ਬਾਬਾ ਰੁਲਦੂ ਬੋਲੀਆਂ ਪਾਵੇ-ਮੂਲ ਚੰਦ ਸ਼ਰਮਾ

ਮੂਲ ਚੰਦ ਸ਼ਰਮਾ

ਸਮਾਜ ਵੀਕਲੀ

ਸੁਣ ਉਇ ਹਾਕਮਾਂ ਸੁਣ ਉਇ ਪਾਪੀਆ
ਤੈਨੂੰ ਤਰਸ ਨਾ ਆਵੇ ।
ਅੰਨਦਾਤਾ ਮੱਘਰ ਦੀ ਸਰਦੀ
ਤਾਰਿਆਂ ਹੇਠ ਬਿਤਾਵੇ ।
ਫ਼ਿਰ ਵੀ ਓਸ ਨੂੰ ਚਾਅ ਚੜਿ੍ਆ ਏ
ਰੱਤਾ ਵੀ ਨਾ ਘਬਰਾਵੇ ।
ਦਿੱਲੀ ਦੇ ਬਾਰਡਰ ‘ਤੇ
ਬਾਬਾ ਰੁਲ਼ਦੂ ਬੋਲੀਆਂ ਪਾਵੇ ।
ਦਿੱਲੀ ਦੇ ਬਾਡਰ ‘ਤੇ

ਧੰਨਵਾਦ ਤੇਰਾ ਦਿੱਲੀਏ ਨੀ
ਸਾਨੂੰ ਵਿਰਸਾ ਯਾਦ ਕਰਾ ‘ਤਾ ।
ਆਪਸ ਦੇ ਵਿੱਚ ਲੜਦਿਆਂ ਨੂੰ ਤੂੰ
ਲੜ ਏਕੇ ਦੇ ਲਾ ‘ਤਾ ।
ਮੁੜ ਕੇ ਪੰਜਾਬੀਆਂ ਨੂੰ
ਤੂੰ ਪਾਰਸ ਵੱਟੀ ਬਣਾ ‘ਤਾ ।
ਮੁੜ ਕੇ ਪੰਜਾਬੀਆਂ ਨੂੰ ।

ਕਾਗਰਸ ਨੇ ਵੀ ਘੱਟ ਨਾ ਕੀਤੀ
ਹੁਣ ਭਾਜਪਾ ਦੀ ਵਾਰੀ ।
ਕਾਰਪੋਰੇਟ ਨੇ ਯਾਰ ਦੋਹਵਾਂ ਦੇ
ਲੁੱਟ ਲਈ ਦੌਲਤ ਸਾਰੀ ।
ਕਦੇ ਪਿਓ ਦੀਆਂ ਕਦੇ ਪੁੱਤ ਦੀਆਂ
ਦੁਨੀਆਂ ਆਖਦੀ ਸਾਰੀ ।
ਭੁੱਲ ਕੇ ਛੇੜ ਲਈ
ਨਾਗਾਂ ਨਾਲ਼ ਭਰੀ ਪਟਾਰੀ ।
ਭੁੱਲ ਕੇ ਛੇੜ ਲਈ ।

ਰੁਲ਼ਦੂ ਆਖੇ ਅਜੇ ਵੀ ਮੌਕੈ
ਦਿੱਲੀਏ ਵਕਤ ਬਚਾਅ ਲੈ ।
ਡੁੱਲੇ੍ ਬੇਰਾਂ ਦਾ ਕੁੱਝ ‘ਨੀਂ ਵਿਗੜਿਆ
ਚੁੱਕ ਝੋਲ਼ੀ ਵਿੱਚ ਪਾ ਲੈ ।
ਇਹ ਹਨ ਦੇਸ਼ ਦੇ ਕਿਰਤੀ ਕਾਮੇ
ਸੀਨੇ ਦੇ ਨਾਲ਼ ਲਾ ਲੈ ।
ਜਾਂ ਫਿਰ ਲੜਨ ਲਈ
ਤੂੰ ਸਾਰੀ ਪੁਲਸ ਬੁਲਾ ਲੈ ।
ਜਾਂ ਫਿਰ ਮਾਰਨ ਲਈ ।

ਰਸਤਿਆਂ ਵਿੱਚ ਸਰਕਾਰਾਂ ਨੇ ਵੀ
ਡਾਹੇ ਬੜੇ ਅੜਿੱਕੇ ।
ਇਹ ਭਾਈਆਂ ਜਿਹੇ ਸਿਪਾਹੀਆਂ ਦੇ ਨਾਲ਼
ਸੂਰਿਆਂ ਵਾਂਗ ਮੜਿੱਕੇ ।
ਕਹਿੰਦੇ ਸਾਰੇ ਟੈਕਸ ‘ਚੋਂ ਮਿਲਦੇ
ਨੇ ਤਨਖ਼ਾਹ ਦੇ ਸਿੱਕੇ ।
ਰੋਕਾਂ ਸੀ ਟੁੱਟ ਗਈਆਂ
ਜਦੋਂ ਲਾਏ ਸੀ ਚੌਅਕੇ ਛਿੱਕੇ ।
ਸੀ ਰੋਕਾਂ ਟੁੱਟ ਗਈਆਂ ।

ਇੱਕ ਬਜ਼ੁਰਗ਼ ਨੂੰ ਕਿਹਾ ਕਿਸੇ ਨੇ
ਤੈਂ ਬਾਬਾ ਕੀ ਲੈਣਾਂ ।
ਕਹਿੰਦਾ ਧਰਤੀ ਮਾਂ ਖੋਹਦੇ ਨੇ
ਸਾਡੇ ਪੰਜਾਬ ਦਾ ਗਹਿਣਾਂ ।
ਹੁਣ ਤੱਕ ਘਾਟੇ ਜਰੇ ਵਥੇਰੇ
ਹੁਣ ਮੁਸ਼ਕਲ ਹੈ ਸਹਿਣਾਂ ।
ਜਾਂ ਤਾਂ ਮਰ ਮਿਟਣਾਂ
ਜਾਂ ਗਲ਼ ਹਾਕਮ ਦੇ ਪੈਣਾਂ ।
ਜਾਂ ਫਿਰ ਮਰ ਮਿਟਣਾਂ ।

ਬੱਚੇ ਬੁੜੇ੍ ਤੇ ਗੱਭਰੂਆਂ ਦੇ
ਨਾਲ਼ ਆ ‘ਗੀਆਂ ਮਾਵਾਂ ।
ਤਪੀਆਂ ਜੇਠ ਦੇ ਮੀਨੇ੍ ਵਾਂਗੂੰ
ਜੋ ਸਨ ਠੰਡੀਆਂ ਛਾਵਾਂ ।
ਕਹਿੰਦੀਆਂ ਟੁੱਕ ਖੋਹ ਲਏ
ਖੋਹ ਲਏ ਕਾਲ਼ਿਆਂ ਕਾਵਾਂ ।
ਕਹਿੰਦੀਆਂ ਟੁੱਕ ਖੋਹ ਲਏ ।

ਪੱਤਰਕਾਰਾਂ ਨੇ ਪੁੱਛਿਆ ਮਾਂ ਜੀ
ਝੋਲ਼ੇ ਦੇ ਵਿੱਚ ਕੀ ਹੈ ।
ਕਹਿੰਦੀ ਰੋਟੀ ਟੁੱਕ ਨਾਲ਼ ਵਿੱਚ
ਤਿੰਨ ਗਜ਼ ਖੱਫ਼ਣ ਵੀ ਹੈ ।
ਕਹਿੰਦਾ ਮਾਤਾ ਇਹ ਵੀ ਦੱਸ ਦੇ
ਮੰਗ ਤੁਸਾਂ ਦੀ ਕੀ ਹੈ ।
ਕਾਲ਼ਿਆਂ ਕਾਨੂੰਨਾਂ ਨੂੰ
ਖ਼ਤਮ ਕਰਾਉਂਣਾ ਹੀ ਹੈ ।
ਕਾਲ਼ਿਆਂ ਕਨੂੰਨਾਂ ਨੂੰ ।

ਵੇਖਣ ਵਾਲ਼ਾ ਜੋਸ਼ ਪੰਜਾਬੀ
ਛੱਡਦੇ ਜਾਣ ਜੈਕਾਰੇ ।
ਪੜ੍ ਲੋ ਭਾਵੇਂ ਇਤਿਹਾਸ ਇਹਨਾਂ ਦਾ
ਹਾਰ ਕੇ ਵੀ ਨਈਓਂ ਹਾਰੇ ।
ਪੋਰਸ ਦੀ ਗੱਲ ਸੁਣ ਕੇ ਸਿਕੰਦਰ
ਗਿਆ ਸੀਗਾ ਬਲਿਹਾਰੇ ।
ਸ਼ਹੀਦੀਆਂ ਪਾ ਸਕਦੇ
ਦਸ਼ਮੇਸ਼ ਗੁਰੂ ਦੇ ਪਿਆਰੇ ।
ਸ਼ਹੀਦੀਆਂ ਪਾ ਸਕਦੇ ।

ਕਿਰਸਾਨਾਂ ਦੀ ਪਿੱਠ ‘ਤੇ ਆ ਗਏ
ਬਾਕੀ ਵਰਗ ਵੀ ਸਾਰੇ ।
ਕਰਦੇ ਜਾਂਦੇ ਚੌੜ ਚਾਨਣਾਂ
ਸੂਰਜ ਚੰਨ ਸਿਤਾਰੇ ।
ਆਖਣ ਅੜੀਅਲ ਹਾਕਮ ਨੂੰ ਹੁਣ
ਦਿਨੇ ਵਿਖਾਉਂਣੇ ਤਾਰੇ ।
ਦਿੱਲੀ ਦੀਆਂ ਸੜਕਾਂ ਦੇ
ਜਦੋਂ ਪਾਸੇ ਘੇਰ ਲਏ ਸਾਰੇ ।
ਦਿੱਲੀ ਦੀਆਂ ਸੜਕਾਂ ਦੇ ।

ਹੱਕ ਲੈਣ ਦਾ ਇੱਕੋ ਤਰੀਕਾ
ਆਮ ਲੋਕਾਂ ਦਾ ਏਕਾ ।
ਜੋ ਕਹਿੰਦਾ ਸੀ ਥੋਡੀ ਜ਼ਮੀਨ ਦਾ
ਮੈਂ ਦੇਊਂਗਾ ਠੇਕਾ ।
ਉਸ ਨੂੰ ਸਾਡੀਆਂ ਮਾਵਾਂ ਆਖਿਆ
ਤੂੰ ਲਗਦਾ ਏਂ ਢੇਕਾ ।
ਇੱਕ ਮਿੱਕ ਹੋ ਗਿਆ ਏ
ਸਾਡਾ ਸਹੁਰਾ ਤੇ ਪੇਕਾ ।
ਇੱਕ ਮਿੱਕ ਹੋ ਗਿਆ ਏ ।

ਅੰਨਦਾਤਿਆਂ ਦਾ ‘ਕੱਠ ਹੋ ਗਿਆ
ਦਿੱਲੀ ਬਾਡਰ ‘ਤੇ ਭਾਰੀ ।
ਪੰਜਾਬ ਹਰਿਆਣਾ ਤੇ ਯੂ.ਪੀ.ਤੋਂ
ਆ ਗਏ ਖਿੱਚ ਕੇ ਤਿਆਰੀ ।
ਬੱਸ ਇੱਕ ਅਪਣੇ ਹੱਕ ਮੰਗਦੇ ਨੇ
ਗੱਲ ਨਾ ਕੋਈ ਨਿਆਰੀ ।
ਕਿਧਰੇ ਉਡ ਪੁਡ ਗਈ
ਕਰੋਨਾਂ ਦੀ ਮਹਾਂਮਾਰੀ ।
ਕਿਧਰੇ ਉਡ ਪੁਡ ਗਈ ।

‘ਕੱਠੇ ਹੋ ਕੇ ਜਦੋਂ ਦਿੱਲੀ ਦੀਆਂ
ਦੇਹਲ਼ੀਆਂ ਉੱਪਰ ਬਹਿ ਗਏ ।
ਸਮੇਂ ਦੀਆਂ ਸਰਕਾਰਾਂ ਨੂੰ ਫਿਰ
ਭਾਰੇ ਮਾਮਲੇ ਪੈ ਗਏ ।
ਜੋ ਬਣਦੇ ਸੀ ਖੱਬੀ ਖ਼ਾਨ ਸਭ
ਢੇਰੀਆਂ ਵਾਂਗੂੰ ਢਹਿ ਗਏ ।
ਪੁੱਤਰ ਪੰਜਾਬ ਸਿੰਘ ਦੇ
ਫੇਰ ਪਹਿਲਾ ਨੰਬਰ ਲੈ ਗਏ ।
ਪੁੱਤਰ ਪੰਜਾਬ ਸਿੰਘ ਦੇ ।

ਅਜੇ ਵੀ ਕਰਦੇ ਫਿਰਨ ਚਲਾਕੀ
ਮੁਗਲਾਂ ਗੋਰਿਆਂ ਵਾਂਗੂੰ ।
ਭੋਲ਼ੇ ਭਾਲ਼ੇ ਕਿਸਾਨ ਵਿਚਾਰੇ
ਵਰਕੇ ਕੋਰਿਆਂ ਵਾਂਗੂੰ ।
ਕਿਧਰੇ ਉਡ ਪੁਡ ਗਏ
ਗ਼ਮ ਤੇ ਝੋਰਿਆਂ ਵਾਂਗੂੰ ।
ਕਿਧਰੇ ਉਡ ਪੁਡ ਗਏ ।

ਤੈਨੂੰ ਕੀ ਸਮਝਾਵਾਂ ਦਿੱਲੀਏ
ਤੂੰ ਖ਼ੁਦ ਬਹੁਤ ਸਿਆਣੀ ।
ਰੁਲ਼ਦੂ ਬੱਕਰੀਆਂ ਵਾਲ਼ੇ ਨੇ ਵੀ
ਖ਼ਾਕ ਵਥੇਰੀ ਛਾਣੀਂ ।
ਤੂੰ ਵੇਲ਼ੇ ਨੂੰ ਪਛਤਾਵੇਂਗੀ ਜਦ
ਸਿਰ ਤੋਂ ਲੰਘ ਗਿਆ ਪਾਣੀ ।
ਮਰਦ ਦਲੇਰਾਂ ਦੀ
ਤੈਥੋਂ ਤਾਬ ਝੱਲੀ ਨਈਂ ਜਾਣੀਂ ।
ਮਰਦ ਦਲੇਰਾਂ ਦੀ ।

ਰੁਲ਼ਦੂ ਆਖੇ ਸਾਡੇ ਘੋਲ਼ ਦਾ
ਸ਼ਾਂਤਮਈ ਹੈ ਧਰਨਾਂ ।
ਪਹਿਲ ਕਿਸੇ ਵੀ ਨਹੀਂਓਂ ਕਰਨੀਂ
ਹੱਲਾ ਗੁੱਲਾ ‘ਨੀਂ ਕਰਨਾਂ ।
ਲੋੜ ਪਈ ਤਾਂ ਅਸੀਂ ਦੱਸਾਂਗੇ
ਕੀ ਕਰਨਾਂ ਕਦ ਕਰਨਾਂ ।
ਪੱਗ ਦਾ ਸਵਾਲ ਹੋ ਗਿਆ
ਹੁਣ ਜਿੱਤੇ ਬਿਨਾਂ ‘ਨੀਂ ਸਰਨਾਂ ।
ਪੱਗ ਦਾ ਸਵਾਲ ਹੋ ਗਿਆ ।

ਟਰਾਂਸਪੋਰਟ ਵਾਲ਼ਿਆਂ ਵੀ ਫੈਸਲਾ
ਅਪਣੇ ਹੱਕ ਵਿੱਚ ਕੀਤਾ ।
ਕਹਿੰਦੇ ਦੋ ਕੁ ਦਿਨਾਂ ‘ਚ ਵੇਖਿਓ
ਚੱਕਾ ਜਾਮ ਜਦ ਕੀਤਾ ।
ਹੌਲ਼ੀ ਹੌਲ਼ੀ ਸਾਰੇ ਆਉਂਣਗੇ
ਕੀ ਜੀਤਾ ਕੀ ਮੀਤਾ ।
ਹੁਣ ਸਭ ਸਮਝ ਗਏ
ਕਿ ਹਾਕਮ ਹੈ ਬਦਨੀਤਾ ।
ਹੁਣ ਸਭ ਸਮਝ ਗਏ ।

ਫ਼ੌਜੀ ਵੀਰ ਵੀ ਨਾਲ਼ ਆ ਗਏ
ਨਾਲ਼ੇ ਆਏ ਖਿਡਾਰੀ ।
ਕੋਈ ਫਲ਼ਾਂ ਦਾ ਲਿਆਇਆ ਟੋਕਰਾ
ਕਿਸੇ ਦੀ ਦੁੱਧ ਦੀ ਵਾਰੀ ।
ਕਈ ਵਿਦੇਸ਼ੋਂ ਪੌਂਡ ਭੇਜਦੇ
ਕਈ ਆ ਗਏ ਮਾਰ ਉਡਾਰੀ ।
ਰੁਲ਼ਦੂ ਨੇ ਪਿੜ ਬੰਨਿ੍ਆਂ
ਮੇਲਾ ਲੱਗ ਗਿਆ ਭਾਰੀ ।
ਰੁਲ਼ਦੂ ਨੇ ਪਿੜ ਬੰਨਿ੍ਆਂ ।

ਆਰੀ ਆਰੀ ਆਰੀ ਹਾਕਮਾਂ
ਆਰੀ ਆਰੀ ਆਰੀ ।
ਪਹਿਲਾਂ ਹਰਿਆਣੇ ਦੀ ਪਿੱਠ ਹੈ ਲਾਈ
ਹੁਣ ਤੇਰੀ ਹੈ ਵਾਰੀ ।
ਅਜੇ ਵੀ ਸਾਡਾ ਕਹਿਣਾਂ ਮੰਨ ਲੈ
ਜੇਕਰ ਗੱਦੀ ਪਿਆਰੀ ।
ਪਲਾਂ ਵਿੱਚ ਲੱਥ ‘ਜੂ ਗੀ
ਕੁਰਸੀ ਵਾਲ਼ੀ ਖ਼ੁਮਾਰੀ ।
ਪਲਾਂ ਵਿੱਚ ਲੱਥ ‘ਜੂ ਗੀ ।

ਖੱਟਰ ਨੇ ਹਰਿਆਣੇ ਦੀ
ਧਰਤੀ ਸੀ ਬੈਅ ਕਰਵਾ ‘ਲੀ।
ਭਾਰੀਆਂ ਭਾਰੀਆਂ ਰੋਕਾਂ ਲਾ ਕੇ
ਫ਼ੋਰਸ ਸੀ ਬੁਲਵਾ ‘ਲੀ ।
ਬੱਕਰੀਆਂ ਵਾਂਗੂੰ ਰੁਲ਼ਦੂ ਹੁਰਾਂ ਨੇ
ਜਦ ਮੂਹਰੇ ਸੀ ਲਾ ‘ ਲੀ ।
ਸਾਰੀ ਦੁਨੀਆਂ ਤੋਂ
ਚਰਚਾ ਸੀ ਕਰਵਾ ‘ ਲੀ ।
ਸਾਰੀ ਦੁਨੀਆਂ ਤੋਂ ।

ਸਿਆਸੀ ਲੋਕ ਵੀ ਮਿਲੇ ਹੋਏ
ਸਨਮਾਨ ਨੇ ਮੋੜਨ ਲੱਗੇ ।
ਕਰ ਕੇ ਵਿਖਾਵਾ ਨਾਤਾ ਵੋਟਰਾਂ
ਨਾਲ਼ ਨੇ ਜੋੜਨ ਲੱਗੇ ।
ਕਈ ਕਿਸੇ ਨਾਲ਼ ਮਿਲਣ ਲੱਗੇ
ਤੇ ਕਿਸੇ ਨੂੰ ਛੋੜਨ ਲੱਗੇ ।
ਆਉਂਦੀਆਂ ਚੋਣਾਂ ਲਈ
ਅਪਣੇ ਤਾਂਗੇ ਜੋੜਨ ਲੱਗੇ ।
ਆਉਂਦੀਆਂ ਚੋਣਾਂ ਲਈ ।

ਹਾਕਮ ਨੇ ਸਵੀਕਾਰ ਕਰੀ ਨਾ
ਜੇ ਕੋਈ ਹਾਮੀ ਭਰਨੀਂ ।
ਇਸ ਤੋਂ ਮਗਰੋਂ ਮੀਟਿੰਗ ਅਸੀਂ ਕੋਈ
ਫੇਰ ਕਦੇ ਨਈਓਂ ਕਰਨੀ ।
ਦਿੱਲੀ ਹੱਥ ਲਾ ਲਾ ਕੇ ਵੇਖੂ
ਜਦੋਂ ਜਿੱਤੀ ਬਾਜੀ ਹਰਨੀ ।
ਰੁਲ਼ਦੂ ਬਾਬੇ ਦੇ
ਜਦ ਗਿਰਨਾਂ ਪੈ ਗਿਆ ਚਰਨੀਂ ।
ਰੁਲ਼ਦੂ ਬਾਬੇ ਦੇ ।

ਪਿੰਡ ਰੰਚਣਾਂ ਨੇ ਰਲ਼ ਮਿਲ ਕੇ
ਜੋੜ ਬੋਲੀਆਂ ਪਾਈਆਂ ।
ਇੱਕ ਥਾਂ ਕੱਠੀਆਂ ਹੋ ਕੇ ਬਹਿ ‘ਗੀਆਂ
ਨਣਦਾਂ ਤੇ ਭਰਜਾਈਆਂ ।
ਚਾਚਿਆਂ ਤਾਇਆਂ ਫੁੱਫੜਾਂ ਮਾਮਿਆਂ
ਘੁੱਟ ਕੇ ਜੱਫੀਆਂ ਪਾਈਆਂ ।
ਸ਼ਰਮੇਂ ਤੇ ਰੁਲ਼ਦੂ ਤੋਂ
ਨਈਂ ਹੁੰਦੀਆਂ ਵਡਿਆਈਆਂ ।
ਸ਼ਰਮੇਂ ਤੇ ਰੁਲ਼ਦੂ ਤੋਂ ।

ਮੂਲ ਚੰਦ ਸ਼ਰਮਾ

ਸੰਪਰਕ ਨੰਬਰ -9478408898

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੱਲੇ ਮੁੰਦੀਆਂ
Next article” ਉਚੇਰੀਆਂ ਕਲਮੀ ਉਡਾਣਾਂ ਭਰ ਰਹੀ ਮੁਟਿਆਰ :- ਤਰਵਿੰਦਰ ਕੌਰ ਝੰਡੋਕ “