ਬੈਡਮਿੰਟਨ: ਕਸ਼ਯਪ ਤੇ ਸੌਰਭ ਕੈਨੇਡਾ ਓਪਨ ਦੇ ਆਖ਼ਰੀ 16 ਵਿੱਚ ਪਹੁੰਚੇ

ਰਾਸ਼ਟਰਮੰਡਲ ਖੇਡਾਂ ਦਾ ਸਾਬਕਾ ਚੈਂਪੀਅਨ ਪੀ ਕਸ਼ਯਪ ਅਤੇ ਮੌਜੂਦਾ ਕੌਮੀ ਚੈਂਪੀਅਨ ਸੌਰਭ ਵਰਮਾ ਨੇ ਇੱਥੇ 75,000 ਡਾਲਰ ਇਨਾਮੀ ਰਾਸ਼ੀ ਵਾਲੇ ਕੈਨੇਡਾ ਓਪਨ ਸੁਪਰ 100 ਟੂਰਨਾਮੈਂਟ ਦੇ ਪ੍ਰੀ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ, ਜਿਸ ਨਾਲ ਭਾਰਤ ਲਈ ਦਿਨ ਮਿਲੇ-ਜੁਲੇ ਨਤੀਜਿਆਂ ਵਾਲਾ ਰਿਹਾ।
ਛੇਵਾਂ ਦਰਜਾ ਪ੍ਰਾਪਤ ਕਸ਼ਯਪ ਨੇ ਫਰਾਂਸ ਦੇ ਲੂਕਾਜ਼ ਕੌਰਵੀ ਨੂੰ 21-12, 21-17 ਨਾਲ ਹਰਾਇਆ ਜਦੋਂਕਿ ਸੌਰਭ ਨੇ ਇਕ ਹੋਰ ਪੁਰਸ਼ ਸਿੰਗਲਜ਼ ਮੈਚ ਵਿੱਚ ਕੈਨੇਡਾ ਦੇ ਬੀ.ਆਰ. ਸੰਕੀਰਥ ਨੂੰ 21-14, 21-11 ਨਾਲ ਹਰਾ ਦਿੱਤਾ। ਕਸ਼ਯਪ ਦਾ ਸਾਹਮਣਾ ਹੁਣ ਚੀਨ ਦੇ ਰੈਨ ਪੈਂਗ ਬੋ ਨਾ ਨਾਲ ਹੋਵੇਗਾ ਜਦੋਂਕਿ 26 ਸਾਲਾ ਸੌਰਭ ਦਾ ਮੁਕਾਬਲਾ ਚੀਨ ਦੇ ਇਕ ਹੋਰ ਖਿਡਾਰੀ ਸੁਨ ਫੀ ਜ਼ਿਆਂਗ ਨਾਲ ਹੋਵੇਗਾ। ਉੱਥੇ ਹੀ ਹੋਰ ਭਾਰਤੀਆਂ ’ਚੋਂ ਅਜੈ ਜੈਰਾਮ, ਐੱਚਐੱਚ ਪ੍ਰਣਯ ਅਤੇ ਲਕਸ਼ੈ ਸੈਨ ਆਪੋ-ਆਪਣੇ ਮੈਚਾਂ ਵਿੱਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਜੈਰਾਮ ਨੂੰ 2010 ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਗ਼ਮਾ ਜੇਤੂ ਰਾਜੀਵ ਔਸੇਫ ਨੇ 19-21, 17-21 ਨਾਲ ਮਾਤ ਦਿੱਤੀ। ਤੀਜਾ ਦਰਜਾ ਪ੍ਰਣਯ ਜਪਾਨ ਦੇ ਕੋਕੀ ਵਾਤਾਨਬੇ ਦੀ ਚੁਣੌਤੀ ਦਾ ਸਾਹਮਣਾ ਨਹੀਂ ਕਰ ਸਕਿਆ ਅਤੇ 34 ਮਿੰਟਾਂ ਵਿੱਚ 16-21, 10-21 ਤੋਂ ਹਾਰ ਗਿਆ। ਲਕਸ਼ੈ ਚੀਨ ਦੇ ਵੈਂਗ ਹੌਂਗ ਯਾਂਗ ਤੋਂ 7-21, 13-21 ਤੋਂ ਹਾਰਿਆ।

Previous articleਸਲਮਾਨ ਖ਼ਾਨ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ
Next articleਭਾਰਤੀ ਕਿਸਾਨ ਯੂਨੀਅਨ ਨੇ ਜੋਗਾ ਥਾਣਾ ਘੇਰਿਆ