ਬੰਗਲਾਦੇਸ਼ ਦੇ ਭਾਰਤ ਅਤੇ ਚੀਨ ਨਾਲ ਸਬੰਧਾਂ ਦੀ ਤੁਲਨਾ ਨਾ ਹੋਵੇ: ਮੋਮਨ

ਢਾਕਾ (ਸਮਾਜ ਵੀਕਲੀ) : ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ ਕੇ ਅਬਦੁੱਲ ਮੋਮਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਭਾਰਤ ਅਤੇ ਚੀਨ ਨਾਲ ਸਬੰਧਾਂ ਦੀ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਵੱਖੋ ਵੱਖਰੇ ਪਰਿਪੇਖ ’ਚ ਹਨ। ਉਨ੍ਹਾਂ ਬੰਗਲਾਦੇਸ਼ ਦੇ ਭਾਰਤ ਨਾਲ ਸਬੰਧਾਂ ਨੂੰ ‘ਇਤਿਹਾਸਕ’ ਅਤੇ ‘ਮਜ਼ਬੂਤ’ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ’ਚ ਕੋਈ ਵੀ ਅੜਿੱਕਾ ਨਹੀਂ ਪਾ ਸਕਦਾ।

ਮੋਮਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਹ ਭਾਰਤ ਨਾਲ ਲਗਦੀ ਸਰਹੱਦ ’ਤੇ ਪੱਛਮੀ ਮੇਹਰਪੁਰ ’ਚ ਯਾਦਗਾਰੀ ਕੰਪਲੈਕਸ ’ਤੇ ਗਏ ਜਿਥੇ ਉਨ੍ਹਾਂ 1971 ਦੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨਾਲ ਖੂਨ ਦੇ ਰਿਸ਼ਤੇ ਹਨ ਜਦਕਿ ਚੀਨ ਨਾਲ ਆਰਥਿਕ ਮੁੱਦਿਆਂ ’ਤੇ ਸਬੰਧ ਬਣੇ ਹਨ। ਉਨ੍ਹਾਂ ਕਿਹਾ,‘‘ਸਾਡੀ ਜਿੱਤ ਭਾਰਤ ਦੀ ਜਿੱਤ ਹੈ। ਸਾਡਾ ਵਿਕਾਸ, ਭਾਰਤ ਦਾ ਵਿਕਾਸ ਹੈ ਅਤੇ ਦੋਵਾਂ ਦੇ ਸਬੰਧਾਂ ’ਚ ਕੋਈ ਵਿਘਨ ਨਹੀਂ ਪਾ ਸਕਦਾ ਹੈ।’’

ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਵਰ੍ਹੇ ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਦੋਵੇਂ ਮੁਲਕ ਸਾਂਝੇ ਤੌਰ ’ਤੇ ਮਨਾਉਣਗੇ। ਉਨ੍ਹਾਂ ਕਿਹਾ ਕਿ ਕੁਝ ਮੁੱਦਿਆਂ ’ਤੇ ਵਖਰੇਵੇਂ ਹਨ ਪਰ ਉਨ੍ਹਾਂ ਨੂੰ ਛੇਤੀ ਸੁਲਝਾ ਲਿਆ ਜਾਵੇਗਾ। ਉਨ੍ਹਾਂ ਭਾਰਤ ਅਤੇ ਚੀਨ ਵਿਚਕਾਰ ਚੱਲ ਰਹੇ ਤਣਾਅ ’ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਸਿਰਦਰਦੀ ਦੋਵੇਂ ਮੁਲਕਾਂ ਦੀ ਹੈ, ਬੰਗਲਾਦੇਸ਼ ਦਾ ਇਸ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।

Previous article‘ਕਰੋ ਜਾਂ ਮਰੋ’ ਨੂੰ ਨਵੇਂ ਅਰਥ ਦੇਣੇ ਹੋਣਗੇ: ਰਾਹੁਲ
Next articleਰੂਸ ਬਿਡੇਨ ਅਤੇ ਚੀਨ ਟਰੰਪ ਵਿਰੋਧੀ