ਬੀਜ ਘੁਟਾਲਾ; ਡੀਜੀਪੀ ਪੰਜਾਬ ਵੱਲੋਂ ਐੱਸਆਈਟੀ ਦਾ ਗਠਨ, ਇਕ ਹੋਰ ਕਾਬੂ, 12 ਹੋਰ ਫਰਮਾਂ ਦੀ ਡੀਲਰਸ਼ਿਪ ਨੂੰ ਕੀਤਾ ਰੱਦ

ਲੁਧਿਆਣਾ (ਸਮਾਜਵੀਕਲੀ): ਲੁਧਿਆਣਾ ‘ਚ ਬੀਤੇ ਦਿਨੀਂ ਉਜਾਗਰ ਹੋਏ ਕਿਸਾਨਾਂ ਨੂੰ ਜਾਅਲੀ ਬੀਜ ਵੇਚਣ ਦੇ ਬੀਜ ਘਪਲਾ ਮਾਮਲੇ ਦੀ ਤਹਿ ਤਕ ਪਹੁੰਚਣ ਲਈ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਇਕ ਸੂਬਾ ਪੱਧਰੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ। ਇਸੇ ਦੌਰਾਨ ਹੀ ਇਸ ਘਪਲੇ ‘ਚ ਇਕ ਹੋਰ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਲੁਧਿਆਣਾ ‘ਚ ਅਣਅਧਿਕਾਰਤ ਤੌਰ ‘ਤੇ ਗੈਰ ਪ੍ਰਮਾਣਤ ਝੋਨੇ ਦਾ ਬੀਜ ਵੇਚਣ ਦੇ ਦੋਸ਼ ਹੇਠ 12 ਹੋਰ ਫਰਮਾਂ ਦੀਆਂ ਡੀਲਰਸ਼ਿਪ ਨੂੰ ਰੱਦ ਕਰ ਦਿੱਤਾ ਗਿਆ ਹੈ।

ਏਡੀਜੀਪੀ, ਪੰਜਾਬ ਬਿਓਰੋ ਆਫ ਇਨਵੈਸਟੀਗੇਸ਼ਨ (ਪੀਬੀਆਈ) ਤੇ ਰਾਜ ਅਪਰਾਧ ਰਿਕਾਰਡ ਬਿਓਰੋ (ਐੱਸਸੀਆਰਬੀ) ਨਰੇਸ਼ ਅਰੋੜਾ ਦੀ ਅਗਵਾਈ ਵਾਲੀ ਇਹ ਨਵੀਂ ਐੱਸਆਈਟੀ (ਸਿਟ) ਹੁਣ ਤਕ ਲੁਧਿਆਣਾ ਦੀ ਐੱਸਆਈਟੀ ਵੱਲੋਂ ਕੀਤੀ ਗਈ ਜਾਂਚ ਨੂੰ ਆਪਣੇ ਹੱਥਾਂ ਵਿਚ ਲਵੇਗੀ ਤੇ ਜਾਅਲੀ ਬੀਜਾਂ ਦੀ ਵਿਕਰੀ ਬਾਰੇ ਮੌਜੂਦਾ/ਭਵਿੱਖ ਦੀਆਂ ਸ਼ਿਕਾਇਤਾਂ ਸੰਬੰਧੀ ਵੀ ਜਾਂਚ ਕਰੇਗੀ।

ਡੀਜੀਪੀ ਦਿਨਕਰ ਗੁਪਤਾ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਕਿ ਐੱਸਆਈਟੀ ਨੂੰ ਛੇਤੀ ਤੋਂ ਛੇਤੀ ਜਾਂਚ ਮੁਕੰਮਲ ਕਰਨ ਲਈ ਕੰਮ ਸੌਂਪਿਆ ਗਿਆ ਹੈ ਤਾਂ ਜੋ ਛੇਤੀ ਤੋਂ ਛੇਤੀ ਸਾਰੇ ਦੋਸ਼ੀਆਂ ਦੀ ਪਛਾਣ ਕਰ ਕੇ ਗਿ੍ਫ਼ਤਾਰੀ ਨੂੰ ਯਕੀਨੀ ਬਣਾਇਆ ਜਾ ਸਕੇ। ਡੀਜੀਪੀ ਨੇ ਕਿਹਾ ਕਿ ਐੱਸਆਈਟੀ ਦੇ ਹੋਰ ਮੈਂਬਰਾਂ ਵਿਚ ਆਈਜੀਪੀ ਕ੍ਰਾਈਮ ਨਾਗੇਸਵਰ ਰਾਓ, ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ, ਸੰਯੁਕਤ ਡਾਇਰੈਕਟਰ ਖੇਤੀਬਾੜੀ ਸੁਖਦੇਵ ਸਿੰਘ ਤੇ ਡਿਪਟੀ ਕਮਿਸ਼ਨਰ ਪੁਲਿਸ (ਅਮਨ ਤੇ ਕਾਨੂੰਨ) ਲੁਧਿਆਣਾ ਅਸ਼ਵਨੀ ਕਪੂਰ ਸ਼ਾਮਲ ਹਨ। ਇਹ ਐੱਸਆਈਟੀ ਏਡੀਜੀਪੀ-ਕਮ-ਡਾਇਰੈਕਟਰ, ਬਿਓਰੋ ਆਫ ਇਨਵੈਸਟੀਗੇਸ਼ਨ ਪੰਜਾਬ ਦੀ ਨਿਗਰਾਨੀ ਹੇਠ ਕੰਮ ਕਰੇਗੀ।

ਬੀਜ ਘੁਟਾਲੇ ਲਈ ਗਠਿਤ ਐੱਸਆਈਟੀ ਵੱਲੋਂ ਕੀਤੀ ਗਈ ਗਿ੍ਫਤਾਰੀ ਦਾ ਵੇਰਵਾ ਦਿੰਦੇ ਹੋਏ ਡੀਜੀਪੀ ਨੇ ਦੱਸਿਆ ਕਿ ਬੀਜ ਕੰਟਰੋਲ ਆਰਡਰ ਕਾਨੂੰਨ ਦੀਆਂ ਧਾਰਾਵਾਂ ਤਹਿਤ ਮੁੱਖ ਖੇਤੀ ਅਫਸਰ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੋਇਆ ਹੈ। ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਬਲਜਿੰਦਰ ਸਿੰਘ ਉਰਫ ਬਾਲੀਆਂ ਪੁੱਤਰ ਭਗਤ ਸਿੰਘ ਵਾਸੀ ਭੂੰਦੜੀ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਬਲਜਿੰਦਰ ਦੀ ਗਿ੍ਫ਼ਤਾਰੀ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਦੀ ਗਿ੍ਫਤਾਰੀ ਤੋਂ ਬਾਅਦ ਹੋਈ, ਜਿਸ ਨੂੰ ਪਹਿਲਾਂ ਇਸ ਘਪਲੇ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਗਿ੍ਫਤਾਰ ਕੀਤਾ ਗਿਆ ਸੀ।

Previous articleਪੰਜਾਬ ‘ਚ 17 ਹੋਰ ਹੋਏ ਸਿਹਤਯਾਬ, ਦੋ ਦੀ ਮੌਤ, 37 ਪਾਜ਼ੇਟਿਵ
Next articleਪਿੰਡ ਨੰਗਲਾ ਦੇ ਦੋ ਨੌਜਵਾਨਾਂ ਦੀ ਕਰੰਟ ਲੱਗਣ ਨਾਲ ਮੌਤ