ਬਿਜਲੀ ਚੋਰੀ ਫੜਨ ਆਈਆਂ ਪਾਵਰਕੌਮ ਟੀਮਾਂ ਨੂੰ ਬੰਦੀ ਬਣਾਇਆ

ਪਾਵਰਕੌਮ ਅਫ਼ਸਰਾਂ ਅਤੇ ਮੁਲਾਜ਼ਮਾਂ ਦੀ ਟੀਮ ਨੂੰ ਉਸ ਵਕਤ ਪਿੰਡ ਪਾਕਾਂ ਵਾਸੀਆਂ ਨੇ ਘੇਰ ਲਿਆ ਜਦੋਂ ਉਹ ਪਿੰਡ ਪਾਕਾਂ ’ਚ ਟਰਾਂਸਫਾਰਮਰਾਂ ਤੋਂ ਨਾਜਾਇਜ਼ ਰੂਪ ‘ਚ ਚੱਲ ਰਹੀਆਂ ਮੋਟਰਾਂ ਫੜਨ ਲਈ ਪਹੁੰਚੇ। ਪਿੰਡ ਵਾਸੀਆਂ ਨੇ ਆਈਆਂ ਤਿੰਨ ਟੀਮਾਂ ‘ਚੋਂ ਦੋ ਨੂੰ ਘੇਰ ਕੇ ਨਾਅਰੇਬਾਜ਼ੀ ਕੀਤੀ ਅਤੇ ਟੀਮਾਂ ਦੀਆਂ ਗੱਡੀਆਂ ਅੱਗੇ ਧਰਨਾ ਲਗਾ ਕੇ ਬੈਠ ਗਏ। ਜਾਣਕਾਰੀ ਮੁਤਾਬਕ ਪਾਵਰਕੌਮ ਵੱਲੋਂ ਡਿਵੀਜ਼ਨਲ ਪੱਧਰ ‘ਤੇ ਬਿਜਲੀ ਚੋਰੀ ਨੂੰ ਨੱਥ ਪਾਉਣ ਲਈ ਤਿੰਨ ਅੱਲਗ ਅੱਲਗ ਟੀਮਾਂ ਦਾ ਗਠਨ ਕਰਕੇ ਪਿੰਡ ਪਾਕਾਂ ’ਚ ਅੱਜ ਤੜਕੇ 5 ਤੋਂ 6 ਵਜੇ ਦੇ ਵਿਚਕਾਰ ਛਾਪਾ ਮਾਰਿਆ। ਇਨ੍ਹਾਂ ਟੀਮਾਂ ਦੀ ਅਗਵਾਈ ਮੁਕਤਸਰ ਦੇ ਡੀਸੀਈ ਕਰ ਰਹੇ ਸਨ। ਉਨ੍ਹਾਂ ਨਾਲ ਐੱਸ.ਡੀ.ਓ. ਯੁਧਵੀਰ ਸਿੰਘ, ਐੱਸਡੀਓ ਅਰਨੀਵਾਲਾ ਜਸਪ੍ਰੀਤ ਸਿੰਘ, ਐੱਸਡੀਓ ਅਬੁਲ ਖੁਰਾਣਾ, ਆਪਣੇ ਸਹਾਇਕ ਮੁਲਾਜ਼ਮਾਂ ਨਾਲ ਤਿੰਨ ਵੱਖ ਵੱਖ ਵਾਹਨਾਂ ‘ਚ ਬਿਜਲੀ ਚੋਰੀ ਲਈ ਚੱਲ ਰਹੀਆਂ ਮੋਟਰਾਂ ਫੜਨ ਲਈ ਪੁੱਜੇ। ਇਨ੍ਹਾਂ ‘ਚੋਂ ਦੋ ਟੀਮਾਂ ਦੇ ਮੁਲਾਜ਼ਮਾਂ ਅਤੇ ਅਫ਼ਸਰਾਂ ਨੂੰ ਪਿੰਡ ਵਾਸੀਆਂ ਨੇ ਘੇਰ ਲਿਆ ਅਤੇ ਬਿਜਲੀ ਚੋਰੀ ਕਰਕੇ ਚੱਲ ਰਹੀਆਂ ਮੋਟਰਾਂ, ਕੇਬਲ ਅਤੇ ਸਟਾਰਟਰ ਆਦਿ ਲੈ ਜਾਣ ਤੋਂ ਮੁਲਾਜ਼ਮਾਂ ਨੂੰ ਰੋਕ ਦਿੱਤਾ। ਇਸ ਸਬੰਧੀ ਐੱਸ.ਡੀ.ਓ. ਅਰਨੀਵਾਲਾ ਜਸਪ੍ਰੀਤ ਸਿੰਘ ਮੱਲਣ ਨੇ ਦੱਸਿਆ ਕਿ ਮਾਸ ਚੈਕਿੰਗ ਤਹਿਤ ਉਨ੍ਹਾਂ ਦੀਆਂ ਤਿੰਨ ਟੀਮਾਂ ਵੱਲੋਂ 52 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਜਿਸ ‘ਚੋਂ 9 ਕੁਨੈਕਸ਼ਨ ਚੋਰੀ ਦੇ ਪਾਏ ਗਏ। ਇਨ੍ਹਾਂ ਦਾ ਜੁਰਮਾਨਾ ਲਗਭਗ 2 ਲੱਖ 40 ਹਜ਼ਾਰ ਰੁਪਏ ਬਣਦਾ ਹੈ। ਚੋਰੀ ਫੜੇ ਜਾਣ ਤੋਂ ਰੋਹ ‘ਚ ਆਏ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਬੰਦੀ ਬਣਾਈ ਰੱਖਿਆ। ਐਕਸੀਅਨ ਰਘੁਰੀਤ ਸਿੰਘ ਬਰਾੜ ਅਤੇ ਐੱਸ.ਪੀ. ਹੈਡਕੁਆਰਟਰ ਕੁਲਦੀਪ ਸ਼ਰਮਾ ਦੇ ਯਤਨਾਂ ਸਦਕਾ ਉਹ ਪਿੰਡ ਵਾਸੀਆਂ ਦੇ ਚੁੰਗਲ ‘ਚੋਂ ਨਿਕਲ ਸਕੇ। ਬੰਦੀ ਬਣਾਉਣ ਅਤੇ ਚੋਰੀ ਕਰਨ ਵਾਲੇ ਅਣਪਛਾਤੇ ਲੋਕਾਂ ਖਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਵਿਭਾਗੀ ਕਾਰਵਾਈ ਵੀ ਅਮਲ ‘ਚ ਲਿਆਂਦੀ ਜਾ ਰਹੀ ਹੈ। ਇਸ ਮੌਕੇ ਐੱਸ.ਐੱਚ.ਓ. ਅਰਨੀਵਾਲਾ ਸੰਜੀਵ ਕੁਮਾਰ ਸਤੀਆ ਅਤੇ ਹੋਰ ਪੁਲੀਸ ਕਰਮਚਾਰੀ ਅਤੇ ਬਿਜਲੀ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।

Previous articleਅਦਾਲਤੀ ਹੁਕਮਾਂ ਦੀ ਦੇਸੀ ਭਾਸ਼ਾਵਾਂ ਵਿੱਚ ਤਰਜਮੇ ਦੀ ਲੋੜ: ਕੋਵਿੰਦ
Next articleਕੈਪਟਨ ਦੇ ਅਸਾਮੀਆਂ ਭਰਨ ਦੇ ਐਲਾਨ ’ਤੇ ਸਵਾਲ ਉੱਠੇ