ਬੇਲਗਾਮ ਕਰੋਨਾ: ਮੁਹਾਲੀ ਜ਼ਿਲ੍ਹੇ ਵਿੱਚ ਸੱਤ ਕੇਸ ਹੋਰ ਮਿਲੇ

ਐਸ.ਏ.ਐਸ. ਨਗਰ (ਮੁਹਾਲੀ) (ਸਮਾਜਵੀਕਲੀ)ਪੰਜਾਬ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੇ ਮਾਮਲੇ ਵਿੱਚ ਜ਼ਿਲ੍ਹਾ ਮੁਹਾਲੀ ਸਭ ਤੋਂ ਅੱਗੇ ਹੈ। ਹੁਣ ਤੱਕ ਮੁਹਾਲੀ ਜ਼ਿਲ੍ਹੇ ਵਿੱਚ 26 ਕਰੋਨਾ ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ ਵਿੱਚੋਂ ਤਿੰਨ ਔਰਤਾਂ ਸਮੇਤ ਚਾਰ ਪੀੜਤ ਮਰੀਜ਼ ਠੀਕ ਹੋ ਚੁੱਕੇ ਹਨ।

ਇਸ ਸਮੇਂ 21 ਮਰੀਜ਼ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਹਨ ਜਦੋਂਕਿ ਮਰੀਜ਼ ਓਮ ਪ੍ਰਕਾਸ਼ ਵਾਸੀ ਨਵਾਂ ਗਾਉਂ ਦੀ ਮੌਤ ਹੋ ਚੁੱਕੀ ਹੈ। ਪਿੰਡ ਜਵਾਹਰਪੁਰ (ਡੇਰਾਬੱਸੀ) ਵਿੱਚ ਅੱਜ ਸੱਤ ਨਵੇਂ ਕੇਸ ਮਿਲੇ ਹਨ ਜਿਨ੍ਹਾਂ ਵਿੱਚ ਸਰਪੰਚ ਗੁਰਵਿੰਦਰ ਸਿੰਘ (42), ਉਸ ਦੀ ਪਤਨੀ ਕਮਲਜੀਤ ਕੌਰ (39), ਕੁਲਵਿੰਦਰ ਕੌਰ (61), ਸੀਮਾ ਦੇਵੀ (35), ਰਮਨਪ੍ਰੀਤ ਕੌਰ (19), ਦਮਨਜੀਤ ਸਿੰਘ (16) ਅਤੇ ਅਰਸ਼ਦੀਪ ਸਿੰਘ (12) ਸ਼ਾਮਲ ਹਨ। ਇਹ ਸਾਰੇ ਪੀੜਤ ਸ਼ਰੀਕੇ ’ਚੋਂ ਚਾਚੇ-ਤਾਏ ਦਾ ਟੱਬਰ ਹੈ।

ਇਸੇ ਪਿੰਡ ਦਾ ਪੀੜਤ ਮਲਕੀਤ ਸਿੰਘ (42) ਪਹਿਲਾਂ ਹੀ ਸੈਕਟਰ-32 ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਬੀਤੇ ਕੱਲ੍ਹ ਉਸ ਦੀ ਪਤਨੀ ਹਰਵਿੰਦਰ ਕੌਰ (33), ਪਿਤਾ ਭਾਗ ਸਿੰਘ (67) ਅਤੇ ਛੋਟਾ ਭਰਾ ਕੁਲਵਿੰਦਰ ਸਿੰਘ (38) ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਐੱਸਐੱਸਪੀ ਕੁਲਦੀਪ ਸਿੰਘ ਚਾਹਲ, ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਸਮੇਤ ਹੋਰਨਾਂ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ। ਪ੍ਰਸ਼ਾਸਨ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਸਰਵੇ ਕਰ ਰਹੀਆਂ ਹਨ ਅਤੇ ਲੋਕਾਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ।

ਇਸੇ ਦੌਰਾਨ ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੇ ਵਸਨੀਕ ਗੁਲਜ਼ਾਰ ਅਲੀ ਉਰਫ਼ ਖਾਨ ਤੋਂ ਬਾਅਦ ਉਸ ਦਾ ਬੇਟਾ ਅਜ਼ੀਜ਼ ਅਲੀ ਵੀ ਕਰੋਨਾ ਦੀ ਲਪੇਟ ਵਿੱਚ ਆ ਚੁੱਕਾ ਹੈ। ਇਸੇ ਤਰ੍ਹਾਂ ਸੈਕਟਰ-69 ਵਾਸੀ ਆਰਤੀ ਸ਼ਰਮਾ (36), ਫੇਜ਼-5 ਦੀ ਰੰਜਨਾ ਦੇਵੀ, ਕਪਿਲ ਸ਼ਰਮਾ (55) ਵਾਸੀ ਜਗਤਪੁਰਾ, ਫੇਜ਼-9 ਦੀ ਵਸਨੀਕ ਜਗਦੀਸ਼ ਕੌਰ (76), ਉਸ ਦੀ ਦੋਹਤੀ ਏਕਮਵੀਰ ਕੌਰ (11), ਰਜ਼ਾਕ ਮੁਹੰਮਦ ਉਰਫ਼ ਰਾਜੂ ਵਾਸੀ ਮੌਲੀ ਬੈਦਵਾਨ, ਸੈਕਟਰ-91 ਦੀ ਵਸਨੀਕ ਮਹਿੰਦਰ ਕੌਰ (80), ਮਨਜੀਤ ਕੌਰ (55), ਪਿੰਡ ਜਵਾਹਰਪੁਰ (ਡੇਰਾਬੱਸੀ) ਦਾ ਮਲਕੀਤ ਸਿੰਘ (42), ਉਸ ਦੀ ਪਤਨੀ ਹਰਵਿੰਦਰ ਕੌਰ (33), ਪਿਤਾ ਭਾਗ ਸਿੰਘ (67) ਅਤੇ ਛੋਟਾ ਭਰਾ ਕੁਲਵਿੰਦਰ ਸਿੰਘ (38) ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।

ਡਾਕਟਰਾਂ ਅਨੁਸਾਰ ਇਨ੍ਹਾਂ ਸਾਰਿਆਂ ਦੀ ਹਾਲਤ ਬਿਲਕੁਲ ਠੀਕ ਹੈ। ਫੇਜ਼-5 ਦੀ ਪੀਜੀ ਮਾਲਕਣ ਕੁਲਵੰਤ ਕੌਰ (80), ਫੇਜ਼-3ਏ ਦੀ ਗੁਰਦੇਵ ਕੌਰ (69) ਅਤੇ ਉਸ ਦੀ ਵੱਡੀ ਰੇਸ਼ਮ ਕੌਰ (74) ਅਤੇ ਸੈਕਟਰ-69 ਅਮਨਦੀਪ ਸਿੰਘ (42) ਠੀਕ ਹੋ ਕੇ ਵਾਪਸ ਆਪਣੇ ਘਰ ਪਰਤ ਚੁੱਕੇ ਹਨ।

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿ ਕਿ ਨਵੇਂ ਸੱਤ ਮਾਮਲਿਆਂ ਵਿੱਚ ਪੰਚ ਮਲਕੀਤ ਸਿੰਘ ਪਹਿਲਾਂ ਹੀ ਕਰੋਨਾ ਪੀੜਤ ਹੈ। ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 522 ਘਰਾਂ ਦਾ ਸਰਵੇ ਕਰਕੇ ਕਰੀਬ 2500 ਵਿਅਕਤੀਆਂ ਦੀ ਸਿਹਤ ਦੀ ਜਾਂਚ ਕੀਤੀ। ਇਸ ਦੌਰਾਨ 118 ਸ਼ੱਕੀ ਵਿਅਕਤੀਆਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿੱਚ ਚਾਰ ਸੈਂਪਲ ਡੇਰਾਬੱਸੀ ਦੇ ਸ਼ਕਤੀਨਗਰ ਤੋਂ ਲਏ ਹਨ। ਇਹ ਚਾਰ ਸੈਂਪਲ ਸਰਪੰਚ ਗੁਰਵਿੰਦਰ ਸਿੰਘ ਦੇ ਨਜ਼ਦੀਕੀਆਂ ਦੇ ਹਨ।

Previous articleਪੰਜਾਬ ਸਰਕਾਰ ਵੱਲੋਂ ਕੋਰੋਨਾ ਸੰਕਟ ਦੌਰਾਨ ਫੀਸਾਂ ਮੰਗਣ ਵਾਲੇ 22 ਸਕੂਲਾਂ ਵਿਰੁੱਧ ਕਾਰਵਾਈ
Next articleਕੋਵਿਡ-19 ਦੇ ਨਾਲ ਨਾਲ ਮਲੇਰੀਆ ਤੋਂ ਵੀ ਰੱਖੋ ਬਚਾਅ