ਭਰਿਸ਼ਟ ਨੇਤਾ

ਗੁਰਵਿੰਦਰ ਸਿੰਘ ਸ਼ੇਰਗਿੱਲ

(ਸਮਾਜ ਵੀਕਲੀ)

ਮੈ ਭਾਰਤ ਦੇਸ਼ ਦਾ ਨੇਤਾ ਹਾਂ
ਮੇਰੀ ਸੋਚ ਵੀ ਸਭ ਤੋਂ ਨਿਆਰੀ ਏ
ਦੇਸ਼ ਡੁੱਬ ਜਾਵੇ ਜਾਂ ਤਰ ਜਾਵੇ
ਮੇਰੀ ਕੁਰਸੀ ਦੇ ਨਾਲ ਯਾਰੀ ਏ
ਮੇਰੀ ਕੁਰਸੀ, ਕਿਵੇਂ ਬਚ ਸਕਦੀ
ਮੈ ਸੋਚ ਨੂੰ ਬਹੁਤ ਦੜਾਉਂਦਾ ਹਾਂ
ਲੋਕਾਂ ਨੂੰ ਪਾੜ ਕੇ ਰਾਜ ਕਰਾਂ
ਮੈ ਦੰਗੇ ਵੀ ਕਰਵਾਉਂਦਾ ਹਾਂ
ਪੈਸੇ ਨਾਲ ਸਭ ਕੁਝ ਕਰਦਾ ਮੈ
ਹਰ ਥਾਂ ਤੇ ਪੈਸਾ ਭਾਰੀ ਏ
ਮੈ ਭਾਰਤ ਦੇਸ਼ ਦਾ ਨੇਤਾ————
ਮੈ ਕਰਾਂ ਘੋਟਾਲੇ ਨਿੱਤ ਨਵੇਂ
ਕਾਨੂੰਨ ਨੂੰ ਦੰਦ ਚਿੜਾਵਾ ਮੈ
ਰਿਸ਼ਵਤ ਨਾਲ ਸਭ ਕੁਝ ਗੋਲ ਕਰਾਂ
ਫਿਰ ਸਭ ਦੇ ਦਿਲ ਤਾਈਂ ਭਾਵਾਂ ਮੈ
ਇਹ ਦੇਸ਼ ,ਵਿਦੇਸ਼ੀ ਲੁੱਟਦੇ ਰਹੇ
ਪਰ ਹੁਣ ਤਾਂ ਮੇਰੀ ਵਾਰੀ ਏ
ਮੈ ਭਾਰਤ ਦੇਸ਼——————-
ਮੈ ਲਗਦਾ ਸੱਚਾ ਸੁੱਚਾ  ਹਾਂ
ਧਰਮਾਂ ਦਾ ਠੇਕੇਦਾਰ ਹਾਂ ਮੈ
ਲੋਕ ਮੇਰੇ ਪਿੱਛੇ ਲੱਗ ਜਾਂਦੇ
ਪਰ ਦਿਲ ਦਾ ਬੜਾ ਗੱਦਾਰ ਹਾਂ ਮੈ
ਮੇਰਾ ਦੀਨ ਧਰਮ ਨ ਕੋਈ ਵੀ
ਲੋਕ ਕਹਿੰਦੇ ,ਧਰਮ ਪੁਜਾਰੀ ਏ
ਮੈ ਭਾਰਤ ਦੇਸ਼ ਦਾ————-
ਲੋਕਾਂ ਨੂੰ ਕਰ ਕੇ ਇਕੱਠੇ ਮੈ
ਸ਼ਹੀਦਾਂ ਦਾ ਵੀ ਸਤਿਕਾਰ ਕਰਾਂ
ਮੈ ਨਾਮ ਸ਼ਹੀਦਾਂ ਦਾ ਵਰਤਾਂ
ਪਰ ਵੋਟਾਂ ਦਾ ਪ੍ਰਚਾਰ ਕਰਾਂ
ਮੈਨੂੰ ਸਲਾਉਂਦੇ ਜੱਗ ਵਾਲੇ
ਭਾਵੇਂ ਕੋਈ ਨਰ ਜਾਂ ਨਾਰੀ ਏ
ਮੈ ਭਾਰਤ ਦੇਸ਼ ਦਾ—————–
ਸ਼ਾਇਰਾਂ ਨੂੰ ਆਖਾ ਸਿਫਤ ਲਿਖੋ
ਮੇਰੇ ਵਰਗਾ ਨੇਤਾ ਹੋਰ ਨਹੀਂ
ਮੈ ਬੁੱਕਲ ਦੇ ਵਿੱਚ ਹੱਸਦਾ ਹਾਂ
ਮੈਥੋਂ ਵੱਡਾ  ਕੋਈ ਚੋਰ ਨਹੀਂ
ਮੈ ਦੇਸ਼ ਨੂੰ ਦਾਅ ਤੇ ਲਾ ਦੇਂਦਾ
ਮੇਰੀ ਚੱਲਦੀ ਜਦੋਂ ਕਟਾਰੀ ਏ
ਮੈ ਭਾਰਤ ਦੇਸ਼ ਦਾ ਨੇਤਾ ਹਾਂ
ਮੇਰੀ ਸੋਚ ਵੀ ਸਭ ਤੋਂ ਨਿਆਰੀ ਏ
ਦੇਸ਼ ਡੁੱਬ ਜਾਵੇ ਜਾਂ ਤਰ ਜਾਵੇ
ਮੇਰੀ ਕੁਰਸੀ ਦੇ ਨਾਲ ਯਾਰੀ ਏ
ਗੁਰਵਿੰਦਰ ਸਿੰਘ ਸ਼ੇਰਗਿੱਲ
ਮੋਬਾਈਲ 9872878501
Previous articleਹਾਈ ਸਕੂਲ ਮਲਕਪੁਰ ਦੇ ਸਟਾਫ ਨੇ ਕੀਤਾ ਨੀਰੂ ਜੱਸਲ ਦੇ ਧਾਰਮਿਕ ਟਰੈਕ ਸਤਿਗੁਰਾਂ ਦੀ ਕਿਰਪਾ ਦਾ ਪੋਸਟਰ ਰਲੀਜ।
Next articleਗੁਰਵਿੰਦਰ ਸਿੰਘ ਸ਼ੇਰਗਿੱਲ