ਬੱਚੇ ਦੀ ਲਾਸ਼ ਲੈ ਕੇ ਆ ਰਹੀ ਕਾਰ ਹਾਦਸੇ ਦਾ ਸ਼ਿਕਾਰ

ਤਲਵਾੜਾ-ਦੌਲਤਪੁਰ ਮੁੱਖ ਸੜਕ ’ਤੇ ਅੱਡਾ ਮਹੂ ਦੀ ਹੱਟੀਆਂ ਨਜ਼ਦੀਕ ਹਾਦਸੇ ’ਚ ਕਾਰ ਸਵਾਰ ਤਿੰਨ ਵਿਅਕਤੀਆਂ ਸਮੇਤ ਸਕੂਲ ਜਾਂਦੇ ਦੋ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਏ। ਜਖ਼ਮੀਆਂ ਨੂੰ ਨਜ਼ਦੀਕ ਸਰਕਾਰੀ ਸਿਹਤ ਕੇਂਦਰ ’ਚ ਮੁੱਢਲੀ ਸਹਾਇਤਾ ਦੇਣ ਬਾਅਦ ਸਿਵਲ ਹਸਪਤਾਲ ਮੁਕੇਰੀਆਂ ਰੈਫ਼ਰ ਕਰ ਦਿੱਤਾ ਹੈ। ਕਾਰ ਸਵਾਰ ਪੀਜੀਆਈ ਚੰਡੀਗੜ੍ਹ ਤੋਂ 6 ਮਹੀਨੇ ਦੇ ਬੱਚੇ ਦੀ ਲਾਸ਼ ਲੈ ਕੇ ਮੁਕੇਰੀਆਂ ਨੂੰ ਜਾ ਰਹੇ ਸਨ। ਥਾਣਾ ਤਲਵਾੜਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ ਅੱਠ ਵਜੇ ਅੱਡਾ ਮਹੂ ਦੀ ਹੱਟੀਆਂ ਪਿੰਡ ਬਰਿੰਗਲੀ ਦੇ ਨਜ਼ਦੀਕ ਦੌਲਤਪੁਰ ਵਾਲੇ ਪਾਸਿਓਂ ਮੁਕੇਰੀਆਂ ਵੱਲ ਆ ਰਹੀ ਆਲਟੋ ਕਾਰ ਪੀਬੀ-35-ਜ਼ੈੱਡ-1983 ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ’ਚ ਕਾਰ ਚਾਲਕ ਬਸੰਤ ਸਿੰਘ ਪਿੰਡ ਚੌਂਤਾ ਜ਼ਿਲ੍ਹਾ ਗੁਰਦਾਸਪੁਰ ਅਤੇ ਨਰੇਸ਼ ਕੁਮਾਰੀ 49 ਪਤਨੀ ਪ੍ਰਵੀਨ ਕੁਮਾਰ ਪਿੰਡ ਚੱਕ ਆਲਾ ਥਾਣਾ ਮੁਕੇਰੀਆਂ ਤੇ ਬੇਬੀ (50 ਸਾਲ) ਪਿੰਡ ਜੰਡੀ ਜ਼ਿਲ੍ਹਾ ਗੁਰਦਾਸਪੁਰ ਸਮੇਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਰਿੰਗਲੀ ਪੜ੍ਹਨ ਜਾ ਰਹੇ ਪਿੰਡ ਢੁਲਾਲ ਦੇ ਮੁਹੱਲਾ ਬਕਰਾਲੂ ਦੇ 8ਵੀਂ ਤੇ 9ਵੀਂ ਦੇ ਵਿਦਿਆਰਥੀ ਅਨਮੋਲ ਪੁੱਤਰ ਪ੍ਰਵੀਨ ਕੁਮਾਰ ਤੇ ਗੌਰਵ ਪੁੱਤਰ ਸੁਲਿੰਦਰ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਸ ਦਾ 6 ਮਹੀਨੇ ਦੇ ਪੋਤਰੇ ਦੀ ਬੀਤੀ ਰਾਤ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਸੀ। ਉਹ ਦੋ ਗੱਡੀਆਂ ’ਚ ਸਵਾਰ ਹੋ ਕੇ ਮੁਕੇਰੀਆਂ ਆ ਰਹੇ ਸਨ। ਬੱਚੇ ਦੀ ਲਾਸ਼ ਲੈ ਕੇ ਅੱਗੇ ਚੱਲ ਰਹੀ ਆਲਟੋ ਕਾਰ ਪਿੰਡ ਬਰਿੰਗਲੀ ਕੋਲ਼ ਪੁੱਜੀ ਤਾਂ ਸੜਕ ’ਤੇ ਸਕੂਲ ਜਾਂਦੇ ਬੱਚਿਆਂ ਨੂੰ ਬਚਾਉਂਦੇ ਹੋਇਆਂ ਪੁੱਲੀ ’ਚ ਜਾ ਵੱਜੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ’ਚ ਜ਼ਖ਼ਮੀ ਨਰੇਸ਼ ਕੁਮਾਰੀ ਤੇ ਬੇਬੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਇਆਂ ਡਾਕਟਰਾਂ ਨੇ ਲੁਧਿਆਣਾ ਰੈਫ਼ਰ ਕਰ ਦਿੱਤਾ ਹੈ।

Previous articleਮੁਹਾਲੀ ਨਗਰ ਨਿਗਮ ਵੱਲੋਂ 149.92 ਕਰੋੜ ਦਾ ਬਜਟ ਪਾਸ
Next articleਪੀਏਯੂ ਦੇ ਵਿਦਿਆਰਥੀਆਂ ਵੱਲੋਂ ਭੁੱਖ ਹੜਤਾਲ