੋਂ ਬੱਦਤਰ ਹੋ ਗਈ ਹੈ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ’ਤੇ ਸਖ਼ਤ ਟਿੱਪਣੀਆਂ ਕਰਦਿਆਂ ਜਵਾਬ ਤਲਬ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਦਿੱਲੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਦੀ ਮਾੜੀ ਹਾਲਤ ਹੈ, ਮਰੀਜ਼ਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਹੈ।

ਸੰਬਿਤ ਪਾਤਰਾ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਬਲਕਿ ਦਿੱਲੀ ਦੀ ਸਥਿਤੀ ਵਿਚ ਸੁਧਾਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਲੋਕਾਂ ਦਾ ਲਾਸ਼ਾਂ ਦੇ ਢੇਰ ’ਤੇ ਇਲਾਜ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਸਵਾਲ ਨੂੰ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਦਾ ਪਰਦਾਫਾਸ਼ ਕੀਤਾ ਹੈ।

ਕਰੋਨਾ ਤੋਂ ਆਪਣੀ ਜਾਨ ਗਵਾ ਚੁੱਕੇ ਲੋਕਾਂ ਦੀਆਂ ਲਾਸ਼ਾਂ ਗਟਰ ’ਚ ਮਿਲੀਆਂ। ਸ੍ਰੀ ਪਾਤਰਾ ਨੇ ਕਿਹਾ ਕਿ ਦਿੱਲੀ ਦੀ ਸਥਿਤੀ ਨਾਜ਼ੁਕ ਹੈ ਤੇ ਸਰਕਾਰ ਨੂੰ ਰਾਜਨੀਤੀ ਛੱਡ ਕੇ ਪ੍ਰਬੰਧਾਂ ’ਤੇ ਧਿਆਨ ਦੇਣਾ ਚਾਹੀਦਾ ਹੈ। ਪਾਤਰਾ ਨੇ ਜਾਂਚ ਨੂੰ ਲੈ ਕੇ ਸਰਕਾਰ ਦਾ ਘਿਰਾਓ ਵੀ ਕੀਤਾ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਹੋਰ ਰਾਜਾਂ ਦੇ ਮੁਕਾਬਲੇ ਦਿੱਲੀ ਵਿੱਚ ਟੈਸਟਿੰਗ ਕਿਉਂ ਘੱਟ ਕੀਤੀ ਜਾ ਰਹੀ ਹੈ।

ਇਸ ’ਤੇ ਪਾਤਰਾ ਨੇ ਕਿਹਾ ਕਿ ਦਿੱਲੀ ਵਿਚ ਹਰ ਰੋਜ਼ ਪੰਜ ਹਜ਼ਾਰ ਤੋਂ ਵੀ ਘੱਟ ਟੈਸਟ ਕੀਤੇ ਜਾ ਰਹੇ ਹਨ, ਜਦਕਿ ਦੂਜੇ ਰਾਜਾਂ ਵਿਚ ਹਰ ਰੋਜ਼ 10 ਤੋਂ 15 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ। ਮਨੋਜ ਤਿਵਾੜੀ ਨੇ ਵੀ ਸਰਕਾਰ ’ਤੇ ਹਮਲਾ ਬੋਲਿਆ ਹੈ।

ਮਨੋਜ ਤਿਵਾੜੀ ਨੇ ਲਿਖਿਆ, ‘ਹਸਪਤਾਲਾਂ ਦੀ ਦੁਰਦਸ਼ਾ ਨੂੰ ਵੇਖਦਿਆਂ, ਦਿੱਲੀ ਸਰਕਾਰ ਨੂੰ ਹੁਣ ਯਾਦ ਆ ਗਿਆ ਹੈ ਕਿ ਕੋਵਿਡ ਹਸਪਤਾਲਾਂ ਨੂੰ ਆਕਸੀਜਨ ਹੋਣੀ ਚਾਹੀਦੀ ਹੈ। ਗੈਰ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ ਸਰਕਾਰ ਹੁਣ ਆਕਸੀਜਨ ਖਰੀਦਣ ਦੇ ਆਦੇਸ਼ ਜਾਰੀ ਕਰ ਰਹੀ ਹੈ।

‘ਆਪ’ ਸਰਕਾਰ ਜਿਹੜੀ ਕਰੋਨਾ ਨਾਲ ਲੜਨ ਦੀ ਥਾਂ ਸੌਂ ਰਹੀ ਹੈ, ਨੇ ਜਨਤਾ ਦੀ ਜਾਨ ਨੂੰ ਜੋਖ਼ਮ ਵਿਚ ਪਾ ਦਿੱਤਾ ਹੈ। ਕਰੋਨਾ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਦਿੱਲੀ ਸਰਕਾਰ ਨੂੰ ਜਵਾਬ ਤਲਬ ਕੀਤਾ ਹੈ।

ਦਿੱਲੀ ਦੇ ਸਰਕਾਰੀ ਸਕੂਲਾਂ ਦਾ ਡੇਢ ਸੌ ਅਧਿਆਪਕ ਕਰੋਨਾ ਪੀੜਤ

ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਤੱਕ ਦਿੱਲੀ ਦੇ ਸਰਕਾਰੀ ਸਕੂਲਾਂ ’ਚ ਲਗਭਗ 100 ਤੋਂ ਵੱਧ ਸਰਕਾਰੀ ਅਧਿਆਪਕ ਕਰੋਨਾਵਾਇਰਸ ਨਾਲ ਪੀੜਤ ਹੋਏ ਹਨ। ਇਸ ਤੋਂ ਇਲਾਵਾ 50 ਹੋਰ ਅਧਿਆਪਕ ਜੋ ਸਕੂਲਾਂ ਵਿਚ ਰਾਸ਼ਨ ਵੰਡਣ ਦੀ ਡਿਊਟੀ ’ਤੇ ਸਨ ਜਾਂ ਹੋਰ ਪ੍ਰਬੰਧਕੀ ਕੰਮਾਂ ਵਿਚ ਲਗਾਏ ਗਏ ਸਨ ਦੇ ਵੀ ਕਰੋਨਾਵਾਇਰਸ ਪਾਜ਼ੇਟਿਵ ਆਏ ਸਨ। ਕੋਵਿਡ-19 ਕਾਰਨ ਹੁਣ ਤੱਕ ਚਾਰ ਸਰਕਾਰੀ ਸਕੂਲ ਅਧਿਆਪਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਲਾਗ ਨਾਲ ਮਰਨ ਵਾਲੇ ਪਹਿਲੇ ਅਧਿਆਪਕ ਲਈ 1 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਗੌਰਮਿੰਟ ਸਕੂਲ ਟੀਚਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੈਵੀਰ ਯਾਦਵ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਅਧਿਆਪਕ ਕੋਵਿਡ-19 ਦੇ ਸ਼ਿਕਾਰ ਹੋ ਰਹੇ ਹਨ ਤੇ ਕਈ ਸਾਥੀ ਮਰੇ ਹਨ। ਅਜਿਹੀ ਸਥਿਤੀ ਵਿੱਚ ਸਰਕਾਰ ਤੋਂ ਮੰਗ ਹੈ ਕਿ 1 ਕਰੋੜ ਰੁਪਏ ਦਾ ਮੁਆਵਜ਼ਾ ਤਰਸ ਦੇ ਅਧਾਰ ’ਤੇ ਉਨ੍ਹਾਂ ਅਧਿਆਪਕਾਂ ਨੂੰ ਦਿੱਤਾ ਜਾਵੇ ਜਿਹੜੇ ਬਿਮਾਰੀ ਨਾਲ ਮਰ ਗਏ।

Previous articleFilipinos defy quarantine, protest against Duterte
Next articleJapan enacts record budget to cushion COVID-19 impact