ਬੇ-ਚੈਨ ਜ਼ਿੰਦਗ਼ੀ ਦਾ ਸਫ਼ਰ

ਬਲਜਿੰਦਰ ਸਿੰਘ "ਬਾਲੀ ਰੇਤਗੜੂ"
(ਸਮਾਜ ਵੀਕਲੀ)
ਆਦਿ ਮਨੁੱਖ ਨੂੰ ਕੁਦਰਤ ਨੇ ਸਹਿਜ ,ਆਰਾਮ-ਪ੍ਸਤ ਅਤੇ  ਆਲਸੀ ਜੀਵ ਬਣਾਇਆ ਹੈ। ਮਨੁੱਖ ਆਪਣੇ ਆਪ  ਵਿੱਚ ਪੂਰਣ ਸੀ । ਹਰ ਮਾਨਵ ਆਪਣੇ ਆਪ ਆਤਮ ਨਿਰਭਰ ।ਪੇਟ ਭਰ ਖਾਣ ਤੋਂ ਬਾਅਦ ਆਰਾਮ ਕਰਨਾ ਤੇ ਸੁਸਤਾਉਣਾ ਇਸ ਦੇ ਮਨ ਦੀ ਮੌਜ ਰਹੀ ਹੈ। ਆਪਣੇ ਮਨ ਦੀ ਤਿਰਪਤੀ ਤੇ ਕੁਦਰਤੀ ਸਰੀਰਕ ਵਾਸ਼ਨਾਵਾਂ ਵਿੱਚ ਹੀ ਰੁਝਿਆ ਆਦਿ ਮਾਨਵ ਸਕੂਨ ਵਿੱਚ ਸੀ।
ਸਮੇਂ ਦੇ ਗਿੜਦੇ ਪਹੀਏ ਦੇ ਨਾਲ ਨਾਲ ਮਨੁੱਖ ਦੇ ਦਿਮਾਗ ਦਾ ਵਿਕ਼ਾਸ ਹੁੰਦਾ ਗਿਆ। ਉਸ ਦੀ ਸੂਝ ਸਿਆਣਪ ਨੇ ਕਾਇਨਾਤ ਦੇ ਵਿਚੋਂ ਆਪਣੇ ਹੁਨਰ ਤੇ ਕਲਾ ਦੇ ਨਾਲ ਆਪਣੀ ਦੁਨੀਆ ਸਿਰਜਣੀ ਸੁਰੂ ਕਰ ਦਿੱਤੀ । ਇਹ ਸਫ਼ਰ ਨਿਰੰਤਰ ਚੱਲਦਾ ਆ ਰਿਹਾ  ਹੈ। ਕਾਦਰ ਦਾ ਇਕ ਸਿਰਜਿਆ ਖਿਡੌਣਾ ਖੁਦ ਕਾਦਰ ਬਣ ਬੈਠਿਆ ਹੈ। ਉਸ ਨੇ ਕੁਦਰਤ ਨੂੰ ਅਨਭੋਲ਼ ਬੱਚੇ ਦੀ ਤਰਾਂ ਆਪਣੇ ਹੱਥਾਂ ‘ਚ ਲੈ ਕੇ ਤੋੜਨ ਮਰੋੜਨ ਦੀ ਜਿੱਦ ਕਰ ਰੱਖੀ ਹੈ।ਉਹ ਜ਼ਹਿਰ ਤੇ ਅੱਗ ਦੀ ਸਮਝ ਤੋਂ ਬਿਲਕੁਲ ਕੋਰਾ ਹੈ।
ਅੱਜ ਦਾ ਮਨੁੱਖ ਕਾਲੇ ਕੋਬਰੇ ਦੀ ਪੂਛ ਮਰੋੜ ਰਿਹਾ ਹੈ। ਕੁਦਰਤ ਦੀ ਗੋਦ  ‘ਚ ਪਲੇ ਮਨੁੱਖ ਨੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕੰਕਰੀਟ, ਸੰਗਮਰਮਰ ਤੇ ਸ਼ੀਸ਼ੇ ਦੀਆਂ ਇਮਾਰਤਾਂ ‘ਚ ਕੈਦ ਕਰ ਲਿਆਂ ਹੈ। ਪਹੁ ਫੁਟਦੇ ਸੂਰਜ ਦਾ ਅਨੰਦ ਗੂਗਲ ਤੋਂ ਤਸਵੀਰਾਂ  ਲੱਭ ਕੇ ਲੈਂਦਾ ਹੈ। ਪੰਛੀਆਂ ਦੀ ਅੰਮ੍ਰਿਤ ਵੇਲੇ ਦੀ ਚਹਿਕ, ਮੁਰਗੇ ਦੀ ਬਾਂਗ ਉਸ ਦੇ ਨਸੀਬ ਵਿੱਚ ਸ਼ਾਇਦ ਨਹੀਂ ਹੈ । ਨਾ ਹੀ ਠੰਡੀਆਂ ਸ਼ੀਤ ਮਹਿਕਦੀਆਂ ਹਵਾਵਾਂ ਦਾ ਸਪੱਰਸ਼ ਇਸ ਦੇ ਤਨ ਨੂੰ ਗਵਾਰਾ ਹੈ।
ਪੁੰਨਿਆ ਦੇ ਚੰਨ ਤੇ ਹਨੇਰੀ ਰਾਤ ਦੇ ਡਰ ਇਸ ਨੇ ਅਨੁਭਵ ਹੀ ਨਹੀਂ ਕੀਤੇ। ਜਿਵੇਂ ਗੋਦ ਚ ਦੁੱਧ ਚੁੰਘਦਾ ਬਾਲ ਉਸ ਦੀ ਮਾਂ ਅਤੇ ਮਮਤਾ ਤੋਂ ਧੂਹ ਕੇ ਵਿਛੋੜੇ ਦਿੱਤਾ ਹੋਵੇ। ਮਿੱਟੀ ਤੋਂ ਬਣਿਆ ਮਿੱਟੀ ਦਾ ਪੁਤਲਾ ਹੀ ਮਿੱਟੀ ਆਪਣੇ ਤਨ ਤੇ ਨਹੀਂ ਲੱਗਣ ਦੇ ਰਿਹਾ। ਉਸ ਨੂੰ ਮਿੱਟੀ ਤੋਂ , ਧੂੜ ਤੋਂ ਅਲਰਜ਼ੀ ਹੈ। ਇਸ ਨੂੰ ਕੁਦਰਤੀ ਖਾਦ ਪਦਾਰਥਾਂ ਤੋਂ ਅਲਰਜ਼ੀ ਹੈ। ਬਚਪਨ ਦੇ ਵਿੱਚ ਹੀ ਬੱਚਿਆਂ ਦੇ ਨਜ਼ਰ ਵਾਲੀਆਂ ਐਨਕਾਂ ਲਗਵਾਉਣੀਆਂ ਪੈ ਰਹੀਆਂ ਹਨ। ਪੀਣ ਵਾਲਾ ਪਾਣੀ ਵੀ ਪੁਣ ਪੁਣ ਕੇ ਪੀਂਦਾ ਹੈ।
ਕਾਰਖਾਨਿਆਂ ਦੁਆਰਾ ਤਿਆਰ ਕੀਤਾ ਪਲਾਸਟਿਕ ਬੋਤਲਾਂ ‘ਚ ਬੰਦ ਕੀਤਾ ਪਾਣੀ ਬੜੇ ਫ਼ਕਰ ਨਾਲ ਫ਼ੁਕਰੇ ਹੋ ਹੋ ਪੀਂਦੇ ਹਾਂ। ਆਪਣੇ ਤਨ ਦਾ ਮੁੜਕਾ ਵੀ ਬਾਹਰ ਨਹੀਂ ਨਿਕਲਣ ਦੇ ਰਹੇ। ਗਰਮੀ ਦੇ ਦਿਨਾਂ ‘”ਚ ਬੰਦ ਕਮਰਿਆਂ ”ਚ ਏ ਸੀ ਚਲਾ ਕੇ ਅੰਦਰ ਹੀ ਗੁਪਤਵਾਸ ਦੀ ਤਰੵਂ ਬੈਠਦੇ ਸੌਂਦੇ ਹਾਂ। ਸਰਦੀਆਂ ” ਚ ਕਾਰਾਂ ‘ਚ ਵੀ ਗਰਮ ਹਵਾ ਤੇ ਕਮਰਿਆਂ ‘ਚ ਵੀ ਹੀਟਰ ਲਾ ਕੇ ਤਾਪਮਾਨ ਬਦਲਦੇ ਹਾਂ। ਜੀਵਨ ਨੇੰ ਇਹੋ ਜਿਹੀਆਂ ਆਦਤਾਂ ਦਾ ਸ਼ਿਕਰਾ ਬਣੇ ਕੇ ਅਸੀਂ ਆਪ ਅਤੇ ਆਪਣੀ ਪੀੜ੍ਹੀ ਨੂੰ ਕਿੱਧਰ ਲੈ ਕੇ ਜਾਹ ਰਹੇ ਹਾਂ।
ਇਹ ਸੁੱਖ ਸਹੂਲਤਾਂ ਹੀ ਸਾਡੇ ਨਰੋਏ ਕੁਦਰਤੀ ਸਰੀਰਾਂ ਲਈ ਆਫ਼ਤਾਂ ਬਣ ਚੁੱਕੀਆਂ ਨੇ।ਮਨੁੱਖ  ਆਪਣੇ ਮੱਕੜ ਜਾਲ ਵਿੱਚ ਦਿਨੋ ਦਿਨ ਆਪੇ ਦੱਸਦਾ ਜਾ ਰਿਹਾ  ਹੈ। ਉਸ ਦੀਆਂ ਕੁਦਰਤੀ ਲੋੜਾਂ ਤਾ ਕੁਦਰਤ ਹੀ ਪੂਰੀਆਂ ਕਰ ਰਹੀ ਸੀ ਤੇ ਕਰ ਰਹੀ ਹੈ।ਮਨੁੱਖ ਦੀਆਂ ਇਛਾਵਾਂ ਹੀ ਬੇ ਹੱਦ ਵੱਧ ਗਈਆਂ ਹਨ। ਉਸ ਦੀ ਕਲਪਨਾ ਦੀ ਦੁਨੀਆ ਵੱਖਰੀ ਹੈ ਅਤੇ ਜ਼ਿੰਦਗ਼ੀ ਦਾ ਯਥਾਰਥ ਕੁੱਝ ਹੋਰ ਹੈ। ਇਹ ਇਛਾਵਾਂ ਹੀ ਮਨੁੱਖ ਦੀ ਬੇਚੈਨੀ ਦਾ ਮੁੱਖ ਕਾਰਣ ਹਨ। ਮਨੁੱਖ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਚੁੱਕਿਐ।
ਇਹ ਇਛਾਵਾਂ ਦੀ ਘੋੜ ਦੌੜ ਨਾ ਮੁੱਕਣ ਵਾਲੀ ਦੌੜ ਹੈ।ਇਸ ਦੌੜ ‘ਚ ਦੌੜਨ ਵਾਲਾ ਹਰ ਪ੍ਰਾਣੀ ਨੈਤਿਕ ਕਦਰਾਂ ਕੀਮਤਾਂ ਨੂੰ ਛਿੱਕੇ ਤੇ ਟੰਗਦਾ ਟੰਗਦਾ ਖੁਦ ਆਪ ਵੀ ਟੰਗਿਆ ਜਾ ਰਿਹਾ ਹੈ। ਇਛਾਵਾਂ ਦੀ ਪੂਰਤੀ ਲਈ ਅਥਾਹ ਧਨ ਦੌਲਤ ਦੀ ਲੋੜ ਪੈਂਦੀ ਹੋ। ਇਸ ਧਨ ਦੀ ਪੁਪਤੀ ਲਈ ਮਨੁੱਖ ਆਪਣਾ ਜ਼ਮੀਰ ਆਪਣਾ ਤਨ ਵੀ ਵੇਚ ਜਾਂਦਾ ਹੈ।ਰਿਸ਼ਵਤ, ਬੇਈਮਾਨੀ, ਮਿਲਾਵਟਖੋਰੀ, ਨਸ਼ਿਆਂ ਦੀ ਖਰੀਦ ਫਰੋਖਤ , ਬਲੈਕ, ਵੈਸਵਾਗਮਨੀ, ਚੋਰੀ -ਡਕੈਤੀ, ਗ਼ੈਰ ਕਾਨੂੰਨੀ ਧੰਦੇ ਆਦਿ ਕਰਦਾ ਕਰਦਾ ਆਦਮੀ ਆਪਣੇ ਆਪ  ‘ਚ ਭ੍ਸ਼ਿਟ ਹੋ ਜਾਂਦਾ ਹੈ।ਪਰ ਮਾਨਸਿਕ ਚੈਨ ਉਸ ਨੂੰ ਨਸੀਬ ਨਹੀਂ ਹੁੰਦੀ।
ਖਾਹਿਸ਼ਾਂ ਦੀ ਪੂਰਤੀ  ਦੀ ਪਿਛੇ ਭੱਜਦਾ ਮਨੁੱਖ ਆਪਣਿਆਂ ਦਾ ਧਿਆਨ ਹੀ ਵਿਸਾਰ ਜਾਂਦੈ। ਰਿਸ਼ਤਿਆਂ ‘ਚ ਕੜਵਾਹਟ ਦਾ ਦੌਰ ਸ਼ੁਰੂ ਹੋ ਜਾਂਦੈ।ਮਨ ਦੀ ਬੇਚੈਨੀ ਕਦੇਂ ਮੈਂ ਦਾ ਰੂਪ ਧਾਰਨ ਕਰਦੀ ਹੈ। ਦੂਸਰਿਆਂ ਦਾ ਨਿਰਾਦਰ ਕਰਦੀ ਹੈ। ਸ਼ੱਕ ‘ਚ ਨਿਗਾਹਾਂ ਬਦਲ ਜਾਂਦੀਆਂ ਨੇ, ਵਿਵਹਾਰ ਬੱਦਲ ਜਾਂਦੈ। ਤੂੰ- ਤੂੰ, ਮੈਂਅ- ਮੈਂਅ ਦੀਆਂ ਅਵਾਜ਼ਾਂ ਘਰੋਂ ਬਾਹਰ ਨਿਕਲਣ ਲੱਗ ਪੈਂਦੀਆਂ ਨੇ, ਮਾਰ ਕੁਟਾਈ,  ਸਾੜਾ, ਈਰਖਾ, ਦਵੈਸ਼ ਦੇ ਭੂਤ ਆਪਣੀ- ਆਪਣੀ ਰਾਸ ਲੀਲਾ ਕਰਦੇ ਹਨ।
ਰਿਸ਼ਤਿਆਂ ਦੀ ਕੜਵਾਹਟ ਸ਼ੀਸ਼ੇ ‘ਚ ਪਈ ਤਰੇੜ ਹੈ। ਮਨੁੱਖ ਬੈ-ਚੈਨ ਹੋਇਆ ਇਹਨਾਂ ਲਾਲਸਾਵਾਂ ਤੋਂ ਤੰਗ ਦਿਸ਼ਾਹੀਣ ਹੋ ਫਿਰ ਕੁਦਰਤ ਦੀ ਬੁੱਕਲ਼ ਵੱਲ ਆਪਣਾ ਮੂੰਹ ਕਰਦੈ।ਉਦਾਸੀਨ ਹੋਇਆ ਆਪਣੀ ਜ਼ਿੰਦਗ਼ੀ ਦੇ ਸਫ਼ਰ ਨੂੰ ਆਪਣੀ ਹੀ ਇੱਛਾ ਨਾਲ਼ ਵਿਸ਼ਰਾਮ ਦੇਣੇ ਚਾਹੁੰਦੇ ।
ਸਭ ਕੁੱਝ ਹਾਸਿਲ ਕਰ ਕੇ, ਸਭ ਕੁੱਝ ਪਾ ਕੇ ਮਨੁੱਖ ਇਛਾਵਾਂ ਦੇ ਅੱਗੇ  ਲਾਚਾਰ ਹੋ ਜਾਂਦੈ, ਬੇ-ਵਸ ਹੋ ਆਪਣੇ ਹਥਿਆਰ ਸੁੱਟ ਖੜਦੈ। ਜਿੱਤ ਕੇ ਵੀ ਹਾਰਿਆ ਮਨੁੱਖ ਆਪਣੇ ਸਫ਼ਰ ਦੌਰਾਨ ਸਮਾਜਿਕ, ਰਾਜਨੀਤਿਕ, ਆਰਥਿਕ ਕਦਰਾਂ ਕੀਮਤਾਂ ਦਾ ਘਾਣ ਕਰਨ ਜਾਂਦੈ।ਆਪ ਆਪਣੀ ਜ਼ਿੰਦਗ਼ੀ ਵਿੱਚ ਬੇ-ਚੈਨ ਰਹਿੰਦੈ ਤੇ ਆਸ ਪਾਸ ਦੇ ਲੋਕਾਂ ਨੂੰ ਵੀ ਕਰੀਂ ਰੱਖਦੈ। ਇਹ ਸਫ਼ਰ ਨਿਰੰਤਰ ਪੀੜੀ ਦਰ ਪੀੜੀ ਚੱਲਦੈ।
ਬਲਜਿੰਦਰ ਸਿੰਘ “ਬਾਲੀ ਰੇਤਗੜੵ”
94651-29168
Previous articleਅਸਲ ਦਸਵੰਧ
Next articleCorona death toll surges past 50K, India’s tally crosses 26L