ਬਿੱਟੂ ਕਤਲ ਕਾਂਡ: ਪੁੱਛ-ਪੜਤਾਲ ਲਈ ਨਾਭਾ ਜੇਲ੍ਹ ਤੋਂ ਲਿਆਂਦਾ ਕੈਦੀ

ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿਚ ਡੇਰਾ ਸਿਰਸਾ ਦੇ ਪੈਰੋਕਾਰ ਮਹਿੰਦਰਪਾਲ ਬਿੱਟੂ ਦੇ ਕਤਲ ਦੇ ਮਾਮਲੇ ਵਿਚ ਪਹਿਲੇ ਹੀ ਦਿਨ ਗ੍ਰਿਫ਼ਤਾਰ ਕੀਤੇ ਗਏ ਦੋ ਕੈਦੀਆਂ ਕੋਲੋਂ ਕੀਤੀ ਪੁੱਛ-ਪੜਤਾਲ ਮਗਰੋਂ ਜਿੱਥੇ ਬੀਤੇ ਦਿਨ ਇਸੇ ਜੇਲ੍ਹ ਦੇ ਦੋ ਹੋਰ ਕੈਦੀਆਂ ਨੂੰ ਪ੍ਰੋਡਕਸ਼ਨ ਵਾਰੰਟਾਂ ’ਤੇ ਲਿਆ ਕੇ ਪੜਤਾਲ ਕੀਤੀ ਗਈ ਸੀ, ਉੱਥੇ ਹੀ ਅੱਜ ਇਸ ਤੋਂ ਵੱਖਰੀ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਤੋਂ ਵੀ ਇੱਕ ਕੈਦੀ ਨੂੰ ਪ੍ਰੋਡਕਸ਼ਨ ਵਾਰੰਟਾਂ ’ਤੇ ਲਿਆਂਦਾ ਗਿਆ ਹੈ। ਇਨ੍ਹਾਂ ਤਿੰਨਾਂ ਕੈਦੀਆਂ ਨੂੰ ਪਟਿਆਲਾ ਵਿਚਲੀ ਅਦਾਲਤ ਵਿਚ ਪੇਸ਼ ਕਰ ਕੇ 27 ਜੂਨ ਤਕ ਰਿਮਾਂਡ ਹਾਸਲ ਕੀਤਾ ਗਿਆ ਹੈ। ਪੰਜਾਂ ਮੁਲਜ਼ਮਾਂ ਤੋਂ ਸੀਆਈਏ ਸਟਾਫ਼ ਪਟਿਆਲਾ ਵਿਚ ਪੁੱਛ-ਪੜਤਾਲ ਚੱਲ ਰਹੀ ਹੈ। ਬਰਗਾੜੀ ਬੇਅਦਬੀ ਮਾਮਲੇ ਵਿਚ ਮੁੱਖ ਮੁਲਜ਼ਮ ਵਜੋਂ ਜ਼ਿਲ੍ਹਾ ਜੇਲ੍ਹ ਨਾਭਾ ਵਿਚ ਬੰਦ ਮਹਿੰਦਰਪਾਲ ਬਿੱਟੂ ਦੀ 22 ਜੂਨ ਸ਼ਾਮ ਨੂੰ ਜੇਲ੍ਹ ਅੰਦਰ ਹੀ ਕੈਦੀਆਂ ਨੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਕਤਲ ਕੇਸ ਵਿਚ ਉਮਰ ਕੈਦ ਭੁਗਤ ਰਹੇ ਗੁਰਸੇਵਕ ਸਿੰਘ ਵਾਸੀ ਝਿਊਰਹੇੜੀ ਅਤੇ ਕਤਲ ਦੀ ਹੀ ਘਟਨਾ ਤਹਿਤ ਹਵਾਲਾਤੀ ਵਜੋਂ ਬੰਦ ਮਨਿੰਦਰ ਸਿੰਘ ਵਾਸੀ ਭਗੜਾਣਾ ਨੂੰ ਗ੍ਰਿਫ਼ਤਾਰ ਕਰ ਕੇ 27 ਜੂਨ ਤੱਕ ਰਿਮਾਂਡ ਲਿਆ ਗਿਆ ਸੀ। ਜੇਲ੍ਹ ਵਿਚੋਂ ਬੀਤੇ ਦਿਨ ਲਖਵੀਰ ਸਿੰਘ ਲੱਖਾ ਤੇ ਹਰਪ੍ਰੀਤ ਸਿੰਘ ਹੈਪੀ ਨੂੰ ਵੀ ਪ੍ਰੋਡਕਸ਼ਨ ਵਾਰੰਟਾਂ ’ਤੇ ਲਿਆਂਦਾ ਗਿਆ ਸੀ। ਇਨ੍ਹਾਂ ਦੋਵਾਂ ਤੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਅੱਜ ਮੈਕਸੀਮਮ ਜੇਲ੍ਹ ਨਾਭਾ ਤੋਂ ਵੀ ਜਸਪ੍ਰੀਤ ਸਿੰਘ ਉਰਫ਼ ਨਿਹਾਲ ਸਿੰਘ ਨੂੰ ਪ੍ਰੋਡਕਸ਼ਨ ਵਾਰੰਟਾਂ ’ਤੇ ਲਿਆ ਕੇ 27 ਤੱਕ ਰਿਮਾਂਡ ਲਿਆ ਗਿਆ ਹੈ। ਪੁਲੀਸ ਉਸ ਨੂੰ ਸ਼ੱਕ ਦੇ ਆਧਾਰ ’ਤੇ ਲਿਆਈ ਹੈ ਕਿ ਜ਼ਿਲ੍ਹਾ ਜੇਲ੍ਹ ਵਿਚ ਰਹਿੰਦਿਆਂ ਸ਼ਾਇਦ ਉਸ ਨੇ ਮੁਲਜ਼ਮਾਂ ਨੂੰ ਘਟਨਾ ਲਈ ਉਕਸਾਇਆ ਹੋਵੇ।

Previous articleਡੇਰਾ ਮੁਖੀ ਦੀ ਪੈਰੋਲ ਪ੍ਰਸ਼ਾਸਨ ਦੀ ਰਿਪੋਰਟ ’ਤੇ ਨਿਰਭਰ: ਖੱਟਰ
Next articleਅਮਰੀਕੀ ਵਿਦੇਸ਼ ਮੰਤਰੀ ਪੌਂਪੀਓ ਭਾਰਤ ਪੁੱਜੇ