ਬੀਜ ਘਪਲਾ: ਸੱਪ ਲੰਘਣ ਮਗਰੋਂ ਲੀਹ ਕੁੱਟ ਰਿਹੈ ਖੇਤੀਬਾੜੀ ਵਿਭਾਗ

ਟੱਲੇਵਾਲ (ਸਮਾਜਵੀਕਲੀ): ਝੋਨੇ ਦੀਆਂ ਪੀਆਰ 128 ਅਤੇ ਪੀਆਰ 129 ਕਿਸਮਾਂ ਦੇ ਨਕਲੀ ਬੀਜ ਦੀ ਵਿਕਰੀ ਦੇ ਘਪਲੇ ਦੇ ਖ਼ੁਲਾਸੇ ਮਗਰੋਂ ਹਰਕਤ ਵਿਚ ਆਏ ਖੇਤੀ ਮਹਿਕਮੇ ਵੱਲੋਂ ਖਾਦ, ਬੀਜ ਅਤੇ ਦਵਾਈਆਂ ਦੀਆਂ ਦੁਕਾਨਾਂ ’ਤੇ ਛਾਪੇ ਮਾਰਨ ਦੀ ਕਵਾਇਦ ਨੂੰ ਸੱਪ ਲੰਘੇ ਤੋਂ ਲੀਹ ਕੁੱਟਣ ਦੇ ਬਰਾਬਰ ਹੀ ਕਿਹਾ ਜਾ ਸਕਦਾ ਹੈ।

ਹੁਣ ਤਕ ਪਨੀਰੀ ਹਰੀ ਹੋ ਕੇ ਲਗਾਉਣ ਯੋਗ ਵੀ ਹੋ ਚੁੱਕੀ ਹੈ। ਇਸ ਵਾਸਤੇ ਬੀਜ ਦੀ ਜਿੰਨੀ ਖ਼ਰੀਦ ਹੋਣੀ ਸੀ, ਮੁਕੰਮਲ ਹੋ ਚੁੱਕੀ ਹੈ।
ਮਹਿੰਗੇ ਭਾਅ ਬੀਜ ਖਰੀਦਣ ਕਰ ਕੇ ਕਿਸਾਨਾਂ ਦਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੈ। ਹੁਣ ਸਰਕਾਰ ਅਤੇ ਖੇਤੀਬਾੜੀ ਮਹਿਕਮਾ ਸੱਚੇ ਹੋਣ ਲਈ ਬੀਜਾਂ ਦੀਆਂ ਦੁਕਾਨਾਂ ’ਤੇ ਛਾਪੇ ਮਾਰ ਕੇ ਅੱਖਾਂ ’ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਮਾਲਵਾ ਖੇਤਰ ਦੇ ਬਹੁਗਿਣਤੀ ਕਿਸਾਨ ਖੇਤੀਬਾੜੀ ਵਿਭਾਗ ਵੱਲੋਂ ਸਿਫ਼ਾਰਸ਼ ਕੀਤੀਆਂ ਜਾਂਦੀਆਂ ਪੀਆਰ 121, ਪੀਆਰ 122, ਪੀਆਰ 123, ਪੀਆਰ 124, ਪੀਆਰ 126, ਪੀਆਰ 127 ਝੋਨੇ ਦੇ ਬੀਜ ਦੀਆਂ ਕਿਸਮਾਂ ਨੂੰ ਨਕਾਰ ਚੁੱਕੇ ਹਨ। ਕਿਸਾਨਾਂ ਵੱਲੋਂ ਪੂਸਾ 44 ਕਿਸਮ ਹੀ ਵੱਡੇ ਪੱਧਰ ’ਤੇ ਲਗਾਈ ਜਾਂਦੀ ਹੈ। ਸਰਕਾਰੀ ਤੌਰ ’ਤੇ ਵਿਕਣੀਆਂ ਬੰਦ ਇਨ੍ਹਾਂ ਕਿਸਮਾਂ ਦੇ ਬੀਜਾਂ ਨੂੰ ਵੱਧ ਝਾੜ ਮਿਲਣ ਕਰਕੇ ਕਿਸਾਨ ਇਨ੍ਹਾਂ ਨੂੰ ਮਹਿੰਗੇ ਭਾਅ ਖ਼ਰੀਦ ਕੇ ਪਨੀਰੀ ਲਗਾਉਂਦੇ ਹਨ। ਸਭ ਕੁੱਝ ਪਤਾ ਹੁੰਦਿਆਂ ਮਹਿਕਮਾ ਬਲੈਕ ’ਚ ਬੀਜ ਵੇਚਣ ਵਾਲਿਆਂ ’ਤੇ ਕੋਈ ਕਾਰਵਾਈ ਨਹੀਂ ਕਰ ਸਕਿਆ।

ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਜਿਸ ਸੂਬੇ ਦੀ 80 ਫ਼ੀਸਦੀ ਜਨਤਾ ਖੇਤੀ ’ਤੇ ਨਿਰਭਰ ਹੋਵੇ ਅਤੇ ਸੂਬੇ ਵਿੱਚ ਖੇਤੀਬਾੜੀ ਮੰਤਰੀ ਨਾ ਹੋਵੇ ਉਥੇ ਹਾਲਾਤ ਇਹੋ ਜਿਹੇ ਹੀ ਹੁੰਦੇ ਹਨ। ਸੂਬੇ ਵਿੱਚ ਸ਼ਰੇਆਮ ਨਕਲੀ ਬੀਜ ਮਹਿੰਗੇ ਭਾਅ ’ਤੇ ਕਿਸਾਨਾਂ ਨੂੰ ਵੇਚਿਆ ਗਿਆ। ਜ਼ਿਲ੍ਹੇ ਅੰਦਰ ਵੀ ਪੂਸਾ 44 ਦਾ ਬੀਜ ਦੁੱਗਣੇ ਭਾਅ ’ਤੇ ਵਿਕਿਆ, ਪਰ ਕੋਈ ਕਾਰਵਾਈ ਨਹੀਂ ਹੋ ਸਕੀ।

Previous articleਘਰ ’ਚ ਦਾਖ਼ਲ ਹੋ ਨੌਜਵਾਨ ’ਤੇ ਕਾਤਲਾਨਾ ਹਮਲਾ
Next articleDemocracies need inclusive debate on Racism and Caste discrimination