ਬੇਰੁਜ਼ਗਾਰੀ ਵਧਣ ਤੇ ਆਮਦਨ ਘਟਣ ’ਤੇ ਨੌਜਵਾਨਾਂ ਦਾ ਗੁੱਸਾ ਫੁੱਟੇਗਾ: ਚਿਦੰਬਰਮ

ਨਵੀਂ ਦਿੱਲੀ -ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਅਰਥਚਾਰੇ ਦੀ ਮੌਜੂਦਾ ਹਾਲਤ ਲਈ ਮੋਦੀ ਸਰਕਾਰ ’ਤੇ ਹੱਲਾ ਬੋਲਦਿਆਂ ਅੱਜ ਕਿਹਾ ਕਿ ਜੇਕਰ ਇਸੇ ਰਫ਼ਤਾਰ ਨਾਲ ਬੇਰੁਜ਼ਗਾਰੀ ਵਧਦੀ ਰਹੀ ਤੇ ਆਮਦਨ ਘਟਦੀ ਗਈ, ਤਾਂ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਗੁੱਸਾ ਫੁੱਟ ਸਕਦਾ ਹੈ। ਚਿਦੰਬਰਮ ਨੇ ਕਿਹਾ ਕਿ ਪੂਰੇ ਮੁਲਕ ਵਿੱਚ ਸੀਏਏ ਤੇ ਐੱਨਪੀਆਰ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ, ਜੋ ਸਪਸ਼ਟ ਤੇ ਮੌਜੂਦਾ ਖ਼ਤਰੇ ਦੀ ਤਸਵੀਰ ਪੇਸ਼ ਕਰਦੇ ਹਨ। ਸਾਬਕਾ ਵਿੱਤ ਮੰਤਰੀ ਨੇ ਲੜੀਵਾਰ ਟਵੀਟ ਕਰਕੇ ਗਰਕਦੇ ਜਾ ਰਹੇ ਅਰਥਚਾਰੇ ’ਤੇ ਵੱਡੀ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਕਿ ਅਰਥਚਾਰੇ ’ਚ ਮੰਦੀ, ਮੁਲਕ ਨੂੰ ਦਰਪੇਸ਼ ਹੋਰਨਾਂ ਖ਼ਤਰਿਆਂ (ਸੀਏਏ ਤੇ ਐੱਨਪੀਆਰ) ਨਾਲੋਂ ਵੀ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ, ‘ਜੇਕਰ ਬੇਰੁਜ਼ਗਾਰੀ ਵਧਦੀ ਤੇ ਆਮਦਨ ਘਟਦੀ ਗਈ, ਤਾਂ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਗੁੱਸਾ ਫੁੱਟ ਸਕਦਾ ਹੈ।’ ਸ੍ਰੀ ਚਿਦੰਬਰਮ ਨੇ ਮੋਦੀ ਸਰਕਾਰ ਨੂੰ ਥੋਕ ਤੇ ਪ੍ਰਚੂਨ ਮਹਿੰਗਾਈ ਦਰ ਵਧਣ ਲਈ ਵੀ ਵੰਡਿਆ। ਉਨ੍ਹਾ ਕਿਹਾ, ‘ਅਯੋਗ ਪ੍ਰਬੰਧ ਦਾ ਚੱਕਰ ਪੂਰਾ ਹੋ ਗਿਆ ਹੈ। ਨਰਿੰਦਰ ਮੋਦੀ ਸਰਕਾਰ ਨੇ ਜੁਲਾਈ 2014 ਵਿੱਚ ਜਦੋਂ ਕੰਮ ਸ਼ੁਰੂ ਕੀਤਾ, ਉਦੋਂ ਖਪਤਕਾਰ ਮਹਿੰਗਾਈ ਸੂਚਕ ਅੰਕ (ਸੀਪੀਆਈ) 7.39 ਫੀਸਦ ਸੀ। ਦਸੰਬਰ 2019 ਵਿੱਚ ਇਹ ਅੰਕੜਾ 7.35 ਫੀਸਦ ਸੀ। ਖੁਰਾਕੀ ਮਹਿੰਗਾਈ 14.12 ਫੀਸਦ, ਸਬਜ਼ੀਆਂ 60 ਫੀਸਦ ਤਕ ਮਹਿੰਗੀਆਂ ਹਨ। ਪਿਆਜ਼ ਸੌ ਰੁਪਏ ਕਿਲੋ ਨੂੰ ਵਿਕ ਰਿਹਾ ਹੈ। ਇਹ ਭਾਜਪਾ ਵੱਲੋਂ ਕੀਤੇ ਵਾਅਦੇ ਵਾਲੇ ‘ਅੱਛੇ ਦਿਨ’ ਹਨ।’

Previous articleਜੰਮੂ ’ਚ ਬਹਾਲ ਨਹੀਂ ਹੋਈਆਂ ਇੰਟਰਨੈੱਟ ਸੇਵਾਵਾਂ
Next articleਭਾਰਤ ਲਾਂਭੇ ਹੋਣ ਦੀ ਥਾਂ ਫ਼ੈਸਲੇ ਲੈਣ ਦਾ ਹਾਮੀ: ਜੈਸ਼ੰਕਰ