ਬਿਹਾਰ ਚੋਣਾਂ: ਪਹਿਲੇ ਗੇੜ ਲਈ ਵੋਟਾਂ ਅੱਜ

ਪਟਨਾ (ਸਮਾਜ ਵੀਕਲੀ) : ਪਹਿਲੇ ਗੇੜ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਬਿਹਾਰ ਦੀਆਂ ਰਾਜਸੀ ਧਿਰਾਂ ਨੇ ਪੂਰਾ ਤਾਣ ਲਾ ਦਿੱਤਾ ਹੈ। ਤਿਆਰ ਹੈ, ਐੱਨਡੀਏ ਲਈ ਇਸ ਵਾਰ ਭਾਰੀ ਜਿੱਤ ਦੂਰ ਦੀ ਗੱਲ ਜਾਪ ਰਹੀ ਹੈ ਕਿਉਂਕਿ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੀ ਅਗਵਾਈ ਵਾਲੀ ਵਿਰੋਧੀ ਧਿਰ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਲਗਪਗ 15 ਸਾਲਾ ਹਕੂਮਤ ਖ਼ਿਲਾਫ਼ ਮੁਹਿੰਮ ਨੂੰ ਸਿਖ਼ਰਾਂ ਉੱਤੇ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ।

ਸੱਤਾਧਾਰੀ ਗੱਠਜੋੜ ਦੇ ਆਗੂ ਅਤੇ ਮੌਜੂਦਾ ਮੁੱਖ ਮੰਤਰੀ ਵਾਰ ਵਾਰ ਇਹ ਕਹਿ ਰਹੇ ਹਨ ਕਿ ਆਰਜੇਡੀ ਨੇ 1990 ਤੋਂ 2005 ਦੇ ਆਪਣੇ 15 ਸਾਲ ਦੇ ਕਾਰਜਕਾਲ ਦੌਰਾਨ ਬਿਹਾਰ ਨੂੰ ਕੁਸ਼ਾਸਨ ਹੀ ਦਿੱਤਾ ਸੀ। ਵਿਰੋਧੀ ਧਿਰ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਵੱਲੋਂ ‘ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ’ ਦੇ ਮੁੱਦੇ ’ਤੇ ਨਿਤੀਸ਼ ਕੁਮਾਰ ਖ਼ਿਲਾਫ਼ ਮੋਰਚਾ ਖੋਲ੍ਹਣ ਅਤੇ ਵੋਟਰਾਂ ਦੇ ਇੱਕ ਹਿੱਸੇ ਨੂੰ ਪ੍ਰਭਾਵਿਤ ਕਰਨ ਲਈ ‘ਉਮੀਦ ਅਤੇ ਬਦਲਾਅ’ ਦੀ ਪੇਸ਼ਕਸ਼ ਨੇ ਚੋਣ ਲੜਾਈ ਮਘਾ ਦਿੱਤੀ ਹੈ ਕਿਉਂਕਿ ਕੁੱਝ ਮਹੀਨੇ ਪਹਿਲਾਂ ਤੱਕ ਬਹੁਤਿਆਂ ਨੇ ਸੱਤਾਧਾਰੀ ਧਿਰ ਦੇ ਮੁੜ ਸੱਤਾ ਵਿੱਚ ਆਉਣ ਦਾ ਪੱਖ ਪੂਰਿਆ ਸੀ। ਆਰਜੇਡੀ ਦੇ ਬੁਲਾਰੇ ਮਨੋਜ ਝਾਅ ਨੇ ਕਿਹਾ ਕਿ ਇਹ ਚੋਣਾਂ ਬਿਹਾਰ ਅਤੇ ਨਿਤੀਸ਼ ਕੁਮਾਰ ਦਰਮਿਆਨ ਹਨ। ਚੋਣਾਂ ਦਾ ਰੁਝਾਨ ਬਿਲਕੁਲ ਸਪੱਸ਼ਟ ਹੈ।

ਸੂਬੇ ਦੀਆਂ 243 ਵਿਧਾਨ ਸਭਾ ਸੀਟਾਂ ਲਈ ਪਹਿਲੇ ਗੇੜ ਦੌਰਾਨ 71 ਸੀਟਾਂ ’ਤੇ ਵੋਟਿੰਗ ਹੋਣੀ ਹੈ। ਕੌਮੀ ਜਮਹੂਰੀ ਗੱਠਜੋੜ (ਐੱਨਡੀਏ), ਜਿਸ ਵਿੱਚ ਭਾਜਪਾ ਤੇ ਜੇਡੀ(ਯੂ) ਤੋਂ ਇਲਾਵਾ ਜੀਤਨ ਰਾਮ ਮਾਂਝੀ ਦੀ ਐੱਚਏਐੱਮ (ਐੱਸ) ਅਤੇ ਮੁਕੇਸ਼ ਸਾਹਨੀ ਦੀ ਵਿਕਾਸਸ਼ੀਲ ਇਨਸਾਨ ਪਾਰਟੀ ਵੀ ਸ਼ਾਮਲ ਹੈ, ਵੱਲੋਂ ਪਹਿਲੇ ਗੇੜ ਦੀਆਂ 37 ਸੀਟਾਂ ’ਤੇ ਚੋਣ ਲੜੀ ਜਾ ਰਹੀ ਹੈ, ਜਦੋਂਕਿ ਆਰਜੇਡੀ-ਕਾਂਗਰਸ-ਖੱਬੇ ਪੱਖੀ ਵਾਲਾ ਗੱਠਜੋੜ 34 ਸੀਟਾਂ ’ਤੇ ਜ਼ੋਰ-ਅਜ਼ਮਾਈ ਕਰ ਰਿਹਾ ਹੈ। ਦੋਵਾਂ ਗੱਠਜੋੜਾਂ ਨੇ ਆਖ਼ਰੀ ਵਾਰ ਇੱਕ-ਦੂਜੇ ਖ਼ਿਲਾਫ਼ ਲੋਕ ਸਭਾ-2019 ਦੀਆਂ ਚੋਣਾਂ ਲੜੀਆਂ ਸਨ, ਜਿਸ ਵਿੱਚ ਐੱਨਡੀਏ ਨੇ 40 ਸੀਟਾਂ ਵਿੱਚੋਂ 39 ’ਤੇ ਜਿੱਤ ਦਰਜ ਕੀਤੀ ਸੀ।

Previous articleਕਰਜ਼ਦਾਰਾਂ ਨੂੰ ਵਿਆਜ ਅਦਾਇਗੀ 5 ਤੱਕ
Next articleਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼