ਬੈਰੂਤ ਧਮਾਕੇ ਿਵੱਚ 100 ਮੌਤਾਂ, 4 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ

ਬੈਰੂਤ (ਸਮਾਜ ਵੀਕਲੀ) : ਲਿਬਨਾਨ ਦੀ ਰਾਜਧਾਨੀ ਬੈਰੂਤ ਵਿਚ ਮੰਗਲਵਾਰ ਸ਼ਾਮ ਨੂੰ ਹੋਏ ਜ਼ਬਰਦਸਤ ਧਮਾਕੇ ਨਾਲ ਸ਼ਹਿਰ ਦੀ ਬੰਦਰਗਾਹ ਦੇ ਵੱਡੇ ਹਿੱਸੇ ਅਤੇ ਕਈ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਧਮਾਕੇ ਕਰਕੇ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਤੇ 4000 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

ਧਮਾਕਾ ਐਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਈ ਮੀਲਾਂ ਤਕ ਸੁਣੀ ਗਈ ਤੇ ਕਈ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤਿੜਕ ਗਏ ਤੇ ਲਿਬਨਾਨੀ ਰਾਜਧਾਨੀ ਦੀ ਜ਼ਮੀਨ ਕੰਬ ਉੱਠੀ। ਅਧਿਕਾਰੀਆਂ ਮੁਤਾਬਕ ਮੌਤਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਐਮਰਜੈਂਸੀ ਕਾਮਿਆਂ ਵੱਲੋਂ ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਆਰਥਿਕ ਮੰਦੀ, ਖਾਨਾਜੰਗੀ ਤੇ ਕਰੋਨਾ ਮਹਾਮਾਰੀ ਨਾਲ ਜੂਝ ਰਹੇ ਬੈਰੂਤ ਲਈ ਪਿਛਲੇ ਕਈ ਸਾਲਾਂ ’ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਧਮਾਕਾ ਹੈ।

ਰਾਸ਼ਟਰਪਤੀ ਮਿਸ਼ੇਲ ਓਨ ਨੇ ਕਿਹਾ ਕਿ ਬੰਦਰਗਾਹ ਨੇੜੇ ਇਕ ਗੁਦਾਮ (ਜਿਸ ਥਾਂ ’ਤੇ ਧਮਾਕਾ ਹੋਇਆ) ਵਿੱਚ ਫਰਟੀਲਾਈਜ਼ਰਜ਼ ਤੇ ਬੰਬਾਂ ਵਿੱਚ ਇਸਤੇਮਾਲ ਹੁੰਦਾ 2750 ਟਨ ਦੇ ਕਰੀਬ ਐਮੋਨੀਅਮ ਨਾਈਟਰੇਟ ਪਿਛਲੇ ਛੇ ਸਾਲਾਂ ਤੋਂ ਬਿਨਾਂ ਕਿਸੇ ਸੁਰੱਖਿਆ ਮਾਪਦੰਡਾਂ ਦੇ ਭੰਡਾਰ ਕੀਤਾ ਹੋਇਆ ਸੀ। ਰਾਸ਼ਟਰਪਤੀ ਨੇ ਕਿਹਾ ਕਿ ਅਜਿਹੀ ਕਿਸੇ ਵੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲਿਬਨਾਨੀ ਸਦਰ ਨੇ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਸੱਦ ਕੇ ਦੋ ਹਫ਼ਤਿਆਂ ਦੀ ਐਮਰਜੈਂਸੀ ਐਲਾਨ ਦਿੱਤੀ ਹੈ।

ਇਸ ਤੋਂ ਪਹਿਲਾਂ ਬੈਰੂਤ ਦੇ ਲੋਕ ਅੱਜ ਸਵੇਰੇ ਉੱਠੇ ਤਾਂ ਸੜਕਾਂ ’ਤੇ ਮਲਬਿਆਂ ਦਾ ਢੇਰ ਲੱਗਾ ਸੀ ਤੇ ਬੰਦਰਗਾਹ ਤੋਂ ਧੂੰਆਂ ਉੱਠ ਰਿਹਾ ਸੀ। ਵਾਹਨ ਵੱਡੇ ਪੱਧਰ ’ਤੇ ਨੁਕਸਾਨੇ ਗਏ ਤੇ ਇਮਾਰਤਾਂ ਦੇ ਪਰਖੱਚੇ ਉੱਡ ਗਏ। ਬੈਰੂਤ ਨੇ 1975 ਤੋਂ 1990 ਦਰਮਿਆਨ ਖਾਨਾਜੰਗੀ ਦੀ ਮਾਰ ਝੱਲੀ ਹੈ ਤੇ ਲਿਬਨਾਨੀ ਰਾਜਧਾਨੀ ਵਿੱਚ ਹੋਇਆ ਹੁਣ ਤਕ ਦਾ ਸਭ ਤੋਂ ਵੱਡਾ ਧਮਾਕਾ ਹੈ।

ਇਸ ਦੌਰਾਨ ਗ੍ਰਹਿ ਮੰਤਰੀ ਮੁਹੰਮਦ ਫਾਹਿਮੀ ਨੇ ਇਕ ਮੁਕਾਮੀ ਟੈਲੀਵਿਜ਼ਨ ਸਟੇਸ਼ਨ ਨਾਲ ਗੱਲ ਕਰਦਿਆਂ ਕਿਹਾ ਕਿ ਧਮਾਕੇ ਦਾ ਕਾਰਨ ਗੁਦਾਮ ਵਿੱਚ ਪਏ 2700 ਟਨ ਐਮੋਨੀਅਮ ਨਾਈਟਰੇਟ ਨੂੰ ਚਿੰਗਾਰੀ ਲੱਗਣਾ ਹੈ। ਫਾਹਿਮੀ ਨੇ ਕਿਹਾ ਕਿ ਐਮੋਨੀਅਮ ਨਾਈਟਰੇਟ ਸਾਲ 2014 ਵਿੱਚ ਇਕ ਕਾਰਗੋ ਬੇੜੇ ਤੋਂ ਫੜਿਆ ਗਿਆ ਸੀ ਤੇ ਉਦੋਂ ਤੋਂ ਗੋਦੀ ਦੇ ਗੁਦਾਮ ਵਿੱਚ ਹੀ ਪਿਆ ਸੀ।

Previous articleਸਾਦੀਆ ਦੇਹਲਵੀ ਦਾ ਇੰਤਕ਼ਾਲ; ਦਿੱਲੀ ਵਿੱਚ ਸਪੁਰਦ-ਏ-ਖ਼ਾਕ
Next articleਗਰੀਨ ਕਾਰਡ ’ਤੇ ਰੋਕ ਖ਼ਤਮ ਕਰਾਂਗੇ: ਡੈਮੋਕਰੈਟਿਕ ਪਾਰਟੀ