ਬਿਜਲੀ ਘਰ ਉੱਚਾ ਵਿਖੇ ਦੋ ਨਵੇਂ ਫੀਡਰ ਕੀਤੇ ਲੋਕ ਅਰਪਿਤ

ਕੈਪਸ਼ਨ :-ਬਿਜਲੀ ਘਰ ਉੱਚਾ ਵਿਖੇ ਨਵੇਂ ਫੀਡਰਾਂ ਨੂੰ ਲੋਕ ਅਰਪਿਤ ਕਰਦੇ ਹੋਏ ਵਿਧਾਇਕ ਸ. ਨਵਤੇਜ ਸਿੰਘ ਚੀਮਾ। ਨਾਲ ਹਨ ਪਾਵਰਕਾਮ ਦੇ ਨਿਗਰਾਨ ਇੰਜੀਨੀਅਰ ਇੰਦਰਪਾਲ ਸਿੰਘ, ਐਕਸੀਅਨ ਇੰਜ. ਜਸਵਿੰਦਰ ਸਿੰਘ, ਐਸ. ਡੀ. ਓ ਰੋਸ਼ਨ ਚੰਦ ਤੇ ਹੋਰ ਸ਼ਖਸੀਅਤਾਂ।

ਇਲਾਕੇ ’ਚ ਵੋਲਟੇਜ ਅਤੇ ਟਿ੍ਰਪਿੰਗ ਦੀ ਸਮੱਸਿਆ ਹੋਵੇਗੀ ਹੱਲ

ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ-ਨਵਤੇਜ ਸਿੰਘ ਚੀਮਾ

ਕਪੂਰਥਲਾ, 10 ਜੂਨ (ਕੌੜਾ) (ਸਮਾਜਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾ ਨੂੰ ਬਿਹਤਰੀਨ ਬਿਜਲੀ ਸਪਲਾਈ ਦੇਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਝੋਨੇ ਦੇ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਨੇ ਬਿਜਲੀ ਘਰ ਉੱਚਾ ਵਿਖੇ ਦੋ ਨਵੇਂ ਫੀਡਰ ਲੋਕ ਅਰਪਿਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨਾਂ ਕਿਹਾ ਕਿ ਇਸ ਮਕਸਦ ਲਈ ਜਿਥੇ ਬਹੁਤ ਸਾਰੇ ਨਵੇਂ ਬਿਜਲੀ ਗਰਿੱਡ ਬਣਾਏ ਗਏ ਹਨ, ਉਥੇ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਵੀ ਸੁਧਾਰਿਆ ਗਿਆ ਹੈ। ਉਨਾਂ ਕਿਹਾ ਕਿ ਦੇਸਲ ਅਤੇ ਸ਼ਾਹ ਦੌਲਾ ਦੇ ਇਨਾਂ ਨਵੇਂ ਫੀਡਰਾਂ ਨਾਲ ਬਾਕੀ ਫੀਡਰਾਂ ’ਤੇ ਲੋਡ ਘਟੇਗਾ ਅਤੇ ਇਲਾਕੇ ਵਿਚ ਵੋਲਟੇਜ ਅਤੇ ਟਿ੍ਰਪਿੰਗ ਦੀ ਸਮੱਸਿਆ ਦਾ ਮੁਕੰਮਲ ਹੱਲ ਹੋਵੇਗਾ। ਉਨਾਂ ਕਿਹਾ ਕਿ ਸਮੁੱਚੇ ਸੁਲਤਾਨਪੁਰ ਲੋਧੀ ਹਲਕੇ ਵਿਚ ਹੁਣ ਬਿਜਲੀ ਦੀ ਕੋਈ ਸਮੱਸਿਆ ਨਹੀਂ ਰਹੀ।

ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਅਤੇ ਖੇਤਾਂ ਵਿਚ ਪਾਣੀ ਅਤੇ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ। ਉਨਾਂ ਇਹ ਵੀ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ, ਇਸ ਲਈ ਸੋਸ਼ਲ ਡਿਸਟੈਂਸਿੰਗ, ਵਾਰ-ਵਾਰ ਹੱਥ ਧੋਣ ਅਤੇ ਮਾਸਕ ਪਹਿਨਣ ਵਰਗੇ ਸਿਹਤ ਸੁਰੱਖਿਆ ਉਪਾਵਾਂ ਦੀ ਪੂਰੀ ਤਰਾਂ ਨਾਲ ਪਾਲਣਾ ਕੀਤੀ ਜਾਵੇ। ਉਨਾਂ ਕਿਹਾ ਕਿ ਅਜਿਹਾ ਕਰਕੇ ਹੀ ਸਾਡੇ ਪਰਿਵਾਰ ਅਤੇ ਸਮਾਜ ਸੁਰੱਖਿਅਤ ਰਹਿ ਸਕਦਾ ਹੈ।

ਪਾਵਰਕਾਮ ਦੇ ਨਿਗਰਾਨ ਇੰਜੀਨੀਅਰ ਇੰਦਰਪਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਪਾਵਰਕਾਮ ਵੱਲੋਂ ਚੇਅਰਮੈਨ ਇੰਜ. ੍ਰਬਲਦੇਵ ਸਿੰਘ ਸਰਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਿਹਤਰੀਨ ਬਿਜਲੀ ਸਪਲਾਈ ਲਈ ਵੱਡੇ ਕਦਮ ਚੁੱਕੇ ਗਏ ਹਨ। ਉਨਾਂ ਦੱਸਿਆ ਕਿ ਪਾਵਰਕਾਮ ਵੱਲੋਂ ਝੋਨੇ ਦੇ ਇਸ ਸੀਜ਼ਨ ਦੌਰਾਨ ਫੀਡਰਾਂ ’ਤੇ ਲੋਡ ਘਟਾਉਣ ਦੀ ਪੂਰੀ ਵਿਉਂਤਬੰਦੀ ਕੀਤੀ ਹੈ ਅਤੇ ਉਹ 24 ਘੰਟੇ ਲੋਕਾਂ ਦੀ ਸੇਵਾ ਲਈ ਹਾਜ਼ਰ ਹਨ।

ਉਨਾਂ ਅਪੀਲ ਕੀਤੀ ਕਿ ਬਿਜਲੀ ਦੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਵਰਤੋਂ ਕੀਤੀ ਜਾਵੇ। ਉਨਾਂ ਕਿਹਾ ਕਿ ਬਿਜਲੀ ਚੋਰੀ ਨੂੰ ਰੋਕਣਾ ਅਤੇ ਸਮੇਂ ’ਤੇ ਬਿੱਲ ਜਮਾਂ ਕਰਵਾਉਣਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਉਨਾਂ ਵਿਸ਼ਵਾਸ ਦਿਵਾਇਆ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਸਬੰਧੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਪਿੰਡ ਉੱਚਾ ਦੇ ਸਰਪੰਚ ਯਾਦਵਿੰਦਰ ਸਿੰਘ ਨੇ ਇਲਾਕੇ ਵਿਚ ਬਿਜਲੀ ਸਮੱਸਿਆ ਦਾ ਹੱਲ ਕਰਨ ਲਈ ਚੁੱਕੇ ਗਏ ਇਨਾਂ ਕਦਮਾਂ ਲਈ ਵਿਧਾਇਕ ਸ. ਨਵਤੇਜ ਸਿੰਘ ਚੀਮਾ ਅਤੇ ਪਾਵਰਕਾਮ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪਾਵਰਕਾਮ ਦੇ ਐਕਸੀਅਨ ਇੰਜ. ਜਸਵਿੰਦਰ ਸਿੰਘ ਤੇ ਐਸ. ਡੀ. ਓ ਰੋਸ਼ਨ ਚੰਦ, ਐਸ. ਐਚ. ਓ ਫੱਤੂਢੀਂਗਾ ਚੰਨਣ ਸਿੰਘ, ਬਲਾਕ ਸੰਮਤੀ ਮੈਂਬਰ ਗੁਰਵਿੰਦਰ ਪਾਲ ਸਿੰਘ ਭੁੱਲਰ ਅਤੇ ਬਖਸ਼ੀਸ਼ ਸਿੰਘ ਬੱਬੂ ਖੈੜਾ, ਬਲਜਿੰਦਰ ਸਿੰਘ, ਸਰਪੰਚ ਸੈਫਲਾਬਾਦ ਸਤਨਾਮ ਸਿੰਘ, ਸਰਪੰਚ ਬੂਹ ਚਰਨ ਸਿੰਘ, ਸਰਪੰਚ ਮੁੰਡੀ ਸੰਤੋਖ ਸਿੰਘ, ਹਰਨੇਕ ਸਿੰਘ ਘਣੀਏ ਕੇ, ਇੰਦਰਜੀਤ ਸਿੰਘ ਤੇ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਹਾਜ਼ਰ ਸਨ।

 

Previous articleकला मंच कपूरथला द्वारा विधाथीयों के ओनलाईन सुंदर लिखाई मुकाबले आयोजित
Next articleਘੱਲੂਘਾਰੇ ਦੌਰਾਨ ਗ੍ਰਿਫ਼ਤਾਰ ਕੀਤੇ ਭਾਈ ਭੁਪਿੰਦਰ ਸਿੰਘ ਜ਼ਮਾਨਤ ‘ਤੇ ਹੋਏ ਰਿਹਾਅ