ਬੇਅਦਬੀ ਕਾਂਡ: ਸਿੱਖ ਜਥੇਬੰਦੀਆਂ ਵੱਲੋਂ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇਣ ਦਾ ਐਲਾਨ

ਜਲੰਧਰ- ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਮਾਮਲੇ ਵਿਚ ਇਨਸਾਫ਼ ਨਾ ਮਿਲਣ ’ਤੇ 35 ਸਿੱਖ ਜਥੇਬੰਦੀਆਂ ਦੇ ‘ਗੱਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼’ ਨੇ ਕਾਂਗਰਸ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਗੱਠਜੋੜ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਸੁਖਦੇਵ ਸਿੰਘ ਫਗਵਾੜਾ, ਪਰਮਪਾਲ ਸਿੰਘ ਸਭਰਾ, ਆਵਾਜ਼-ਏ-ਕੌਮ ਜਥੇਬੰਦੀ ਦੇ ਆਗੂ ਨੋਬਲਜੀਤ ਸਿੰਘ ਅਤੇ ਮਨਜੀਤ ਸਿੰਘ ਨੇ ਕਿਹਾ ਕਿ ਜਿਹੜੇ ਕੈਬਨਿਟ ਮੰਤਰੀਆਂ ਨੇ ਵਿਧਾਨ ਸਭਾ ’ਚ ਜਜ਼ਬਾਤੀ ਭਾਸ਼ਣ ਦੇ ਕੇ ਇਨਸਾਫ਼ ਦਾ ਭਰੋਸਾ ਦਿੱਤਾ ਸੀ, ਉਨ੍ਹਾਂ ਦੇ ਘਰਾਂ ਮੂਹਰੇ 51 ਮੈਂਬਰੀ ਨੌਜਵਾਨ ਜਥੇਬੰਦੀਆਂ ਦੇ ਨੁਮਾਇੰਦੇ ਧਰਨੇ ’ਤੇ ਬੈਠਣਗੇ ਤੇ ਉਨ੍ਹਾਂ ਨੂੰ ਵਾਅਦੇ ਯਾਦ ਕਰਵਾ ਕੇ ਜਵਾਬ ਮੰਗੇ ਜਾਣਗੇ। ਪਹਿਲਾ ਧਰਨਾ 8 ਦਸੰਬਰ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਅੱਗੇ ਲਾਇਆ ਜਾਵੇਗਾ, ਦੂਜਾ ਧਰਨਾ 15 ਦਸੰਬਰ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਤੀਸਰਾ 22 ਦਸੰਬਰ ਨੂੰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਮੂਹਰੇ ਦਿੱਤਾ ਜਾਵੇਗਾ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅਗਲੇ ਪੜਾਅ ’ਚ ਬਾਕੀ ਰਹਿੰਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਵੀ ਧਰਨੇ ਲਾਏ ਜਾਣਗੇ। ਇਨ੍ਹਾਂ ਵਿੱਚ ਮਨਪ੍ਰੀਤ ਸਿੰਘ ਬਾਦਲ, ਹਰਮਿੰਦਰ ਸਿੰਘ ਗਿੱਲ, ਰਮਨਜੀਤ ਸਿੰਘ ਸਿੱਕੀ, ਕਿੱਕੀ ਢਿੱਲੋਂ ਅਤੇ ਹੋਰ ਆਗੂ ਸ਼ਾਮਲ ਹਨ, ਜਿਨ੍ਹਾਂ ਦਾ ਐਲਾਨ ਅਗਲੇ ਪੜਾਅ ਵਿੱਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਮੁਖੀ ਤੇ ਪ੍ਰੇਮੀਆਂ ਨੂੰ ਬਰਗਾੜੀ ਅਤੇ ਮੌੜ ਬੰਬ ਧਮਾਕੇ ਮਾਮਲਿਆਂ ’ਚੋਂ ਕਥਿਤ ਬਚਾਉਣਾ ਚਾਹੁੰਦੇ ਹਨ ਅਤੇ ਇਹੀ ਕੰਮ ਤਤਕਾਲੀ ਅਕਾਲੀ ਦਲ ਭਾਜਪਾ ਗੱਠਜੋੜ ਸਰਕਾਰ ਨੇ ਕੀਤਾ ਸੀ। ਉਨ੍ਹਾਂ ਆਖਿਆ ਕਿ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਮਾਮਲਿਆਂ ਵਿੱਚ ਸਿੱਖ ਕੌਮ ਆਪਣੇ ਵੱਡੇ ਇਕੱਠ ਅਤੇ ਸਰਬੱਤ ਖਾਲਸਾ ਤੇ ਬਰਗਾੜੀ ਮੋਰਚੇ ਦੇ ਰੂਪ ਵਿੱਚ ਪਹਿਲਾਂ ਹੀ ਦਿਖਾ ਚੁੱਕੀ ਹੈ। ਇਸ ਲਈ ਉਹ ਇਸ ਸੰਘਰਸ਼ ਨੂੰ ਵੱਖਰੇ ਰੂਪ ਵਿਚ ਸ਼ੁਰੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਬੇਅਦਬੀ ਕਾਂਡ ’ਚ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਇਸ ਲਈ ਕੈਬਨਿਟ ਮੰਤਰੀਆਂ ਦੇ ਬੂਹੇ ਖੜਕਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ ਉਕਤ ਮੰਤਰੀਆਂ ਨੇ ਵਿਧਾਨ ਸਭਾ ’ਚ ਜਜ਼ਬਾਤੀ ਭਾਸ਼ਣ ਦੇ ਕੇ ਬੇਅਦਬੀ ਮਾਮਲੇ ’ਚ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਸੀ। ਜਾਣਕਾਰੀ ਅਨੁਸਾਰ ਬੇਅਦਬੀ ਕਾਂਡ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਨੁਕਸਾਨ ਝੱਲਣਾ ਪਿਆ ਹੈ। ਇਸ ਮੌਕੇ ਅਮਰਜੀਤ ਸਿੰਘ ਸੁਰਸਿੰਘ, ਹਰਪ੍ਰੀਤ ਸਿੰਘ ਸੋਢੀ, ਨਵਜੋਧ ਸਿੰਘ, ਗੁਰਸਾਹਿਬ ਸਿੰਘ ਆਦਿ ਹਾਜ਼ਰ ਸਨ।

Previous articleਟੈਸਟ ਦਰਜਾਬੰਦੀ: ਕੋਹਲੀ ਦੀ ਮੁੜ ਬਾਦਸ਼ਾਹਤ ਕਾਇਮ
Next articleਕੌਮਾਂਤਰੀ ਕਬੱਡੀ: ਭਾਰਤ, ਇੰਗਲੈਂਡ ਅਤੇ ਕੈਨੇਡਾ ਵੱਲੋਂ ਜਿੱਤਾਂ ਦਰਜ