ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਕੀਤਾ ਮੋਤੀ ਮਹਿਲ ਵੱਲ ਮਾਰਚ, ਕਾਲੇ ਝੰਡੇ ਲਹਿਰਾਏ

ਪਟਿਆਲਾ (ਸਮਾਜ ਵੀਕਲੀ) – ਸਿਹਤ ਵਿਭਾਗ ਪੰਜਾਬ ਵੱਲੋਂ ਕੱਢੀਆਂ ਮਲਟੀ ਪਰਪਜ਼ ਹੈਲਥ ਪੁਰਸ਼ ਦੀਆਂ ਮਾਮੂਲੀ ਆਸਾਮੀਆਂ ਅਤੇ ਉਮਰ ਹੱਦ ਵਿੱਚ ਛੋਟ ਨਾ ਦਿੱਤੇ ਜਾਣ ਦੇ ਰੋਸ ਵਜੋਂ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਸੂਬਾ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਸਥਾਨਕ ਬਾਰਾਂ ਦਰੀ ਗਾਰਡਨ ਅੱਗੇ ਇਕੱਠੇ ਹੋਣ ਮਗਰੋ ਅਚਾਨਕ ਮੋਤੀ ਮਹਿਲ ਨੂੰ ਮਾਰਚ ਕਰ ਦਿੱਤਾ।

ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਝੰਡਾ ਲਹਿਰਾਉਣ ਮੌਕੇ ਕਾਲੇ ਝੰਡੇ ਵਿਖਾਉਣ ਦੇ ਕੀਤੇ ਐਲਾਨ ਨਾਲ ਪੁਲਿਸ ਪ੍ਰਸ਼ਾਸਨ ਦੀ ਜਾਨ ਮੁੱਠੀ ਵਿੱਚ ਆਈ ਹੋਈ ਸੀ। ਪਰ ਸਭ ਕੁਝ ਸ਼ਾਂਤਮਈ ਨਿਪਟਣ ਮਗਰੋ ਜਿਓਂ ਹੀ ਸੁਖ ਦਾ ਸਾਹ ਆਇਆ ਤਾਂ ਦੂਜੇ ਪਾਸੇ ਬੇਰੁਜ਼ਗਾਰਾਂ ਵੱਲੋ ਅਚਾਨਕ ਆਰੰਭ ਕੀਤੇ ਮਾਰਚ ਨੇ ਭਾਜੜ ਪਾ ਦਿੱਤੀ।

ਇਸ ਤੋਂ ਪਹਿਲਾਂ ਕੇ ਪੁਲਿਸ ਮੁੜ ਬੈਰੀਕੈਡ ਲਗਾਉਂਦੀ ਬੇਰੁਜ਼ਗਾਰ ਕਾਲੇ ਝੰਡੇ ਲਹਿਰਾਉਂਦੇ ਤੇਜ਼ੀ ਨਾਲ ਵਾਈ ਪੀ ਐੱਸ ਚੌਂਕ ਵਿੱਚ ਜਾ ਬੈਠੇ। ਜਿੱਥੇ ਲੰਬਾ ਸਮਾਂ ਸਰਕਾਰ ਖਿਲਾਫ ਨਾਹਰੇਬਾਜੀ ਕਰਦੇ ਰਹੇ।

ਬੇਰੁਜ਼ਗਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਯੂਨੀਅਨ ਦੀ ਚਿਰੋਕਣੀ ਮੰਗ ਮਗਰੋਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿੱਚ ਹੈਲਥ ਵਰਕਰ ਪੁਰਸ਼ ਦੀਆਂ ਮਾਮੂਲੀ 200 ਪੋਸਟਾਂ  ਲਈ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਰਾਹੀਂ ਲਿਖਤੀ ਪ੍ਰੀਖਿਆ ਲੈਣ ਦਾ ਇਸ਼ਤਿਹਾਰ ਬਿਨਾਂ ਉਮਰ ਹੱਦ ਛੋਟ ਜਾਰੀ ਕੀਤਾ  ਹੈ।

ਜਿਸ ਤੋਂ ਭਟਕੇ ਬੇਰੁਜ਼ਗਾਰਾਂ ਨੇ 10 ਅਗਸਤ ਤੋ ਆਪਣੇ ਬਨੇਰਿਆਂ ਉੱਤੇ ਕਾਲੇ ਝੰਡੇ ਲਹਿਰਾ ਰੱਖੇ ਹਨ ਅਤੇ ਇਥੇ ਝੰਡਾ ਲਹਿਰਾਉਣ ਆ ਰਹੇ ਸਿਹਤ ਮੰਤਰੀ ਬਲਵੀਰ  ਸਿੰਘ ਸਿੱਧੂ ਨੂੰ ਕਾਲ਼ੇ ਝੰਡੇ ਵਿਖਾਉਣ  ਦਾ ਫ਼ੈਸਲਾ ਕੀਤਾ ਸੀ।ਪ੍ਰੰਤੂ ਪੁਲਿਸ ਦੇ ਸਖਤ ਪ੍ਰਬੰਧਾਂ ਕਾਰਨ ਇਹ ਰੋਸ ਨਹੀਂ ਹੋ ਸਕਿਆ।ਪ੍ਰਸ਼ਾਸਨ ਨੇ ਬੇਰੁਜ਼ਗਾਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਬੱਸਾਂ ਦਾ ਪ੍ਰਬੰਧ ਵੀ ਫੌਰੀ ਕੀਤਾ ਅਤੇ ਤਹਸੀਲਦਾਰ ਨੂੰ  ਮੰਗ ਪੱਤਰ ਸੌਂਪ ਕੇ   ਚਲੇ ਜਾਣ ਦਾ ਦਬਾਅ ਬਣਾਉਣ ਦੀ ਅਸਫਲ ਕੋਸਿਸ਼ ਕੀਤੀ।

ਪਰ ਬੇਰੁਜ਼ਗਾਰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਲਿਖਤੀ ਪੈਨਲ ਮੀਟਿੰਗ ਦਿੱਤੇ ਜਾਣ ਉੱਤੇ ਬਜ਼ਿੱਦ ਰਹੇ।ਆਖਿਰ ਜਿਉਂ ਹੀ ਬੇਰੁਜ਼ਗਾਰਾਂ ਨੇ ਪੁਲਿਸ ਰੋਕਾਂ ਪਾਰ ਕਰਕੇ ਮੋਤੀ ਮਹਿਲ ਵੱਲ ਵਧਣਾ ਸ਼ੁਰੂ ਕੀਤਾ ਤਾਂ ਪ੍ਰਸ਼ਾਸਨ ਵੱਲੋ ਲਿਖ਼ਤੀ ਮੀਟਿੰਗ ਦਾ ਪੱਤਰ ਸੌਪਣ ਦਾ ਭਰੋਸਾ ਦਿੱਤਾ।ਆਖਿਰ ਤਹਿਸੀਲਦਾਰ ਵੱਲੋ ਲਿਖਤੀ ਪੱਤ੍ਰਕਾ ਦਿੱਤੀ ਜਿਸ ਵਿੱਚ 17 ਅਗਸਤ ਨੂੰ ਡਿਪਟੀ ਕਮਿਸ਼ਨਰ ਰਾਹੀਂ ਸਿਹਤ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਨਿਸਚਿਤ ਕਰਵਾਈ  ਜਾਵੇਗੀ।

ਯੂਨੀਅਨ ਆਗੂ ਦਰਸ਼ਨ ਸਿੰਘ ਮਾਹੋਰਾਨਾ ਨੇ ਕਿਹਾ ਕਿ ਸਿਰਫ 200 ਪੋਸਟਾਂ ਕੱਢੀਆਂ ਗਈਆਂ ਹਨ ਅਤੇ ਇਹਦੇ ਵਿਚ  ਵੀ ਆਮ ਜਨਰਲ ਸ੍ਰੇਣੀ ਲਈ ਕੁੱਲ 26, ਅਨੂਸੂਚਿਤ ਜਾਤੀਆਂ ਮਜ੍ਹਬੀ ਅਤੇ ਬਾਲਮੀਕੀਆਂ ਲਈ 7,ਰਮਦਾਸੀਆ ਅਤੇ ਹੋਰ ਅਨੂਸੂਚਿਤ ਜਾਤਾਂ ਲਈ 7 ਅਤੇ ਪੱਛੜੀਆਂ ਸ੍ਰੇਣੀਆਂ ਲਈ 7 , ਆਸਾਮੀਆਂ ਦਿੱਤੀਆਂ ਹਨ।
ਜਦਕਿ ਆਮ ਜਨਰਲ ਸ੍ਰੇਣੀ ਦੇ 2000 ਅਤੇ ਬਾਕੀ ਸ੍ਰੇਣੀਆਂ ਦੇ 1500 ਕਰੀਬ ਬੇਰੁਜ਼ਗਾਰ ਹਨ।

ਯੂਨੀਅਨ ਆਗੂ ਸੁਖਦੇਵ ਸਿੰਘ ਜਲਾਲਾਬਦ ਨੇ ਦੱਸਿਆ ਕਿ ਜੇਕਰ ਪੈਨਲ ਮੀਟਿੰਗ ਨਾ ਕਰਵਾਈ ਗਈ ਤਾਂ 21 ਅਗਸਤ ਨੂੰ ਮੁੜ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।

ਇਸ ਮੌਕੇ ਜਸਪਾਲ ਸਿੰਘ,ਅਮਰੀਕ ਸਿੰਘ ਬਠਿੰਡਾ,ਪ੍ਰੇਮਜੀਤ ਪੱਪੂ ਬਲਿਆਂਵਾਲੀ,ਪੰਜਾ ਸਿੰਘ, ਅਮਨ ਸਿੰਘ ਬਾਜੇਕੇ, ਹਰਵਿੰਦਰ ਸਿੰਘ ਥੂਹੀ,ਜਗਦੀਪ ਸਿੰਘ ਮੋਹਾਲੀ,ਨਿਰਮਲ ਸਿੰਘ ਡੇਰਾ ਬਾਬਾ ਨਾਨਕ,ਰਵਿੰਦਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ,ਅੰਮ੍ਰਿਤਪਾਲ ਸਿੰਘ ਮਾਨਸਾ, ਕਰਮਜੀਤ ਸਿੰਘ ਬਰਨਾਲਾ,ਗੁਰਪਰੀਤ ਸਿੰਘ ਫਤਹਿਗੜ ਸਾਹਿਬ,ਕੁਲਵਿੰਦਰ ਸਿੰਘ ਕੁਰਾਲੀ,ਸ਼ਵਿੰਦਰ ਸਿੰਘ ਅਤੇ ਹਰਬੰਸ ਲਾਲ ਫ਼ਰੀਦਕੋਟ,ਅਮਰਜੀਤ ਸਿੰਘ ਰਾਜੂ ਸੁਖਨਾ ਮੁਕਤਸਰ,ਪਰਮਜੀਤ ਸਿੰਘ ਫਿਰੋਜ਼ਪੁਰ,ਸਵਰਨ ਸਿੰਘ ਫਾਜਲਿਕਾ,ਬੱਗਾ ਸਫਰੀ ਅਜ਼ਨਾਲਾ ਆਦਿ ਵੀ ਹਾਜ਼ਰ ਸਨ।

Previous articleਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸਕੱਤਰ ਗੁਰਿੰਦਰ ਸੋਢੀ ਨੇ ਆਜ਼ਾਦੀ ਦਿਹਾੜੇ ਮੌਕੇ ਜੁਗਨੀ ਕਲੱਬ ਦੀ ਸਾਈਕਲ ਰੈਲੀ ਨੂੰ ਦਿੱਤੀ ਹਰੀ ਝੰਡੀ
Next articleਸ਼ਹੀਦ ਕੁਲਵਿੰਦਰ ਸਿੰਘ ਯਾਦਗਾਰੀ ਮਾਰਗ ਅਤੇ ਗੇਟ ਦਾ ਨੀਂਹ ਪੱਥਰ ਰਾਣਾ ਕੇ.ਪੀ ਸਿੰਘ ਰੱਖਣਗੇ