ਬੱਸ ਦੀ ਫੇਟ ਨਾਲ ਮੋਟਰਸਾਈਕਲ ਚਾਲਕ ਦੀ ਮੌਤ,ਧੀ ਜ਼ਖ਼ਮੀ

ਪਠਾਨਕੋਟ-ਅੰਮ੍ਰਿਤਸਰ ਕੌਮੀ ਮਾਰਗ ’ਤੇ ਯੂਬੀਡੀਸੀ ਕਾਲੋਨੀ ਸਰਨਾ ਦੇ ਸਾਹਮਣੇ ਇਕ ਪ੍ਰਾਈਵੇਟ ਬੱਸ ਦੀ ਲਪੇਟ ਵਿੱਚ ਆ ਜਾਣ ਨਾਲ ਮੋਟਰਸਾਈਕਲ ਉਪਰ ਸਵਾਰ ਬਾਪ-ਬੇਟੀ ਵਿੱਚੋਂ ਬਾਪ ਦੀ ਮੌਤ ਹੋ ਗਈ ਜਦਕਿ ਬੇਟੀ ਵੀ ਗੰਭੀਰ ਹਾਲਤ ’ਚ ਜ਼ਖ਼ਮੀ ਹੋ ਗਈ ਜਿਸ ਨੂੰ ਤੁਰੰਤ ਨਜ਼ਦੀਕ ਪੈਂਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਵਾਸੀ ਬਲਸੂਆ ਪਿੰਡ ਵਜੋਂ ਹੋਈ ਹੈ। ਉਹ ਆਪਣੇ ਪਿੰਡ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀ ਬੇਟੀ ਪ੍ਰਿਅੰਕਾ ਨੂੰ ਜੋ ਚੰਡੀਗੜ੍ਹ ਵਿੱਚ ਨੌਕਰੀ ਕਰਦੀ ਹੈ, ਨੂੰ ਬੱਸ ਵਿੱਚ ਬਿਠਾਉਣ ਲਈ ਪਠਾਨਕੋਟ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਸਰਨਾ ਕਾਲੋਨੀ ਕੋਲ ਪੁੱਜਣ ’ਤੇ ਸਾਹਮਣਿਉਂ ਆ ਰਹੀ ਪ੍ਰਾਈਵੇਟ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਵਿਜੇ ਕੁਮਾਰ ਦਾ ਚਿਹਰਾ ਬੁਰੀ ਤਰ੍ਹਾਂ ਚਿੱਥਿਆ ਗਿਆ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨਾਲ ਨਸ਼ਟ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਡਵੀਜ਼ਨ ਨੰਬਰ 1, ਦੇ ਥਾਣਾ ਮੁਖੀ ਇਕਬਾਲ ਸਿੰਘ ਮੌਕੇ ਉਪਰ ਪੁੱਜੇ ਅਤੇ ਉਨ੍ਹਾਂ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਬੱਸ ਦਾ ਡਰਾਈਵਰ ਫ਼ਰਾਰ ਹੋ ਗਿਆ ਪਰ ਉਸ ਖਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ ਪ੍ਰਿਅੰਕਾ ਚੰਡੀਗੜ੍ਹ ਵਿੱਚ ਨੌਕਰੀ ਕਰਦੀ ਹੈ ਅਤੇ ਕੁਝ ਦਿਨ ਪਹਿਲਾਂ ਹੀ ਆਪਣੇ ਰਿਸ਼ਤੇਦਾਰਾਂ ਵਿੱਚ ਵਿਆਹ ਹੋਣ ਕਾਰਨ ਪਿੰਡ ਆਈ ਹੋਈ ਸੀ ਅਤੇ ਅੱਜ ਉਸ ਦਾ ਪਿਤਾ ਉਸ ਨੂੰ ਬੱਸ ਵਿੱਚ ਚੜ੍ਹਾਉਣ ਲਈ ਪਠਾਨਕੋਟ ਬੱਸ ਅੱਡੇ ਵੱਲ ਜਾ ਰਿਹਾ ਸੀ।

Previous articleਮੁਹਾਲੀ ਦੇ ਵਿਕਾਸ ਲਈ 251.66 ਕਰੋੜ ਦਾ ਬਜਟ ਪਾਸ
Next articleਅਪਰਾਧ ਕਰਨ ਦੇ ਆਦੀ ਮੁਲਜ਼ਮਾਂ ਦੀ ਲੱਗੇਗੀ ਬਾਇਓਮੀਟਿ੍ਰਕ ਹਾਜ਼ਰੀ