ਬੱਚਿਆਂ ਨੂੰ ਭਾਰਤ ਲਿਆਉਣਾ ਹੋਇਆ ਮੁਸ਼ਕਲ

ਵਾਸ਼ਿੰਗਟਨ (ਸਮਾਜਵੀਕਲੀ): ਕਰੋਨਾਵਾਇਰਸ ਨਾਲ ਨਜਿੱਠਣ ਲਈ ਭਾਰਤ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਵਿਦੇਸ਼ਾਂ ’ਚ ਫਸੇ ਭਾਰਤੀ ਖੁਦ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ। ਇਨ੍ਹਾਂ ’ਚ ਵਧੇਰੇ ਕਰਕੇ ਐੱਚ-1ਬੀ ਵੀਜ਼ਾਧਾਰਕ ਹਨ ਜਿਨ੍ਹਾਂ ਦੇ ਬੱਚੇ ਅਮਰੀਕਾ ’ਚ ਪੈਦਾ ਹੋਏ ਹਨ ਤੇ ਪਾਬੰਦੀਆਂ ਕਾਰਨ ਹੁਣ ਭਾਰਤ ਨਹੀਂ ਜਾ ਸਕਦੇ। ਅਮਰੀਕਾ ’ਚ ਕੰਮ-ਕਾਰ ਵਾਲੇ ਵੀਜ਼ੇ ਦੀ ਮਿਆਦ ਮੁੱਕਣ ਤੋਂ ਬਾਅਦ ਅੰਗੁਰਾਜ ਕੈਲਾਸ਼ਮ ਨੂੰ ਅਮਰੀਕੀ ਕਾਨੂੰਨ ਤਹਿਤ ਜਿੰਨੀ ਜਲਦੀ ਹੋ ਸਕੇ ਆਪਣੇ ਮੁਲਕ ਵਾਪਸ ਜਾਣਾ ਪਵੇਗਾ ਪਰ ਭਾਰਤੀ ਕਾਨੂੰਨ ਤਹਿਤ ਉਹ ਆਪਣੀ ਅਮਰੀਕਾ ’ਚ ਜਨਮੀ ਧੀ ਨਾਲ ਭਾਰਤ ਵਾਪਸ ਨਹੀਂ ਆ ਸਕਦੀ।

ਅੰਗੁਰਾਜ ਨੇ ਕਿਹਾ, ‘ਮੇਰੀ ਧੀ ਕੋਲ ਐਮਰਜੈਂਸੀ ਵੀਜ਼ਾ ਹੈ ਪਰ ਮੌਜੂਦਾ ਪਾਬੰਦੀਆਂ ਕਾਰਨ ਅਸੀਂ ਭਾਰਤ ਵਾਪਸ ਨਹੀਂ ਜਾ ਸਕਦੇ ਕਿਉਂਕਿ ਭਾਰਤ ਸਰਕਾਰ ਨੇ ਸਾਰੇ ਵੀਜ਼ੇ ਰੱਦ ਕਰ ਦਿੱਤੇ ਹਨ।’ ਗੋਪੀਨਾਥ ਨਾਗਰਾਜਨ ਨੇ ਕਿਹਾ, ‘ਭਾਰਤ ’ਚ ਮੇਰੀ ਮਾਂ ਕੋਮਾ ’ਚ ਹੈ। ਮੈਂ ਜਲਦੀ ਤੋਂ ਜਲਦੀ ਭਾਰਤ ਜਾਣਾ ਚਾਹੁੰਦਾ ਹਾਂ ਪਰ ਮੇਰੀ ਚਾਰ ਮਹੀਨੇ ਦੀ ਧੀ ਹੈ ਜੋ ਅਮਰੀਕਾ ’ਚ ਜਨਮੀ ਹੈ। ਮੈਂ ਤੇ ਮੇਰੀ ਪਤਨੀ ਦੋਵਾਂ ਕੋਲ ਭਾਰਤੀ ਪਾਸਪੋਰਟ ਹੈ।’ ਜਿੰਸੀ ਮੈਥਿਊ ਨੇ ਕਿਹਾ, ‘ਅਸੀਂ ਅਜਿਹੀ ਸਥਿਤੀ ’ਚ ਹਾਂ ਜਦੋਂ ਅਸੀਂ ਸਫ਼ਰ ਨਹੀਂ ਕਰ ਸਕਦੇ ਕਿਉਂਕਿ ਮੇਰਾ ਬੱਚਾ ਛੇ ਮਹੀਨੇ ਦਾ ਹੈ ਤੇ ਉਸ ਕੋਲ ਭਾਰਤੀ ਵੀਜ਼ਾ ਜਾਂ ਓਸੀਆਈ ਕਾਰਡ ਨਹੀਂ ਹੈ। ਸਾਡੇ ਕੋਲ ਭਾਰਤ ਜਾਣ ਠੋਸ ਕਾਰਨ ਹੈ ਪਰ ਬੱਚੇ ਨੂੰ ਅਮਰੀਕਾ ’ਚ ਛੱਡ ਕੇ ਅਸੀਂ ਨਹੀਂ ਜਾ ਸਕਦੇ। ਅਸੀਂ ਇੱਥੇ ਬਿਨਾਂ ਭੋਜਨ ਤੇ ਪੈਸੇ ਤੋਂ ਫਸੇ ਹੋਏ ਹਾਂ। ਕਿਰਪਾ ਕਰਕੇ ਮੇਰੇ ਬੱਚੇ ਨੂੰ ਐਮਰਜੈਂਸੀ ਵੀਜ਼ਾ ਦਿਵਾਉਣ ’ਚ ਮਦਦ ਕਰੋ।’

ਇਨ੍ਹਾਂ ਦੀ ਤਰ੍ਹਾਂ ਅਜਿਹੇ ਹੋਰ ਕਈ ਭਾਰਤੀ ਹਨ ਜਿਨ੍ਹਾਂ ਦੇ ਵੀਜ਼ਿਆਂ ਦੀ ਮਿਆਦ ਮੁੱਕਣ ਵਾਲੀ ਹੈ। ਉਨ੍ਹਾਂ ਆਪਣੇ ਅਮਰੀਕਾ ’ਚ ਜਨਮੇ ਬੱਚਿਆਂ ਨੂੰ ਭਾਰਤ ਆਉਣ ਦੇਣ ਦੀ ਇਜਾਜ਼ਤ ਮੰਗੀ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਕਰੋਨਾ ਕਾਰਨ ਵਿਦੇਸ਼ਾਂ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਪਿਛਲੇ ਮਹੀਨੇ ‘ਵੰਦੇ ਭਾਰਤ ਮੁਹਿੰਮ’ ਸ਼ੁਰੂ ਕੀਤੀ ਸੀ ਜਿਸ ਤਹਿਤ ਹੁਣ ਤੱਕ 1.07 ਲੱਖ ਤੋਂ ਵੱਧ ਭਾਰਤੀ ਵਤਨ ਵਰਤ ਚੁੱਕੇ ਹਨ।

Previous article‘ਸਾਕਾ ਨੀਲਾ ਤਾਰਾ’ ’ਚ ਥੈਚਰ ਸਰਕਾਰ ਦੀ ਭੂਮਿਕਾ ਦੀ ਜਾਂਚ ਹੋਵੇ: ਢੇਸੀ
Next articleImran rejects option of imposing another lockdown