ਬੰਗਾਲ ਚੋਣਾਂ: ਭਾਜਪਾ ਤੇ ਤ੍ਰਿਣਮੂਲ ਕਾਂਗਰਸ ਵਰਕਰਾਂ ’ਚ ਝੜਪ, 5 ਦੀ ਮੌਤ; 76.16 ਫੀਸਦੀ ਵੋਟਾਂ ਪਈਆਂ

ਕੂਚ ਬਿਹਾਰ (ਪੱਛਮੀ ਬੰਗਾਲ) (ਸਮਾਜ ਵੀਕਲੀ) : ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਦੇ ਸੀਤਲਕੁਚੀ ਵਿਚ ਅੱਜ ਵੋਟਾਂ ਮੌਕੇ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਵਰਕਰਾਂ ਦੀ ਝੜਪ ਹੋ ਗਈ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਵਲੋਂ ਕਥਿਤ ਗੋਲੀਆਂ ਚਲਾਉਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਤ੍ਰਿਣਮੂਲ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਮਰਨ ਵਾਲੇ ਸਾਰੇ ਟੀਐਮਸੀ ਦੇ ਵਰਕਰ ਸਨ ਤੇ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ (ਸੀਆਈਐਸਐਫ) ਨੇ ਬਿਨਾਂ ਕਿਸੇ ਕਾਰਨ ਟੀਐਮਸੀ ਵਰਕਰਾਂ ’ਤੇ ਖੁੱਲ੍ਹੇਆਮ ਗੋਲੀਆਂ ਚਲਾਈਆਂ। ਇਸ ਤੋਂ ਪਹਿਲਾਂ ਜੋੜਾਪਟਕੀ ਦੇ ਬੂਥ ਨੰਬਰ 126 ਵਿਚ ਵੋਟਾਂ ਪੈ ਰਹੀਆਂ ਸਨ ਕਿ ਕੁਝ ਜਣੇ ਚੋਣ ਬੂਥ ਤੋਂ 18 ਸਾਲਾ ਨੌਜਵਾਨ ਨੂੰ ਧੂਹ ਕੇ ਬਾਹਰ ਲੈ ਆਏ ਤੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।

ਤ੍ਰਿਣਮੂਲ ਕਾਂਗਰਸ ਵਰਕਰਾਂ ਨੇ ਹੱਤਿਆ ਲਈ ਭਾਜਪਾ ਨੂੰ ਦੋਸ਼ੀ ਠਹਿਰਾਇਆ ਹੈ ਜਦਕਿ ਭਾਜਪਾ ਨੇ ਦੋਸ਼ ਲਾਇਆ ਕਿ ਇਹ ਵਿਅਕਤੀ ਚੋਣ ਬੂਥ ਅੰਦਰ ਤਾਇਨਾਤ ਸੀ ਕਿ ਉਸ ਨੂੰ ਤ੍ਰਿਣਮੂਲ ਕਾਂਗਰਸ ਵਰਕਰਾਂ ਨੇ ਬਾਹਰ ਲਿਜਾ ਕੇ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਦੋਹਾਂ ਧਿਰਾਂ ਵਿਚ ਝੜਪ ਸ਼ੁਰੂ ਹੋ ਗਈ ਤੇ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ਦੀਆਂ ਬੰਦੂਕਾਂ ਖੋਹਣੀਆਂ ਸ਼ੁਰੂ ਕਰ ਦਿੱਤੀਆਂ ਤੇ ਸੁਰੱਖਿਆ ਬਲਾਂ ਨੇ ਹਾਲਾਤ ’ਤੇ ਕਾਬੂ ਪਾਉਣ ਲਈ ਗੋਲੀਆਂ ਚਲਾਈਆਂ ਜਿਸ ਕਾਰਨ ਕੁੱਲ ਚਾਰ ਜਣਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ ਨਿਯਮਾਂ ਤਹਿਤ ਹਾਵੜਾ ਦੀਆਂ ਨੌਂ, ਸਾਊਥ 24 ਪਰਗਣਾ ਦੀਆਂ 11, ਅਲੀਪੁਰਦੁਆਰ ਦੀਆਂ ਪੰਜ, ਕੂਚ ਬੀਹਾਰ ਦੀਆਂ 9 ਤੇ ਹੁਗਲੀ ਦੀਆਂ 10 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਬੰਗਾਲ ਵਿੱਚ ਸ਼ਾਮ ਪੰਜ ਵਜੇ ਤਕ 76.16 ਫੀਸਦੀ ਵੋਟਾਂ ਪਈਆਂ।

Previous articleਕਰੋਨਾ ਟੀਕਿਆਂ ਦੀ ਘਾਟ ਕਾਰਨ 60 ਦੇਸ਼ਾਂ ’ਚ ਰੁਕ ਸਕਦਾ ਹੈ ਟੀਕਾਕਰਨ
Next articleਮਮਤਾ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਤੋਂ ਇਨਕਾਰ