ਬੇਈਮਾਨ ਮਾਲੀ

ਅਮਨ ਜੱਖਲਾਂ

(ਸਮਾਜ ਵੀਕਲੀ)

ਦੇਸ਼ ਦਾ ਹਾਕਮ ਸਭ ਹੱਦਾਂ ਟੱਪ ਚੁੱਕਾ ਹੈ ਜਿਸ ਦਾ ਅਸਰ ਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਸਾਫ਼ ਪਤਾ ਚੱਲਦਾ ਹੈ। ਜਿਨ੍ਹਾਂ ਬੁੱਧੀਜੀਵੀਆਂ ਨੇ ਆਪਣੀ ਸਾਰੀ ਜ਼ਿੰਦਗੀ ਸੱਤਾਧਾਰੀ ਪਾਰਟੀ ਨੂੰ ਸਮਰਪਿਤ ਕੀਤੀ, ਉਨ੍ਹਾਂ ਨੂੰ ਵੀ ਹੁਣ ਜਾ ਕੇ ਪਤਾ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਸਿਰਫ਼ ਝਾੜੂਆਂ ਦੀ ਤਰ੍ਹਾਂ ਵਰਤ ਕੇ, ਕਿਵੇਂ ਹਿੰਦੂਤਵ ਦਾ ਰਾਹ ਪੱਧਰਾ ਕੀਤਾ ਜਾਂਦਾ ਰਿਹਾ ਹੈ।ਸਾਬਕਾ ਵਿੱਤ ਮੰਤਰੀ ਯਸਵੰਤ ਸਿਨਹਾ ਵਰਗੇ ਬੁੱਧੀਜੀਵੀ ਜਿਨ੍ਹਾਂ ਨੇ ਲੰਮਾਂ ਸਮਾਂ ਸੱਤਾਧਾਰੀ ਪਾਰਟੀ ਨਾਲ ਬਿਤਾਇਆ, ਅੱਜ ਉਨ੍ਹਾਂ ਦਾ ਜਮੀਰ ਵੀ ਇਸ ਪਾਰਟੀ ਦਾ ਸਾਥ ਦੇਣ ਨੂੰ ਜਵਾਬ ਦੇ ਚੁੱਕਾ ਹੈ। ਕਿਸ ਚਤੁਰਾਈ ਨਾਲ ਸਾਡੇ ਮੁਸਲਿਮ ਭਰਾਵਾਂ ਨੂੰ ਅੱਤਵਾਦੀ ਕਰਾਰ ਦੇ ਕੇ ULFA ਵਰਗੇ ਸੰਗਠਨਾਂ ਨੂੰ ਅੱਖੋਂ ਉਹਲੇ ਕੀਤਾ ਜਾਂਦਾ ਰਿਹਾ ਹੈ।

ਧਾਰਮਿਕ ਕੱਟੜਪੰਥੀਆਂ ਦੁਆਰਾ ਨੈਤਿਕ ਕਦਰਾਂ ਕੀਮਤਾਂ ਦਾ ਕੀਤਾ ਜਾ ਰਿਹਾ ਘਾਣ ਦਿਲ ਦਹਿਲਾਉਣ ਵਾਲਾ ਹੈ। ਨਾਗਪੁਰ ਤੋਂ ਆ ਰਹੀ “ਅਖੰਡ ਭਾਰਤ” ਦੀ ਆਵਾਜ਼ ਧੱਕੇ ਨਾਲ ਲੋਕਾਂ ਦੇ ਕੰਨਾਂ ਵਿੱਚ ਠੂਸੀ ਜਾ ਰਹੀ ਹੈ ,ਜਿਸ ਦਾ ਪ੍ਰਧਾਨ ਮੋਹਨ ਭਾਗਵਤ ਕਹਿੰਦਾ ਹੈ ਕਿ “ਅਖੰਡ ਭਾਰਤ” ਹਿੰਦੂ ਧਰਮ ਦੇ ਉਭਾਰ ਨਾਲ ਹੀ ਸੰਭਵ ਹੈ।ਅੱਜ ਭੁੱਖੇ ਪੇਟ ਪੰਦਰਾਂ ਪੰਦਰਾਂ ਘੰਟੇ ਫੈਕਟਰੀਆਂ ਵਿੱਚ ਘੱਟਾ ਢੋ ਰਹੇ ਦੇਸ਼ ਦੇ ਮਜਦੂਰ, ਸਰਕਾਰ ਦੀਆਂ ਦੋਗਲੀਆਂ ਨੀਤੀਆਂ ਖਿਲਾਫ਼ ਲੜ ਰਹੇ ਕਿਸਾਨ, ਨਿੱਜੀਕਰਨ ਵਿਰੁੱਧ ਲੜ ਰਹੇ ਬੈਂਕ ਮੁਲਾਜਮ, ਸੜਕਾਂ ਤੇ ਡੰਡੇ ਖਾ ਰਹੀ ਅਧਿਆਪਕਾਂ ਦੀ ਭੀੜ ਨੂੰ ਦੇਖ ਕੇ, ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਦਾ ਹਾਲ ਚਾਲ ਪੁੱਛਣਾ ਵੀ ਬਣਦਾ ਹੈ ਜੋ ਪਹੀਆਂ ਵਾਲੀ ਕੁਰਸੀ ਤੇ ਬੈਠੀ ਕਹਿ ਰਹੀ ਹੈ ਕਿ “ਭਾਜਪਾ ਮੈਨੂੰ ਮਾਰਨ ਦੀ ਸਾਜ਼ਿਸ਼ ਘੜ ਰਹੀ ਹੈ”।

ਕਮਾਲ ਦੀ ਖੇਡ ਹੈ ਰਾਜਨੀਤੀ, ਜੋ ਵਿਰੋਧੀ ਧਿਰ ਦਾ ਇੱਕ ਮੁੱਖ ਮੰਤਰੀ ਸੱਤਾਧਾਰੀਆਂ ਤੇ ਮਾਰਨ ਦੇ ਦੋਸ਼ ਲਗਾ ਰਿਹਾ ਹੈ ਅਤੇ ਦੂਜਾ ਜਨਮਦਿਨ ਦੀਆਂ ਮੁਬਾਰਕਾਂ ਕੱਠੀਆਂ ਕਰਨ ਵਿੱਚ ਰੁਝਿਆ ਹੈ। ਰਾਹੁਲ ਗਾਂਧੀ ਦੁਆਰਾ ਆਸਾਮ ਚ ਸੀਏਏ ਲਾਗੂ ਨਾ ਹੋਣ ਦੇਣ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਦੁਆਰਾ ਲੋਕਾਂ ਨੂੰ ਕਰੋਨਾ ਦੇ ਦੋ ਟੀਕਿਆਂ ਬਾਰੇ ਭਰਮ ਨਾ ਪਾਲਣ ਲਈ ਕੀਤੀ ਗਈ ਬੇਨਤੀ ਨੂੰ ਸੁਣ ਕੇ, ਬਾਇਡਨ ਦੁਆਰਾ ਅਮਰੀਕਾ ਚ ਪਰਵਾਸੀਆਂ ਲਈ ਨਾਗਰਿਕਤਾ ਦਾ ਪੱਧਰਾ ਕੀਤਾ ਜਾ ਰਿਹਾ ਰਾਹ, ਬਿਲਕੁਲ ਜਾਇਜ਼ ਜਾਪਦਾ ਹੈ। ਗੁਜਰਾਤ ਦੰਗਿਆਂ ਦੌਰਾਨ ਮਾਰੇ ਗਏ ਸੰਸਦ ਮੈਂਬਰ ਅਹਿਸਨ ਜਾਫ਼ਰੀ ਦੀ ਪਤਨੀ ਜ਼ਕੀਆ ਜਾਫ਼ਰੀ ਨੇ ਜਿਸ ਆਧਾਰ ਤੇ “ਕਲੀਨ ਚਿੱਟ” ਮਾਮਲੇ ਖਿਲਾਫ਼ ਪਟੀਸ਼ਨ ਦਰਜ ਕਰਵਾਈ ਸੀ, ਉਸ ਆਧਾਰ ਵਿੱਚ ਲਿਪਟੇ 63 ਹੋਰਨਾਂ ਨੂੰ ਵੀ ਅੱਖੋਂ ਉਹਲੇ ਨਹੀਂ ਕੀਤਾ ਜਾਣਾ ਚਾਹੀਦਾ।

ਹਰ ਵਾਰ ਦੀ ਤਰ੍ਹਾਂ ਪਰਜਾ ਹੌਲੀ ਹੌਲੀ ਜਾਗ ਰਹੀ ਹੈ  ਅਤੇ ਮਸਾਲਾਂ ਲੈ ਕੇ ਘਰਾਂ ਤੋਂ ਨਿੱਕਲ ਚੁੱਕੀ ਹੈ। ਪਰਜਾ ਦੀਆਂ ਚੀਕਾਂ ਨੂੰ ਕੁੱਤਿਆਂ ਦਾ ਸ਼ੋਰ ਸਮਝ ਕੇ ਹਾਕਮ ਗੂੜੀ ਨੀਂਦ ਵਿੱਚ ਜਾ ਚੁੱਕਾ ਹੈ। ਜਦੋਂ ਦਿਨ ਚੜੇਗਾ ਉਸ ਸਮੇਂ ਤੱਕ ਹਾਕਮ ਉੱਠ ਖਲੋਵੇਗਾ ਅਤੇ ਪਰਜਾ ਸੌਣਾ ਸ਼ੁਰੂ ਕਰ ਦੇਵੇਗੀ। ਕਾਸ਼ ਇਸ ਵਾਰ ਪਰਜਾ ਪਹੁ ਫੁਟਾਲੇ ਤੋਂ ਪਹਿਲਾਂ ਪਹਿਲਾਂ ਹਾਕਮ ਨੂੰ ਦਬੋਚ ਲਵੇ ਅਤੇ ਚੜਦੇ ਸੂਰਜ ਨੂੰ ਆਪਣੇ ਅੱਖੀਂ ਦੇਖ ਲਵੇ ਤਾਂ ਮਾਨਵ ਇਤਿਹਾਸ ਵਿੱਚ ਇੱਕ ਨਵੀਂ ਕਰਾਂਤੀ ਵਾਪਰ ਜਾਵੇਗੀ ….

  ਅਮਨ ਜੱਖਲਾਂ

Previous articleਯਾਦਗਾਰੀ ਹੋ ਨਿਬੜਿਆ ਅੰਤਰ-ਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਪਿੰਡ ਪਪਰਾਲ਼ਾ ਵਿਖੇ ਕਰਵਾਇਆ ਇਨਕਲਾਬੀ ਸਮਾਗਮ
Next articleਪੱਥਰ ਦਿਲ