ਭਾਜਪਾ ਦਾ ਸਾਥ ਕਿਸੇ ਹਾਲ ਨਹੀਂ ਛੱਡਾਂਗੇ: ਬਾਦਲ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਆਖਿਆ ਕਿ ਉਹ ਕਿਸੇ ਵੀ ਸੂਰਤ ਵਿਚ ਭਾਜਪਾ ਦਾ ਸਾਥ ਨਹੀਂ ਛੱਡਣਗੇ। ਉਨ੍ਹਾਂ ਆਖਿਆ ਕਿ ਭਾਵੇਂ ਉਨ੍ਹਾਂ ਨੂੰ ਫਾਇਦਾ ਹੋਵੇ ਜਾਂ ਨੁਕਸਾਨ ਪਰ ਉਹ ਇਹ ਸਾਥ ਨਹੀਂ ਛੱਡਣਗੇ। ਹਰਿਆਣਾ ਚੋਣਾਂ ਬਾਰੇ ਉਨ੍ਹਾਂ ਆਖਿਆ ਕਿ ਇਹ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਕਰਨਾ ਹੈ ਅਤੇ ਪ੍ਰਧਾਨ ਨੇ ਮਸ਼ਵਰਾ ਕਰ ਕੇ ਫ਼ੈਸਲਾ ਲੈਣਾ ਹੈ। ਉਨ੍ਹਾਂ ਦੀ ਨਿੱਜੀ ਰਾਇ ਭਾਜਪਾ ਦੇ ਸਾਥ ਦੀ ਹੈ।
ਸ੍ਰੀ ਬਾਦਲ ਨੇ ਇੱਥੇ ਦਾਦੀ-ਪੋਤੀ ਪਾਰਕ ਦੇ ਸਾਹਮਣੇ ‘ਡੀ-9 ਡਿਜ਼ਾਈਨ ਸਟੂਡੀਓ’ ਦਾ ਉਦਘਾਟਨ ਕੀਤਾ। ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਸੰਘਾ, ਲੈਕਚਰਾਰ ਹਰਪ੍ਰੀਤ ਕੌਰ ਸੰਘਾ ਅਤੇ ਡਿਜ਼ਾਈਨ ਸਟੂਡੀਓ ਦੀ ਪ੍ਰਬੰਧਕ ਦਰਸ਼ਪ੍ਰੀਤ ਕੌਰ ਸੰਘਾ ਨੇ ਸ੍ਰੀ ਬਾਦਲ ਨੂੰ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ। ਇਸ ਮਗਰੋਂ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ। ਜਦੋਂ ਅਕਾਲੀ-ਭਾਜਪਾ ਸਬੰਧਾਂ ’ਚ ਅੰਦਰੂਨੀ ਖਟਾਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਟਾਲਾ ਵੱਟਦਿਆਂ ਆਖਿਆ ਕਿ ਉਹ ਇਸ ’ਤੇ ਕੁਝ ਨਹੀਂ ਆਖ ਸਕਦੇ। ਪਾਰਟੀ ਦੀ ਕੋਰ ਕਮੇਟੀ ਅਤੇ ਪ੍ਰਧਾਨ ਨੇ ਫ਼ੈਸਲੇ ਲੈਣੇ ਹੁੰਦੇ ਹਨ।
ਸ੍ਰੀ ਬਾਦਲ ਨੇ ਕਿਹਾ ਕਿ ਪਾਕਿਸਤਾਨ ਨੂੰ ਕਰਤਾਰਪੁਰ ਲਾਂਘੇ ਲਈ ਰੱਖੀ 20 ਡਾਲਰ ਦੀ ਫ਼ੀਸ ਵਾਪਸ ਲੈਣੀ ਚਾਹੀਦੀ ਹੈ। ਦੁਨੀਆਂ ਵਿਚ ਕਿਤੇ ਅਜਿਹਾ ਨਹੀਂ ਕਿ ਧਾਰਮਿਕ ਸਥਾਨ ’ਤੇ ਜਾਣ ਲਈ ਟਿਕਟ ਰੱਖੀ ਗਈ ਹੋਵੇ। ਪੰਜਾਬ ਸਰਕਾਰ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜੀ ਹੋਈ ਹੈ ਅਤੇ ਸੂਬੇ ’ਚ ਕੋਈ ਹਕੂਮਤ ਹੀ ਨਹੀਂ ਹੈ। ‘ਫਰੈਂਡਲੀ ਮੈਚ’ ਦੇ ਰੌਲੇ ਰੱਪੇ ਬਾਰੇ ਉਨ੍ਹਾਂ ਕਿਹਾ ਕਿ ਉਹ ਤਾਂ ਪੰਜ-ਛੇ ਸਾਲ ਤੋਂ ਅਮਰਿੰਦਰ ਸਿੰਘ ਨੂੰ ਮਿਲੇ ਹੀ ਨਹੀਂ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਸਬੰਧ ਹੈ। ਕਾਂਗਰਸ ਤੇ ਅਕਾਲੀ ਦਲ ਦਾ ਕਾਹਦਾ ਮੇਲ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਫ਼ੈਸਲੇ ਦਾ ਸਿਹਰਾ ਲੈਣਾ ਉਨ੍ਹਾਂ ਨੂੰ ਜਾਂ ਅਕਾਲੀ ਦਲ ਵਿਚੋਂ ਕਿਸੇ ਨੂੰ ਵੀ ਨਹੀਂ ਜਚੇਗਾ ਕਿਉਂਕਿ ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ ਕਿਉਂਕਿ ਉਹ ਐੱਨਡੀਏ ਸਰਕਾਰ ਦੇ ਮੰਤਰੀ ਮੰਡਲ ਦਾ ਹਿੱਸਾ ਹਨ ਅਤੇ ਇਸ ਦੇ ਹਰ ਫ਼ੈਸਲੇ ਦੇ ਭਾਈਵਾਲ ਹਨ।
ਸਮਾਗਮ ਨੂੰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਡਾ. ਦੀਪਕ ਮਨਮੋਹਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰੋ. ਸਤਨਾਮ ਜੱਸਲ, ਸਾਬਕਾ ਵਿਧਾਇਕ ਸਰੂਪ ਸਿੰਗਲਾ, ਮੇਅਰ ਬਲਵੰਤ ਰਾਏ ਤੇ ਹੋਰ ਹਾਜ਼ਰ ਸਨ।

Previous articleਭੌਂ-ਮਾਫੀਆ ਨੇ ਦਰੱਖ਼ਤਾਂ ਦੀ ਬਲੀ ਲਈ
Next articleਚਿਨਮਯਾਨੰਦ ਮਾਮਲਾ: ਵਿਦਿਆਰਥਣ ਨੇ ਵੀਡੀਓਜ਼ ਵਾਲੀ ਪੈੱਨ ਡਰਾਈਵ ਐੱਸਆਈਟੀ ਨੂੰ ਸੌਂਪੀ