ਬਾਬਾ ਟਰਪੱਲੂ ਦਾਸ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਬਾਬਾ ਟਰਪੱਲੂ ਦਾਸ ਮੇਰਾ ਲੰਗੋਟੀਆ ਯਾਰ ਤਾਂ ਨਹੀਂ ਪਰ ਅਸੀਂ ਇੱਕੋ ਪਿੰਡੋਂ ਆਂ ਤੇ ਮੈਂ ਇਹਨੂੰ ਉਦੋਂ ਦਾ ਜਾਣਦਾਂ ਜਦ ਇਹ ਆਪਣੀ ਮਾਂ ਦੀਆਂ ਚਪਲੀਆਂ ਤੋਂ ਬਚਦਾ, ਕਛਨੀ ਨੂੰ ਹੱਥ ਪਾ ਕੇ ਭੱਜਿਆ ਜਾਂਦਾ, ਅੱਧੇ ਪਿੰਡ ਦੀਆਂ ਰੂੜੀਆਂ ਟੱਪ ਜਾਇਆ ਕਰਦਾ ਸੀ। ਅਸੀਂ ਤਾਂ ਇਹਨੂੰ ਉਦੋਂ ‘ਕੋਕੜੂ’ ਕਰ ਕੇ ਈ ਜਾਣਦੇ ਹੁੰਦੇ ਸੀ। ਪਿਛਲੇ ਦਿਨੀਂ ਜਦ ਮੈਨੂੰ ਪਤਾ ਲੱਗਾ ਕਿ ਕੋਕੜੂ, ਵੱਡੇ ਸ਼ਹਿਰ ਦੇ ਇੱਕ ਵੱਡੇ ਡੇਰੇ ਦਾ ਵੱਡਾ ਡੇਰੇਦਾਰ ਥਾਪਿਆ ਗਿਐ ਤਾਂ ਮੈਨੂੰ ਕੋਈ ਬਹੁਤੀ ਹੈਰਾਨੀ ਨਹੀਂ ਹੋਈ ਕਿਉਂਕਿ ਆਹ ਕੋਕੜੂ ਦੇ ‘ਚਿਕਨੇ ਪਾਤ’ ਤਾਂ ਮੈਂ ਬਚਪਨ ‘ਚ ਈ ਸਿਆਣ ਲਏ ਸੀ ਬਈ ‘ਇਹ ਵੱਡਾ ਹੋ ਕੇ, ਇੱਕ ਦਿਨ ਕੁਛ ਨਾ ਕੁਛ ਵੱਡਾ ਲੈ ਕੇ ਡਿੱਗੂ।’

ਇਹਦੇ ਬਚਪਨੀ ਕਾਰਨਾਮੇ, ਜਿਨ੍ਹਾਂ ਦਾ ਮੈਂ ਗਵਾਹ ਰਿਹਾਂ, ਥੋਨੂੰ ਦੱਸਾਂ ਤਾਂ ਤੁਸੀਂ ਵੀ ਸਹਿਮਤ ਹੋਵੋਂਗੇ ਕਿ ‘ਇਹ ਬੰਦਾ ਤਾਂ ਕੁਛ ਵੀ ਕਹਿ ਸਕਦੈ, ਕੁਛ ਵੀ ਕਰ ਸਕਦੈ।’ ਹੁਣ ਇਹਦੇ ਲੱਛਣਾਂ (ਜਾਂ ਕਹਿ ਲਓ ਕੁਲੱਛਣਾਂ) ਸਦਕਾ ਵੱਡੇ ਡੇਰੇਦਾਰ ਦੇ ਰੂਪ ਵਿੱਚ, ਇਹਨੂੰ ‘ਬਾਬਾ ਟਰਪੱਲੂ ਦਾਸ 3600 ਫੋਰਡ ਵਾਲ਼ੇ’ ਦੀ ਪਦਵੀ ਬਖ਼ਸ਼ੀ ਗਈ ਐ। ਊਂਅ ‘ਬਾਬਾ ਟਰਪੱਲੂ ਦਾਸ’ ਆਲ਼ੀ ਉਪਾਧੀ ਇਹਦੇ ‘ਤੇ ਜਮਾਂ ਈ ਢੁਕਵੀਂ ਐ ਕਿਉਂਕਿ ਇਹਨੇ ਜ਼ਿੰਦਗੀ ਵਿੱਚ ਅੱਜ ਤੱਕ ਕੋਈ ਚੱਜ ਦਾ ਕੰਮ ਨਹੀਂ ਕੀਤਾ, ਕੀਤੈ ਤਾਂ ਬੱਸ ਇੱਕੋ–ਇੱਕ ਕੰਮ ਕੀਤੈ ਉਹ ਐ – ਟਰਪੱਲ ਮਾਰਨ ਦਾ।

ਮਹੰਤ ਬਣ ਕੇ ਹੁਣ ਇਹ ਵੱਡੀਆਂ–ਵੱਡੀਆਂ ਫੁਕਰੀਆਂ ਮਾਰ ਰਿਹੈ, ਬਈ ‘ਮੈਂ ਫਲਾਣੀ ਥਾਂ ਤੋਂ ਪੜ੍ਹਿਆਂ, ਢਮਕਾਣੀ ਥਾਂ ਤੋਂ ਮੈਂ ਬੀ.ਆ. ਕੀਤਾ, ਅੱਲਮ ਥਾਂ ਤੋਂ ਮਾਸਟਰ ਕੀਤੈ, ਗੱਲਮ ਥਾਂ ਤੋਂ ਦੂਸਰਾ ਮਾਸਟਰ (ਡਬਲ ਐਮ.ਏ.) ਕੀਤਾ।’ ਪਰ ਇਹਨੇ ਖੇਹ ਤੇ ਸਵਾਹ ਨ੍ਹੀਂ ਕੀਤਾ। ਸਾਡੇ ਵੇਲ਼ਿਆਂ ‘ਚ ਈ ਸਰਕਾਰੀ ਫ਼ੁਰਮਾਨ ਜਾਰੀ ਹੋਇਆ ਸੀ ਬਈ ‘ਅੱਠਵੀਂ ਤੱਕ ਕਿਸੇ ਜਵਾਕ ਨੂੰ ਫ਼ੇਲ੍ਹ ਨਹੀਂ ਕਰਨਾ।’ ਪਰ ਇਹਦੀ ਨਲਾਇਕੀ ਦੇ ਸਦਕੇ, ਇਹਨੇ ਪਹਿਲੀ ਪੱਕੀ ‘ਚ ਈ ਅੱਠ ਸਾਲ ਲਾਤੇ।

ਇਹਦਾ ‘ੳ’ ਕਦੇ ਵੀ ‘ਊਠ’ ਨ੍ਹੀਂ ਬਣਿਆ, ਇਹਦੀ ‘ਏ’ ਕਦੇ ‘ਐਪਲ’ ਨਹੀਂ ਬਣੀ ਤੇ ਨਾ ਈ ਹਿੰਦੀ ਆਲ਼ੇ ‘ਅ’ ਤੋਂ ਇਹਨੇ ‘ਆਮ’ ਬਣਾਇਆ। ਇਹ ਤਾਂ ਸਦਾ ‘ੳ’ ਤੋਂ ਬੋਤਾ, ‘ਏ’ ਫਾਰ ‘ਸਿਓ’ ਤੇ ਹਿੰਦੀ ਆਲ਼ੇ ‘ਅ’ ਤੋਂ ਅੰਬ ਈ ਬਨਾਉਂਦਾ ਰਿਹੈ ਤੇ ਮਾਸਟਰਾਂ ਤੋਂ ਆਪਣੇ ਖੰਭ ਝੜ੍ਹਵਾਉਂਦਾ ਰਿਹੈ। ਸਾਡਾ ਹੈੱਡ–ਮਾਸਟਰ ਤਾਂ ਇਹਦੇ ਦੁਖੋਂ ਈ ਬਦਲੀ ਕਰਾ ਕੇ ਗਿਆ ਸੀ, ਜਦੋਂ ਫ਼ਲਾਇੰਗ ਵਾਲ਼ਿਆਂ ਮੂਹਰੇ ਕੋਕੜੂ ਨੇ ਇੱਕੋ ਕਲਾਸ ਵਿੱਚ ਅੱਠ ਸਾਲ ਲਾਉਣ ਬਾਰੇ ਹੁੱਬ ਕਿ ਕਿਹਾ ਬਈ “ਮਾਸਟਰ ਮੈਨੂੰ ਚੱਜ ਨਾਲ਼ ਪੜ੍ਹਾਉਣ ਤਾਂ ਹੀ ਮੈਨੂੰ ਕੁਛ ਆਊ। ਮਾਸਟਰ ਤਾਂ ਸਾਰੀ ਦਿਹਾੜੀ ਭੈਣਜੀਆਂ ‘ਤੇ ਟਰਾਈ ਮਾਰੀ ਜਾਂਦੇ ਨੇ, ਤੇ ਭੈਣਜੀਆਂ, ਇਹ ਸਾਰੀ ਦਿਹਾੜੀ ਮਿਡ–ਡੇ ਮੀਲ ਦੀਆਂ ਲਾਂਗਰੀ ਬਣੀਆਂ ਰਹਿਣਗੀਆਂ।

ਹੈੱਡਮਾਸਟਰ ਸਾਡਾ ਅੱਧੀ ਦਾਲ਼ ਵਿੱਚ ਅੱਧੇ ਕੋਕੜੂ ਰਲ਼ਾ–ਰਲ਼ਾ ਜੁਆਕਾਂ ਨੂੰ ਛਕਾਈ ਜਾਂਦੈ ਤੇ ਆਪ ਵਿੱਚੋਂ ਮੋਟਾ ਮੁਨਾਫ਼ਾ ਕਮਾਈ ਜਾਂਦੈ। ਸਕੂਲ ਸਾਡੇ ਦਾ ਚਪਰਾਸੀ ਮਨਰੇਗਾ ਵਿੱਚ ਭਰਤੀ ਹੋ ਕੇ ਤਨਖ਼ਾਹ ਦੀ ਦੂਹਰੀ ਤਹਿ ਲਾਈ ਜਾਂਦੈ। ਫੇਰ ਮੈਨੂੰ ਦੱਸੋ ਇਹ ਕਿੱਥੋਂ ਡੀ.ਸੀ. ਲਵਾ ਦੇਣਗੇ !!” ਉਹ ਦਿਨ ਤੇ ਕੋਕੜੂ ਦੇ ਸਕੂਲ ਛੱਡਣ ਦਾ ਆਖ਼ਰੀ ਦਿਨ; ਮਾਸਟਰਾਂ, ਭੈਣਜੀਆਂ ਤੇ ਨਵੇਂ ਹੈੱਡਮਾਸਟਰ ਨੇ ਫੇਰ ਕਦੇ ਕੋਕੜੂ ਵੱਲ ਮੂੰਹ ਈ ਨਹੀਂ ਕੀਤਾ ਤੇ ਕੋਕੜੂ ਨੂੰ ਲੱਗਣ ਲੱਗ ਪਿਆ ਬਈ ‘ਉਹ ਸਕੂਲ ਦਾ ਆਮ ਵਿਦਿਆਰਥੀ ਨਹੀਂ ਬਲਕਿ ਕੋਈ ‘ਚੋਜੀ ਬਾਲਕ’ ਐ ਜਾਂ ਫ਼ਿਲਮਾਂ ਆਲ਼ਾ ‘ਗੱਬਰ ਸਿੰਘ’ ਐ ਜਾਂ ਸਿੱਖਿਆ ਵਿਭਾਗ ਦਾ ‘ਡੀ.ਓ.’ ਐ ਜਿਸ ਤੋਂ ਸਾਰੇ ਡਰਦੇ ਐ।’

ਜੱਕੜ, ਟਰਪੱਲ ਮਾਰਨ ਦਾ ਭੁੱਸ ਇਹਨੂੰ ਬਚਪਨ ਵਿੱਚ ਈ ਪੈ ਗਿਆ ਸੀ। ਕੇਰਾਂ ਅਸੀਂ ਆਪਣੇ ਪਿੰਡ ਤੋਂ ਬਾਹਰ ਕਬੱਡੀ ਦਾ ਟੂਰਨਾਮੈਂਟ ਖੇਡਣ ਚਲੇ ਗਏ। ਇਹਨੂੰ ਕੋਕੜੂ ਨੂੰ ਵੀ ਮਜਬੂਰੀਵੱਸ ਪੰਦਰਵਾਂ–ਸੋਲ੍ਹਵਾਂ ਵਾਧੂ ਖਿਡਾਰੀ ਬਣਾ ਕੇ ਲੈਗੇ। ਕੁਦਰਤੀ ਖੇਡਦਿਆਂ–ਖੇਡਦਿਆਂ ਸਾਡੇ ਬਹੁਤੇ ਖਿਡਾਰੀ ਜ਼ਖ਼ਮੀ ਹੋਗੇ ਤੇ ਕੋਕੜੂ ਨੂੰ ਮਜਬੂਰਨ ਪਿੜ ਵਿੱਚ ਨਿਤਰਨਾ ਪਿਆ। ਪਹਿਲੀ ਰੇਡ ਪਾਉਣ ਗਏ ਨੂੰ ਅਗਲਿਆਂ ਨੇ ਚੱਕ ਲਿਆ। ਮੁੜ ਕੇ ਆਹ ਕੋਕੜੂ ਜਾਫੀ ਬਣ ਕੇ ਵਿਰੋਧੀ ਖਿਡਾਰੀ ਨੂੰ ਰੋਕਣ ਲੱਗਾ ਤਾਂ ਉਹਨੇ ਇਹਦੇ ਇਹੋ ਜਾ ਕਰਾਰਾ ਚਪੜਾ ਮਾਰਿਆ ਕਿ ਇਹਨੂੰ ਤਾਂ ਧਰਤੀ ਬਸਾਰ ਅਰਗੀ ਦਿਖਣ ਲਾਤੀ।

ਮੈਚ ਮੁੱਕਣ ਤੋਂ ਬਾਅਦ ਮੁੜਕੇ ਢੈਲ਼ਾ ਜਾ ਹੋਇਆ, ਗੁਆਂਢੀ ਪਿੰਡ ਆਲ਼ੇ ਮੁੰਡਿਆਂ ਕੋਲ਼ ਬੈਠਾ ਟਰਪੱਲ ਮਾਰੀ ਜਾਵੇ ਕਿ ਅਖੇ ਜੀ “ਮੇਰੀ ਤਾਂ ਕਬੱਡੀ ਗੇਮ ਓ ਹੈ ਨ੍ਹੀਂ, ਮੈਂ ਤਾਂ ਗੋਲ਼ਾ ਸੁੱਟਦਾ ਹੁੰਨਾਂ।”

ਕਿਸੇ ਨੇ ਪੁੱਛ ਲਿਆ ਬਈ “ਕਿੰਨੀ ਕੁ ਦੂਰ ਗੋਲ਼ਾ ਸੁੱਟ ਲੈਨੈਂ ?”

ਤਾਂ ਕੋਕੜੂ ਨੇ ਵੱਡਾ ਟਰਪੱਲ ਮਾਰਿਆ ਤੇ ਕਹਿੰਦਾ, “100–150 ਫੁੱਟ ਤਾਂ ਟਪਾ ਈ ਦਿੰਨਾਂ।”

ਭਾਈ ਕਿਸੇ ਨੂੰ ਵਿਸ਼ਵਾਸ ਜਾ ਨਾ ਆਇਆ ਪਰ ਇਹਦੇ ਮੂੰਹ ‘ਤੇ ਕਿਸੇ ਨੇ ਕੁਛ ਨ੍ਹੀਂ ਕਿਹਾ। ਜਦ ਇਹ ਉੱਠ ਕੇ ਥੋੜ੍ਹਾ ਲਾਂਭੇ ਜੇ ਹੋਇਆ ਤਾਂ ਮੁੰਡੇ ਮੈਨੂੰ ਪੁੱਛਣ, “ਬਾਈ, ਤੂੰ ਇਹਦੇ ਪਿੰਡ ਦੈਂ, ਤੂੰ ਦੱਸ ਇਹ 100–150 ਫੁੱਟ ਗੋਲ਼ਾ ਸੁੱਟ ਲੈਂਦੈ ?”

ਮੈਂ ਕਿਹਾ, “ਓ ਯਾਰ ਜਦ ਗੱਲਾਂ ਦਾ ਈ ਗੋਲ਼ਾ ਸੁੱਟਣੈ, ਫੇਰ ਭਾਵੇਂ ਅਗਲਾ 100–150 ਛੱਡ, 1000 ਫੁੱਟ ਸੁੱਟਦੇ, ਤੁਸੀਂ ਕਾਹਤੋਂ ਹਰਾਨ–ਪਰਸ਼ਾਨ ਹੋਈ ਜਾਨੇ ਓਂ !!”

ਮੈਂ ਸੁਣਿਐ ਮਹੰਤ ਬਣਨ ਤੋਂ ਬਾਅਦ ਜਿਹੜੀ ਇਹ ਆਥਣ ਜੇ ਨੂੰ ਕਥਾ ਕਰਦੈ, ਉਹਦੇ ਵਿੱਚ ਐਡੇ–ਐਡੇ ਟਰਪੱਲ ਮਾਰਦੈ ਕਿ ਸੁਣ ਕੇ ਕਈ ਆਰੀਂ ਤਾਂ ਇਹਦੇ ਅੰਧਭਗਤਾਂ ਨੂੰ ਵੀ ਗਸ਼ੀ ਪੈ ਜਾਂਦੀ ਐ।

ਸੁਣਿਐ, ਇੱਕ ਦਿਨ ਕਥਾ ਕਰਦਾ ਕਹੀ ਜਾਵੇ, “ਭਗਤੋ, ਮੈਂ ਛੋਟਾ ਹੁੰਦਾ ਬਹੁਤ ਦਲੇਰ ਬਾਲਕ ਹੁੰਦਾ ਤੀ। ਸਾਡੇ ਪਿੰਡ ਲਾਗੇ ਜਿਹੜਾ ਘੱਗਰ ਐ, ਜਾ ਕੇ ਦੇਖਿਓ ਕਦੇ, ਉਹ ਜਦ ਪੂਰਾ ਭਰਿਆ ਹੁੰਦਾ ਤੀ, ਮੈਂ ਉਦੋਂ ਉਹ ਤਰ ਕੇ ਪਾਰ ਕਰਦਾ ਹੁੰਦਾ ਤੀ।”

ਇਹ ਕੋਕੜੂ ਤਾਂ ਪਾਣੀ ਤੋਂ ਡਰਦਾ ਕਦੇ ਸਾਡੇ ਪਿੰਡ ਆਲ਼ੇ ਟੋਭੇ ‘ਚ ਨ੍ਹੀ ਵੜਿਆ, ਟਰਪੱਲ ਮਾਰਦੈ ਘੱਗਰਾਂ ਦੇ !! ਅਸੀਂ ਜਦ ‘ਕੱਠੇ ਹੋ ਕੇ ਪਿੰਡ ਆਲ਼ੇ ਟੋਭੇ ਵਿੱਚ ਨਹਾਉਣਾ ਤਾਂ ਇਹਨੇ ਟੋਭੇ ਦੇ ਢਾਹੇ ਖੜ੍ਹੇ ਨੇ ਸਦਾ ਇੱਕੋ ਬਹਾਨਾ ਮਾਰਨਾ, “ਨਾ ਯਾਰ ਮੈਂ ਨ੍ਹੀਂ ਨੌਂਦਾ, ਮੇਰੇ ਤਾਂ ਪਿੱਤ ਉੱਠ ਖੜ੍ਹਦੀ ਐ…. ਪਿੰਡ ਆਲ਼ੀ ਡਾਕਟਰਨੀ ਕਹਿੰਦੀ ਮੈਨੂੰ ਛਿਲਤ–ਲਗਦੀ (ਸਕਿਨ ਐਲਰਜੀ) ਐ।”

ਤੇ ਜਿਹੜੇ ਘੱਗਰ ਦੀ ਗੱਲ ਇਹ ਕਰਦੈ, ਉਹ ਅਸਲ ਵਿੱਚ ਇੱਕ ਸੂਆ ਏ ਜਿਹਦੇ ਵਿੱਚ ਵੱਧੋ–ਵੱਧ ਪਾਣੀ ਵੀ ਆਵੇ ਤਾਂ ਵੀ ਬੰਦੇ ਦੇ ਲੱਕ ਤੱਕ ਨ੍ਹੀ ਭਿੱਜਦਾ।

ਇੱਕ ਕਥਾ ਵਿੱਚ ਟਰਪੱਲ ਮਾਰਦਾ ਕਹਿੰਦਾ, “ਨਿੱਕਾ ਹੁੰਦਾ ਮੈਂ ਘੱਗਰ ਵਿੱਚੋਂ ਮਗਰਮੱਛ ਫੜ ਕੇ ਲਿਆਇਆ ਸੀ ਤੇ ਉਹਨੂੰ ਪਾਲ਼–ਪਣੋਸ ਕੇ ਮੁੜ ਘੱਗਰ ਵਿੱਚ ਛੱਡ ਆਇਆ ਤੀ।” ਜਦਕਿ ਅਸਲ ਗੱਲ ਇਹ ਐ ਕਿ ਸਕੂਲੋਂ ਹਟ ਕੇ ਇਹਦੇ ਘਰਦਿਆਂ ਨੇ ਇਹਨੂੰ ਮੱਝਾਂ ਚਾਰਨ ਲਈ ਪਾਲ਼ੀ ਰਲ਼ਾਤਾ ਤੇ ਇੱਕ ਵਾਰੀ ਇੱਕ ਦਲਦਲੀ ਜਿਹੀ ਥਉਂ ਤੋਂ ਇਹਨੂੰ ‘ਕੱਛੂ’ ਥਿਹਾ ਗਿਆ ਸੀ। ਇਹਨੇ ਕੱਛੂ ਪਹਿਲੀ ਵਾਰ ਦੇਖਿਆ ਸੀ, ਸੋ ਉਤਸੁਕਤਾ ਵੱਸ ਉਹਨੂੰ ਘਰ ਚੁੱਕ ਲਿਆਇਆ। ਪਿਓ ਇਹਦੇ ਨੇ ਸ਼ਾਬਾਸ਼ ਦਿੱਤੀ ਤੇ ਉਹ ਕੱਛੂ ਉਸੇ ਰਾਤੇ ਇਨ੍ਹਾਂ ਰਿੰਨ੍ਹ ਕੇ ਖਾ ਲਿਆ ਤੇ ਇਨ੍ਹਾਂ ਦੇ ਟੱਬਰ ਦੀ ਇੱਕ ਅੱਲ ‘ਕੱਛੂ–ਖਾਣੇ’ ਵੀ ਪ੍ਰਚਲਿਤ ਰਹੀ ਹੈ।

ਜਦੋਂ ਕੋਕੜੂ ਨਿੱਕਾ ਜਿਹਾ ਸੀ ਤਾਂ ਕਿਸੇ ਦੇ ਜਗਰਾਤਾ ਹੋਣਾ, ਗੁੱਗੇ ਦਾ ਰਾਤਜਗਾ ਹੋਣਾ, ਵਿਆਹ ਹੋਣਾ, ਭੋਗ ਹੋਣਾ ਤਾਂ ਇਹਨੇ ਖਾਣ ਦੇ ਲਾਲਚ ਵਿੱਚ ਸਭ ਤੋਂ ਪਹਿਲਾਂ ਪਹੁੰਚ ਜਾਣਾ। ਜਦ ਇਹ ਥੋੜ੍ਹਾ ਵੱਡਾ ਹੋਇਆ ਤੇ ਥੋੜ੍ਹਾ ਜਿਹਾ ਸਿਆਣਾ (ਚਲਾਕ) ਹੋਇਆ ਤਾਂ ਇਹਨੇ ਇੱਕ ਨਵੀਂ ਓ ਖੇਡ ਚਲਾ ਲਈ। ਮਹਾ ਮਾਈ ਦੇ ਜਾਗਰਣਾਂ ‘ਚ, ਗੁੱਗੇ ਦੇ ਰਾਤਜਗਿਆਂ ਵਿੱਚ ਇਹਦੇ ‘ਚ ‘ਸਵਾਰੀ’ ਆਉਣ ਲੱਗ ਪਈ (ਉਹ ਆਉਂਦੀ ਨਹੀਂ ਸੀ, ਇਹ ਡਰਾਮਾ ਕਰਦਾ ਹੁੰਦਾ ਸੀ, ਇਹਨੇ ਇੱਕ ਵਾਰ ਦਾਰੂ ਪੀ ਕੇ ਮੇਰੇ ਕੋਲ਼ ਇਹ ਗੱਲ ਕਬੂਲ ਕੀਤੀ ਹੋਈ ਐ।) ਜਦੋਂ ਇਹਦੇ ‘ਤੇ ਸਵਾਰੀ ਆ ਜਾਣੀ ਤਾਂ ਇਹਨੇ ਖੇਲਣ ਲੱਗ ਪੈਣਾ, ਪੂਰਾ ਖੇਅੜਾ ਪਾਉਣਾ। ਇਹਨੇ ਸਵਾਰੀ ਦੇ ਪ੍ਰਭਾਵ ਹੇਠ ਊਲ–ਜਲੂਲ ਬਕੀ ਜਾਣਾ, ਗਾਲ਼ਾਂ ਕੱਢੀ ਜਾਣੀਆਂ ਪਰ ਪਿੰਡ ਵਾਲ਼ਿਆਂ ਨੇ ਇਹਨੂੰ ਕੁਛ ਨਾ ਕਹਿਣਾ, ਉਲਟਾ ਸਾਰਾ ਪਿੰਡ ਇਹਦੇ ਅੱਗੇ ਝੁਕ–ਝੁਕ ਮੱਥੇ ਟੇਕਦਾ। ਇਹ ਉਦੋਂ ਮਨਆਈਆਂ ਕਰਦਾ।

ਮਨਚਾਹਿਆ ਖਾਣ–ਪੀਣ ਲਈ ਮੰਗਦਾ, ਪਹਿਨਣ ਲਈ ਮੰਗਦਾ, ਸਭ ਹਾਜ਼ਰ ਹੋਈ ਜਾਂਦਾ। ਉਦੋਂ ਸਵਾਰੀ ਦੇ ਆਵੇਸ਼ ਵਿੱਚ ਇਹ ਜਿਨ੍ਹਾਂ ਦੇ ਬਾਲ–ਬੱਚਾ ਨਾ ਹੁੰਦਾ, ਉਨ੍ਹਾਂ ਨੂੰ ਬਾਲ–ਬੱਚੇ ਦੇਈ ਜਾਂਦਾ, ਜਿਹਦੇ ਮੁੰਡਾ ਨਹੀਂ ਸੀ ਹੁੰਦਾ, ਉਹਨੂੰ ਲੱਕੜ ਦੇ ਮੁੰਡੇ ਸੰਭਾਈ ਜਾਂਦਾ, ਜਿਹੜੇ ਛੜੇ ਹੁੰਦੇ, ਉਨ੍ਹਾਂ ਨੂੰ ਅਪਛਰਾਵਾਂ ਵੰਡਦਾ, ਨੂੰਹਾਂ ਨੂੰ ਸੱਸਾਂ ਕੋਲ਼ੋਂ, ਸੱਸਾਂ ਨੂੰ ਨੂੰਹਾਂ ਕੋਲ਼ੋਂ ਨਿਜਾਤ ਦੁਆਉਣ ਦੀਆਂ ਸਕੀਮਾਂ ਘੜ੍ਹ–ਘੜ੍ਹ ਸੁਣਾਉਂਦਾ। ਕਿਸੇ ਦੀ ਸਲਾਹ ਮੰਨ ਕੇ ਇਹਨੇ ਸਿਰ ਧੋਣਾ ਛੱਡ ਦਿੱਤਾ ਤੇ ਮਹੀਨਿਆਂ ਕੁ ਦੇ ਵਕਫ਼ੇ ਬਾਅਦ ਈ ਇਹਦੇ ਸਿਰ ਦੇ ਵਾਲ਼ ਜਟਾਵਾਂ ਜਿਹੇ ਬਣ ਗਏ। ਸੋ ਹੌਲ਼ੀ–ਹੌਲ਼ੀ ਇਹ ਗੁੱਗੇ ਦੇ ਰਾਤਜਗਿਆਂ ਤੇ ਸਿਰ ਦੀਆਂ ਜਟਾਵਾਂ ਸਦਕਾ ਨਿੱਕੇ ਪੱਧਰ ਦਾ ‘ਮਿੰਨੀ ਬਾਬਾ’ ਬਣ ਗਿਆ।

ਜਗਰਾਤੇ, ਰਾਤਜਗੇ ਆਦਿ ਤਾਂ ਕਦੇ–ਕਦਾਈ ਹੁੰਦੇ, ਇਸ ਲਈ ਕੋਕੜੂ ਦਾ ਸਵਾਰੀ ਆਲ਼ਾ ਦਾਅ ਵੀ ਕਦੇ–ਕਦਾਈ ਈ ਲਗਦਾ। ਇਹਨੇ ਸੋਚਿਆ, ‘ਇਹ ਧੰਦਾ ਸਭ ਤੋਂ ਸਸਤਾ ਤੇ ਟਿਕਾਊ, ਨਾ ਹਿੰਗ ਲੱਗੇ ਨਾ ਫਟਕੜੀ, ਰੰਗ ਫੇਰ ਵੀ ਚੋਖਾ ਆਊ…. ਕਿਉਂ ਨਾ ਇਸੇ ਧੰਦੇ ਵਿੱਚ ਵੱਡੇ ਲੈਵਲ ‘ਤੇ ਹੱਥ ਅਜ਼ਮਾਇਆ ਜਾਏ !!’ ਇਹਦਾ ਇੱਕ ਯਾਰ ਸੀ, ਮੀਤਾ, ਉਹਦਾ ਚਾਹ ਦਾ ਖੋਖਾ ਸੀ। ਕੋਕੜੂ ਨੇ ਉਹਦੇ ਨਾਲ਼ ਗਿਟਮਿਟ ਕਰ ਕੇ, ਉਹਦੇ ਚਾਹ ਆਲ਼ੇ ਖੋਖੇ ਦੇ ਬਾਹਰ ਹੀ ਆਪਣੀ ਦੁਕਾਨਦਾਰੀ ਸ਼ੁਰੂ ਕਰਤੀ। ਇਹ ਲੋਕਾਂ ਦੇ ਹਥਓਲ਼ੇ ਪਾਉਣ ਲੱਗਾ, ਫਾਂਡੇ, ਧਾਗੇ–ਤਬੀਤ ਕਰਨੇ ਵੀ ਸ਼ੁਰੂ ਕਰ ਦਿੱਤੇ। ਵਿੱਚ ਨੂੰ ਲੋਕਾਂ ਦੇ ਹੱਡ–ਗੋਡੇ ਵੀ ਚੜ੍ਹਾਉਣੇ ਸ਼ੁਰੂ ਕੀਤੇ ਸੀ ਪਰ ਉਹ ਦਾਅ ਇਹਦੇ ਲੋਟ ਨਾ ਆਇਆ ਕਿਉਂਕਿ ਨੌਸਿਖੀਏ ਕੋਕੜੂ ਨੇ ਕਈ ਜਣਿਆਂ ਦੇ ਇਹੋ ਜਿਹੇ ਹੱਡ–ਗੋਡੇ ਚੜ੍ਹਾਏ, ਜਿਹੜੇ ਮੁੜ ਕੇ ਵੱਡੇ–ਵੱਡੇ ਡਾਕਟਰਾਂ ਤੋਂ ਵੀ ਲੋਟ ਨਾ ਆਏ।

ਟਰਪੱਲ ਮਾਰੂ ਤਾਂ ਕੋਕੜੂ ਸਿਰੇ ਦਾ ਸੀ। ਇਸ ਲਈ ਇਹਦਾ ਜਿੱਥੇ ਵੀ ਦਾਅ ਲਗਦਾ, ਟਰਪੱਲ ਮਾਰ ਦਿੰਦਾ। ਇਹਦੇ ਟਰਪੱਲਾਂ ਕਰਕੇ ਈ ਦੁਨੀਆ ਇਹਦੇ ਪਿੱਛੇ ਹੋ ਤੁਰੀ ਸੀ। ਇਹਦੇ ਕੁਛ ਮਸ਼ੂਰ–ਮਸ਼ੂਰ ਟਰਪੱਲ ਸੁਣਾਉਨਾ ਮੈਂ ਥੋਨੂੰ, ਲਓ ਨਜਾਰੇ…।

ਕੇਰਾਂ ਮੀਤੇ ਦੇ ਚਾਹ ਆਲ਼ੇ ਖੋਖੇ ‘ਤੇ ਬੈਠਿਆਂ, ਇੱਕ ਜਨਾਨੀ ਦਾ ਹਥੌਲ਼ਾ ਪਾਉਂਦਿਆਂ ਇਹਨੇ ਟਰਪੱਲ ਮਾਰਿਆ ਕਿ ”ਫਲਾਣੇ ਪਿੰਡ ਦਾ ਢਮਕਾਣਾ ਭਲਮਾਨ, ਮੇਰੀ ਜੁੱਤੀ ‘ਚ ਪਾਣੀ ਪੀਂਦੈ।”

ਜਨਾਨੀ ਕਹਿੰਦੀ, “ਬਾਬਾ ਤੇਰੀ ਸਿਹਤ ਤਾਂ ਲਗਦੀ ਨ੍ਹੀਂ ਭਲਮਾਨਾਂ ਆਲ਼ੀ ?”

ਤਾਂ ਕੋਕੜੂ ਨੇ ਵੱਡਾ ਟਰਪੱਲ ਮਾਰਿਆ ਅਖੇ, “ਬਮਾਰ ਜਾ ਰਹਿਣ ਕਰਕੇ ਹੁਣ ਮੇਰਾ ਸਰੀਰ ਲਿੱਸਾ ਹੋ ਗਿਆ ਨਈਂ ਤਾਂ ਪਹਿਲਾਂ ਮੇਰੀ ਛਾਤੀ ਆਠੋ–ਆਠੀ 64 ਇੰਚੀ ਹੁੰਦੀ ਸੀ। ਸੋ ਭਾਈ ਓਹ ਢਮਕਾਣਾ ਭਲਵਾਨ ਛਿੰਞ ‘ਚ ਝੰਡੀ ਚੱਕੀ ਫਿਰੇ। ਮੈਂ ਝੰਡੀ ਫੜ ਕੇ, ਇੱਕੋ ਧੋਬੀ ਪਛਾੜ ਮਾਰਿਆ, ਥਾਏਂ ਢੇਰ ਕਰਤਾ ਬੱਡਾ ਭਲਮਾਨ। ਮੁੜ ਕੇ ਹੁਣ ਤੱਕ ਮੇਰੀ ਗੋਡੀਂ ਹੱਥ ਲਾਉਂਦੈ।”

ਥੌਲ਼ਾ ਪਵਾਉਣ ਆਈ ਤੀਮੀਂ ਦਾ ਬੰਦਾ ਕੁਦਰਤੀ ਓਸ ਢਮਕਾਣੇ ਭਲਵਾਨ ਨੂੰ ਜਾਣਦਾ ਸੀ, ਸੋ ਉਹਨੇ ਜਾ ਕੇ ਕੋਕੜੂ ਆਲ਼ਾ ਟਰਪੱਲ ਉਹਦੇ ਜਾ ਕੱਢ ਮਾਰਿਆ। ਢਮਕਾਣੇ ਭਲਵਾਨ ਨੇ ਨਾ ਆ ਦੇਖਿਆ, ਨਾ ਤਾਅ ਤੇ ਮੀਤੇ ਦੇ ਚਾਹ ਆਲ਼ੇ ਖੋਖੇ ‘ਤੇ ਆ ਕੇ ਕੋਕੜੂ ਨੂੰ ਬੱਕਰੇ ਆਂਗੂੰ ਢਾਹ ਲਿਆ। ਕੋਕੜੂ ਨੂੰ ਫੜ ਕੇ ਇਹਾ ਜਾ ਮਾਰਿਆ ਧੋਬੀ ਪਟਕਾ ਕਿ ਕੋਕੜੂ ਦੀ ‘ਟਰਪੱਲੀ 64 ਇੰਚੀ ਛਾਤੀ’ ਦੀਆਂ ਚਾਪਾਂ ਦਾ ਬਣਾਤਾ ਉਹਨੇ ਕੀਮਾ। ਲੋਕਾਂ ਤੋਂ ਆਪਣੇ ਖੁਰੜੇ ਘੁਟਾਉਂਦਾ–ਘਟਾਉਂਦਾ ਕੋਕੜੂ ਬੱਕਰੇ ਦੇ ਖੁਰੜਿਆਂ ਦਾ ਸੂਪ ਪੀ ਕੇ, 6 ਮਹੀਨੇ ਮੰਜੀ ਦਾ ਪਾਵਾ ਫੜ ਕੇ ਪਿਆ ਰਿਹਾ।

ਐਈਂ ਭਾਈ ਕੇਰਾਂ ਸਾਡੇ ਪਿੰਡ ‘ਚ ਮਲੇਰੀਆ ਫੈਲ ਗਿਆ ਤੇ ਨਾਲ਼ ਹੀ ਡੇਂਗੂ ਵੀ। ਬਾਕੀ ਦਾ ਬਹੁਤੇ ਪਿੰਡ ਆਲ਼ੇ ਬਚਗੇ ਪਰ ਵਿਹੜੇ ਆਲ਼ੇ ਲਗਭਗ ਸਾਰੇ ਈ ਬੀਮਾਰ ਹੋ ਗਏ। ਸੂਹ ਕਢਾਉਣ ਲਈ ਵਿਹੜੇ ਆਲ਼ੇ ਆਗੇ ਮੀਤੇ ਕੇ ਚਾਹ ਆਲ਼ੇ ਖੋਖੇ ‘ਤੇ। ਕੋਕੜੂ ਕਹਿੰਦਾ, “ਲਾ ਲਿਆ ਪਤਾ, ਆਹ ਨਾਲ਼ ਦੇ ਪਿੰਡ ਆਲ਼ਿਆਂ ਦੇ ਕਈ ਅਣਪਛਾਤੇ ਬੰਦੇ ਸੀ, ਜਿਹੜੇ ਆਹ ਬਮਾਰੀ ਫਲਾਗੇ…. ਬੱਸ ਤੁਸੀਂ ਕਾਲ਼ਾ ਕੁਕੜ, ਦਾਰੂ ਤੇ 500–700 ਰਪਈਆ ਸੁੱਖੋ, ਮੈਂ ਆਪਣੀ ਸ਼ਕਤੀ ਨਾਲ਼ ਉਹ ਅਣਪਛਾਤੇ ਬੰਦਿਆਂ ਦਾ ਪਤਾ ਲਾ ਲੈਨਾਂ ਤੇ ਭੂਮੀਏ, ਖੇੜੇ, ਖੇਤਰਪਾਲ, ਸੀਮੇ ਦਿਓਤੇ ਨੂੰ ਰਿਝਾ ਕੇ ਦੁਸ਼ਮਣਾਂ ਦੀਆਂ ਲਾਸ਼ਾਂ ਵਿਛਾ ਦਿੰਨਾ।”

ਵਿਹੜੇ ਆਲ਼ਿਆਂ ਕੋਕੜੂ ਦੀ ਤੀਮਾਰਦਾਰੀ ਕੀਤੀ ਤੇ ਨਾਲ਼ ਈ ਬੇਨਤੀ ਕੀਤੀ ਕਿ “ਜਿਹੜੇ ਅਛਪਛਾਤੇ ਜੇ ਬੰਦਿਆਂ ਨੇ ਸਾਡੇ ਵਿਹੜੇ ਇਹ ਬਮਾਰੀ ਫਲਾਈ ਐ, ਉਨ੍ਹਾਂ ਨੂੰ ਆਪਾਂ ਸਾਰਿਆਂ ਨੇ ਰਲ਼ ਕੇ ਕੁੱਟ ਕੇ ਆਉਣੈ, ਤੂੰ ਬਾਬਾ ਬੱਸ ਪਤਾ–ਟਕਾਣਾ ਦੱਸ।”

ਕੋਕੜੂ ਨੇ ਪਤਾ–ਟਕਾਣਾ ਲੱਭਿਆ ਤੇ ਦੱਸਿਆ ਬਈ “ਦੁਮਸ਼ਣ ਤਾਂ ਗੁਆਂਢੀ ਪਿੰਡ ਆਲ਼ਿਆਂ ਦੇ ਟੋਭੇ ਤੋਂ ਉੱਠ ਕੇ ਆਇਆ ਸੀ… ਦਿਨੇ ਤਾਂ ਉਹ ਲੱਭਣਾ ਨ੍ਹੀ, ਰਾਤ ਨੂੰ ਈ ਦੂਏ ਪਿੰਡ ਜਾ ਕੇ ‘ਸਟਰੈਕ’ ਕਰਨੀ ਪਊ, ਉਨ੍ਹਾਂ ਦੇ ਟੋਭੇ ‘ਤੇ।”

ਵਿਹੜੇ ਆਲ਼ੇ ਰਾਤ ਨੂੰ ਮੜਾਸੇ ਮਾਰ ਕੇ, ਹੱਥਾਂ ‘ਚ ਡਾਂਗਾਂ–ਸੋਟੇ ਫੜ ਕੇ ਤੁਰਪੇ।

ਕਈ ਸਿਆਣਿਆਂ ਨੇ ਕਿਹਾ, ਬਈ “ਅੱਜ ਚੰਦ ਦੀ ਚਾਂਦਨੀ ਰਾਤ ਐ, ਅੱਜ ਨਾ ਜਾਈਏ !!”

ਕੋਕੜੂ ਕਹਿੰਦਾ, “ਵਧੀਆ ਚਾਂਦਨੀ ਐ, ਦੁਸ਼ਮਣ ਸੌਖੇ ਥਿਆ ਜਾਣਗੇ ?”

ਸਿਆਣੇ ਕਹਿੰਦੇ, “ਦੁਸ਼ਮਣ ਨੂੰ ਆਪਾਂ ਵੀ ਤਾਂ ਸੌਖੇ ਥਿਆ ਜਾਂਗੇ ?”

 

ਕੋਕੜੂ ਕਹਿੰਦਾ, “ਫੇਰ ਤਾਂ ਇੱਕੋ ਹੱਲ ਬਚਦੈ ਬਈ ਭਰੂਪੀਏ ਬਣਜੀਏ ?”

ਸਿਆਣੇ ਕਹਿੰਦੇ, “ਉਹ ਕਿਵੇਂ ?”

ਕੋਕੜੂ ਕਹਿੰਦਾ, “ਕੁਛ ਨ੍ਹੀ ਕਰਨਾ, ਬੱਸ ਤੇੜ ਆਲ਼ੇ ਚਾਦਰੇ ਉੱਪਰ ਬੰਨ੍ਹ ਲਓ ਤੇ ਕੁਰਤੇ ‘ਚ ਪਾਲੋ ਲੱਤਾਂ….।”

ਲਓ ਜੀ, ਵਿਹੜੇ ਆਲ਼ੇ ਆਪਣੀ ਜਾਣੇ ਤਾਂ ਬਹਿਰੂਪੀਏ ਬਣ ਕੇ ਪਹੁੰਚਗੇ ਗੁਆਂਢੀ ਪਿੰਡ ਆਲ਼ੇ ਟੋਭੇ ‘ਤੇ। ਕੋਕੜੂ ਨੇ ਟੋਭੇ ਦੇ ਪਾਣੀ ‘ਤੇ ਬੈਠੇ ਮੱਛਰਾਂ ਵੱਲ੍ਹ ਦੇਖ ਕੇ, ਇਸ਼ਾਰਾ ਕਰਦਿਆਂ ਕਿਹਾ, “ਅਟੈਕ” ਤਾਂ ਸਾਰੇ ਵਿਹੜੇ ਆਲ਼ੇ ਡਹਿ ਪਏ ਟੋਭੇ ਦਾ ਪਾਣੀ ਕੁੱਟਣ। 10–12 ਅੱਧਾ–ਪੌਣਾ ਘੰਟਾ ਖਬਜੀ ਗਏ, ਪਾਣੀ ‘ਤੇ ਡਾਗਾਂ ਮਾਰੀ ਗਏ।

ਮੁੜ ਕੇ ਕੋਕੜੂ ਨੇ ਐਲਾਨ ਕਰਤਾ, “ਚਲੋ ਬਈ ਚਲੋ, ਬਮਾਰੀ ਆਲ਼ੇ ਸਾਰੇ ਦੁਸ਼ਮਣ ਮਾਰਤੇ, ਸੁੱਤੇ ਪਏ ਪਏ… ਚਲੋ ਹੁਣ ਪਰਤੀਏ।”
ਗੁਆਂਢੀ ਪਿੰਡ ਆਲ਼ਿਆਂ ਨੂੰ ਸੂਹ ਮਿਲੀ ਕਿ ‘ਪਿੰਡ ‘ਚ ਅਜੀਬ ਜੇ ਹੁਲੀਏ ਆਲ਼ੇ ਬੰਦੇ ਆਏ ਫਿਰਦੇ ਆ’ ਤਾਂ ਉਨ੍ਹਾਂ ਨੇ ਇਨ੍ਹਾਂ ਨੂੰ ਘੇਰ ਲਿਆ। ਸਾਰੇ ਜਣੇ ਤਾਂ ਭੱਜਗੇ ਪਰ ਗੁਆਂਢੀ ਪਿੰਡ ਆਲ਼ਿਆਂ ਦੇ ਧੱਕੇ ਚੜ੍ਹਗੇ ‘ਅੱਬੀ ਤੇ ਨੰਦ।’ ਉਨ੍ਹਾਂ ਨੇ ਇਨ੍ਹਾਂ ਦੋਹਾਂ ਦਾ ਸਮਾਰ ਕੇ ਬੜਾਂਗਾ ਕੀਤਾ ਤੇ ਮੁੜ ਸਿਆਣੇ ਬੰਦਿਆਂ ਦੇ ਆਖੇ ਲੱਗ ਕੇ ‘ਅੱਬੀ ਤੇ ਨੰਦ’ ਤੋਂ ਮਾਫੀ ਮੰਗਵਾ ਕੇ ਛੱਡਿਆ।

ਪਰ ਮੀਤੇ ਚਾਹ ਆਲ਼ੀ ਦੀ ਦੁਕਾਨ ‘ਤੇ ਬੈਠਾ ਕੋਕੜੂ ਫਲੌਟੀਆਂ ਮਾਰ ਰਿਹਾ ਸੀ “ਚਲ ਫੇਰ ਕੀ ਹੋਇਆ ਜੇ ਆਪਣੇ ਦੋ ਬੰਦੇ ਫੱਟੜ ਹੋ ਬਈ ਗਏ, ਆਪਾਂ ਕਿਹੜਾ ਘੱਟ ਕੀਤੀ ਸੀ ਅਗਲਿਆਂ ਨਾਲ਼…. ਅੱਧੇ–ਪੌਣੇ ਘੰਟੇ ‘ਚ ਈ ਦੁਸ਼ਮਣ ਦੇ 100–150 ਬੰਦੇ ਗੱਡੀ ਚਾੜ੍ਹਤੇ।”
ਸਿਆਣਿਆਂ ਊਈਂ ਪੁੱਛ ਲਿਆ ਬਈ “ਕੋਕੜੂ ਤੈਨੂੰ ਕਿਵੇਂ ਪਤਾ ਬਈ ਕਿ ਆਪਾਂ 100–150 ਦੁਸ਼ਮਣ ਮਾਰਤਾ ?”

ਕੋਕੜੂ ਕਹਿੰਦਾ, “ਪਹਿਲਾਂ ਛੱਪੜ ‘ਤੇ 200–250 ਲੈਟ ਬਲ਼ਦੀ ਸੀ, ਆਪਣੇ ਸਟਰੈਕ ਪਿੱਛੋਂ 100 ਕੁ ਲੈਟਾਂ ਈ ਮਚਦੀਆਂ ਰਹਿਗੀਆਂ ਸੀ।”

ਸਿਆਣੇ ਕਹਿੰਦੇ, “ਉਹ ਲੈਟਾਂ ਤਾਂ ਪਟਬੀਜਣਿਆਂ ਦੀਆਂ ਤੀ, ਮਤਬਲ ਆਪਾਂ ਮੱਛਰਾਂ ਦੇ ਭੁਲੇਖੇ ਜੁਗਨੂੰ ਕੁੱਟੇ ਆਏ ?”

ਕੋਕੜੂ ਕਹਿੰਦਾ, “ਨਹੀਂ ਨਹੀਂ, ਆਹ ਜਿਹੜਾ ਡੇਂਗੂ–ਮਲੇਰੀਏ ਆਲ਼ਾ ਦੁਸ਼ਮਣ ਐ, ਇਹਨੂੰ ਨੈਟ ਡਿਊਟੀ ਆਸਤੇ ਬੈਂਟਰੀਆਂ ਮਿਲੀਆਂ ਹੋਈਆਂ…. ਆਪਾਂ ਤਾਂ ਬੈਂਟਰੀਆਂ ਆਲ਼ੇ ਮੱਛਰ ਮਾਰੇ ਆ…. ਤੇ ਨਾਲ਼ੇ ਆਹ ਪਟਬੀਜਣਿਆਂ ਆਲ਼ੀ ਗੱਲ ਹੁਣ ਹੋਰ ਨ੍ਹੀਂ ਕਰਨੀ ਕਿਸੇ ਕੋਲ਼, ਆਪਣੀ ਓ ਬਦਨਾਮੀ ਹੋਊਗੀ, ਆਪਾਂ ਇਹੋ ਕਹਿਣਾ ਬਈ ਅਸੀਂ ਤਾਂ ਬੈਂਟਰੀਆਂ ਆਲ਼ੇ ਮੱਛਰ ਮਾਰੇ ਆ, ਉਹ ਵੀ 100– ਡੇਢ ਸੌ…।”

ਕੇਰਾਂ ਭਾਈ ਕੋਕੜੂ ਨੇ ਕਿਸੇ ਵੱਡੇ ਬੰਦੇ ਦੇ ਘਰੇ ‘ਗੋਬਰ ਗੈਸ ਪਲਾਂਟ’ ਲਗਦਾ ਵੇਖ ਲਿਆ। ਇਹਨੇ ਸੋਚਿਆ ਬਈ ‘ਕਿਉਂ ਨਾ ਆਪਣੇ ਘਰੇ ਤੇ ਆਪਣੇ ਵਿਹੜੇ ਆਲ਼ਿਆਂ ਦੇ ਘਰੇ ਵੀ ਇਹੋ ਜਾ ਈ ਗੋਬਰ ਗੈਸ ਪਲਾਂਟ ਲਾਇਆ ਜਾਵੇ !!’

ਇਹਨੇ ਆ ਕੇ ਵਿਹੜੇ ਆਲ਼ਿਆਂ ਨਾਲ਼ ਗੱਲ ਕੀਤੀ ਤਾਂ ਇਹਦੀ ਸਕੀਮ ਥਾਏਂ ਫੁੱਸ ਹੋਗੀ। ਵਿਹੜੇ ਆਲ਼ੇ ਕਹਿੰਦੇ, “ਆਪਣੇ ਤਾਂ ਡੰਗਰ ਪਸ਼ੂ ਓ ਹੈ ਨ੍ਹੀਂ, ਗੋਬਰ ਗੈਸ ਪਲਾਂਟ ਕਿੱਥੇ ਲਵਾਲਾਂਗੇ ?”

ਇਹ ਮਾਂ ਦਾ ਸ਼ੇਰ ਕਹਿੰਦਾ, “ਬਈ ਗੋਹਾ ਤਾਂ ਗੋਹਾ ਈ ਐ, ਡੰਗਰਾਂ ਦਾ ਹੋਇਆ ਕਿ ਬੰਦਿਆਂ ਦਾ ਹੋਇਆ !” ਸੋ ਇਹਨੇ ਸਾਰੇ ਵਿਹੜੇ ਆਲ਼ਿਆਂ ਨੂੰ ਹਦੈਤ ਕਰਤੀ ਬਈ, “ਹੁਣ ਤੋਂ ਬਾਅਦ ਕੋਈ ਵੀ ‘ਬਾਹਰ’ ਖੇਤਾਂ ‘ਚ ਨਾ ਜਾਵੇ, ਘਰੇ ਈ ਖੁੱਡੀਆਂ ਪੱਟੋ। ਇਹਦੇ ਨਾਲ਼ ਨਾਲ਼ੇ ਤਾਂ ਜੱਟਾਂ ਦੇ ਖੇਤਾਂ ਨੂੰ ਆਪਣੇ ਵੱਲੋਂ ਦਿੱਤੀ ਜਾਂਦੀ ਮੁਫਤ ਖਾਦ ਮਿਲਣੋ ਹਟਜੂ, ਨਾਲੇ ਸਵੱਛ ਅਭਿਮਾਨ ਆਲ਼ਾ ਕੜਛਾ ਵੀ ਫਿਰਜੂ।”

ਲਓ ਜੀ ਵਿਹੜੇ ਆਲ਼ਿਆਂ ਨੇ ਅਣਮੰਨੇ ਜੇ ਮਨ ਨਾਲ਼ ਕੋਕੜੂ ਪਿੱਛੇ ਲੱਗ ਕੇ, ਘਰੇ ਖੁੱਡੀਆਂ ਪੱਟ ਲਈਆਂ ਤੇ ਇਹਨੇ ਵੱਡੇ ਇੰਜੀਨੀਅਰ ਨੇ ਖੁੱਡੀ ਦੇ ਬਾਹਰ, ਕੰਧ ਦੇ ਓਟੇ ਜਿਹੇ ਨਾਲ਼ ਚੁੱਲ੍ਹਾ ਧਰ ਕੇ, ਚੁੱਲ੍ਹੇ ਨਾਲ਼ ਖੁੱਡੀ ਦੀ ਬਾਹਰ ਨੂੰ ਬਦਬੋ ਕਢਦੀ ਪੈਪ ਜੋੜਤੀ, ਜਿਹਦੇ ‘ਚੋਂ ਚੌਵੀ ਘੰਟੇ ਮਨੁੱਖੀ ਗੋਹੇ ਦੀ ਬੋਅ ਆਈ ਜਾਇਆ ਕਰੇ ਪਰ ਉਹ ਗੰਦੀ ਬੋਅ ਨਾਲ਼ ਚੁੱਲ੍ਹਾ ਕੋਈ ਬਲ਼ੇ ਨਾ। ਇਹਦੇ ਆਖੇ ਲੱਗ ਕੇ ਵਿਹੜੇ ਆਲ਼ੇ ਹਫ਼ਤਾ–ਖੰਡ ਤਾਂ ਮੂੰਹ–ਸਿਰ ਜਾ ਲਪੇਟ ਕੇ, ਆਪਣੇ ਕੱਢੇ ‘ਗੋਹੇ’ ਆਲ਼ੀ ਬੋਅ ਸਹਾਰਦੇ ਰਹੇ ਪਰ ਜਦੋਂ ਸਹਾਰਨ ਸ਼ਕਤੀ ਜਮਾਂ ਈ ਜਵਾਬ ਦੇਗੀ ਤਾਂ ਉਹ ਕੋਕੜੂ ਦੇ ਦਵਾਲ਼ੇ ਹੋਗੇ ਕਹਿੰਦੇ, “ਹਾਂ–ਹਾਂ, ਦੱਸ ਸਾਡੇ ਆਲ਼ੇ ਗੋਹੇ ਨਾਲ਼ ਚੁੱਲ੍ਹੇ ਕਦੋਂ ਬਲਣੇ ਆ ?”

ਆਪੂੰ ਬਣੇ ਇੰਜੀਨੀਅਰ ਕੋਕੜੂ ਦੀ ਸਕੀਮ ਤਾਂ ਫੁੱਲ ਫੇਲ੍ਹ ਹੋਗੀ ਪਰ ਇਹ ਪੱਟੂ ਪੈਰਾਂ ‘ਤੇ ਪਾਣੀ ਨਾ ਪੈਣ ਦਵੇ…. ਅਖੇ, “ਹੁਣ ਇਹਦੇ ‘ਚ ਮੇਰਾ ਕੀ ਕਸੂਰ ਐ, ਬਈ ਜੇ ਥੋਡੇ ਕੱਢੇ ਗੋਹੇ ਨਾਲ਼ ਚੁੱਲ੍ਹੇ ਨਹੀਂ ਬਲ਼ੇ !! ਥੋਡੇ ਈ ਗੋਹੇ ‘ਚ ਪ੍ਰਾਣ–ਤੰਤ ਹੈਨੀ, ਓ ਥੋਡੇ ਤੋ ਤਾਂ ਡੰਗਰ–ਪਸ਼ੂ ਚੰਗੇ ਜਿਹੜੇ ਘਾਹ ਖਾ ਕੇ, ਦੁੱਧ ਬੀ ਦਿੰਦੇ ਐ ਤੇ ਗੋਹਾ ਬੀ, ਉਹ ਬੀ ਫਸ–ਕਲਾਸ… ਜਿਹਦੇ ਨਾਲ਼ ਚੁੱਲ੍ਹੇ ਬਲ਼ ਜਾਂਦੇ ਐ।

ਨਾਲ਼ੇ ਚੁੱਲ੍ਹੇ ਕੀ ਸਵਾਹ ਬਲ਼ਣਗੇ, ਜਿਹੜੀ ਅਸਲ ਗੈਸ ਨਾਲ਼ ਅੱਗ ਬਲਣੀ ਹੁੰਦੀ ਐ, ਉਹ ਤਾਂ ਪਤੰਦਰੋ ਤੁਸੀਂ ਊਈਂ ਤੁਰੇ–ਫਿਰਦੇ ਪੱਦਦੇ ਫਿਰਦੇ ਓਂ….. ਤਾਂ ਹੀ ਤਾਂ ਥੋਡੇ ਸਾਰਿਆਂ ਦੇ ਗੋਹੇ ‘ਚੋਂ ਪ੍ਰਾਣ–ਤੰਤ ਮੁੱਕ ਜਾਂਦੈ, ਊਈਂ ‘ਸਪਰੇਟਾ ਗੋਹਾ’ ਜਾ ਕੱਢੀ ਜਾਨੇ ਓਂ…. ਅੱਗ ਕੀ ਸਵਾਹ ਬਲ਼ੂ… !!! ਹੂੰਅਅਅਅ…. ਗੋਹਾ ਆਪਣਾ ਸਪਰੇਟਾ ਤੇ ਵੱਡੇ ਵਿਦਵਾਨ ਮੱਤਾਂ ਦਿੰਦੇ ਆ ਮੈਨੂੰ…!!”

ਮੈਂ ਸੁਣਿਐ ਜਿਹੜੇ ਵੱਡੇ ਸ਼ਹਿਰ ਦੇ ਵੱਡੇ ਡੇਰੇ ਦਾ ਹੁਣ ਕੋਕੜੂ ਉਰਫ਼ ਬਾਬਾ ਟਰਪੱਲੂ ਦਾਸ 3600 ਫੋਰਡ ਵਾਲ਼ੇ – ਮਹੰਤ ਬਣਿਆ, ਇਹ ਉੱਥੇ ਪਹਿਲਾਂ ਸੇਵਾ ਕਰਨ ਜਾਂਦਾ ਹੁੰਦਾ ਸੀ। ਸੇਵਾ ਤਾਂ ਬਹਾਨਾ ਈ ਐ, ਇਹ ਤਾਂ ਓਥੇ ਗੁਰ ਲੈਣ ਜਾਂਦਾ ਹੁੰਦਾ ਸੀ ਬਈ “ਡੇਰੇਦਾਰ ਕਿਵੇਂ ਬਣਨੈ !! ਤੇ ਡੇਰੇ ਆਲ਼ਿਆਂ ਦਾ ਖਾੜਾ ਪੱਟ ਕੇ, ਆਪਣਾ ਖਾੜਾ ਕਿਵੇਂ ਗੱਡਣੈ !!”

ਇਹਨੇ ਸਾਲ ਭਰ ਉਸ ਡੇਰੇ ‘ਚ ਸੇਵਾ ਦੇ ਬਹਾਨੇ ਡੇਰਾ ਲਾਇਆ। ਉੱਥੋਂ ਦੇ ਕਈ ਸੇਵਾਦਾਰਾਂ, ਸੇਵਾਦਾਰਨੀਆਂ ਨੂੰ ਪੱਟਿਆ ਤੇ ਆਪਣੀ ਚੜ੍ਹਾਈ ਕਰਨ ਹਿੱਤ, ਡੇਰੇ ਆਉਂਦੀਆਂ ਸੰਗਤਾਂ ਵਿੱਚ ਆਪਣੇ ਨਾਮ ‘ਤੇ ਤਰ੍ਹਾਂ–ਤਰ੍ਹਾਂ ਦੇ ਟਰਪੱਲ ਪ੍ਰਚਲਿਤ ਕਰਵਾਏ। ਪਿਛਲੱਗ ਸੇਵਾਦਾਰਨੀਆਂ ਤੇ ਸੇਵਾਦਾਰ ਵੱਡੇ ਬਾਬਾ ਜੀ ਤੋਂ ਓਹਲਾ ਕਰ ਕੇ, ਸੰਗਤਾਂ ਕੋਲ਼ ਕੋਕੜੂ ਦੇ ਗੁਣ ਗਾਉਣ ਲੱਗ ਪਏ…।

ਅਖੇ “ਇਹ ਬਾਬਾ ਟਰਪੱਲੂ ਆਮ ਬੰਦਿਆਂ ਆਂਗੂੰ ਨ੍ਹੀਂ ਜੰਮਿਆ, ਇਹ ਤਾਂ ਇਹਦੇ ਘਰਦਿਆਂ ਨੂੰ ਰੂੜੀਆਂ ਤੋਂ ਥਿਆਹਿਐ।”

ਅਖੇ, “ਬਾਬਾ ਟਰਪੱਲੂ, ਡੇਰੇ ਆਲ਼ੇ ਵੱਡੇ ਬਾਬੇ ਤੋਂ ਵੀ ਵੱਡਾ ਧਰਮੀ ਐ, ਇਹਨੇ ਖੂਹ ‘ਚ ਲਟਕ ਕੇ ਸੌ ਸਾਲ ਭਗਤੀ ਕਰੀ ਐ।”

ਅਖੇ, “ਬਰਮਿਆਂ ਦੇ ਪਿੰਡ ਦੇ ਵੈਲੀ ਕਬਜਾ ਨ੍ਹੀ ਸੀ ਛੱਡਦੇ, ਬਾਬਾ ਟਰਪੱਲੂ ਨੇ ਮੂਹਰੇ ਹੋ ਕੇ ਕਬਜਾ ਛਡਾਇਆ ਤੇ ਪਿੰਡ ਆਲ਼ਿਆਂ ਨੂੰ ਕਬਜਾ ਦਵਾਇਐ।”

ਅਖੇ, “ਜਮੂਆ ਪਿੰਡ ਆਲ਼ੇ ਸਰਪੈਂਚ ਸਰਵਸਮਤੀ ਨਾਲ਼ ਚੁਣਦੇ ਹੁੰਦੇ ਸੀ, ਬਾਬਾ ਟਰਪੱਲੂ ਨੇ ਈ ਓਸ ਪਿੰਡ ‘ਚ ਸਰਪੰਚੀ ਦੀਆਂ ਵੋਟਾਂ ਹੋਣ ਲਾਈਆਂ।”

ਅਖੇ, “ਜਿੱਥੇ ਆਹ ਹੁਣ ਸ਼ਾਮਲਾਟ ਦੀ ਜਮੀਨ ਐ, ਇੱਥੇ ਪਹਿਲਾਂ ਮਟੀਆਂ ਹੋਇਆ ਕਰਦੀਆਂ ਤੀ। ਬਾਬਾ ਟਰਪੱਲੂ ਨੇ ਈ ਇਹ ਰੌਲ਼ਾ ਪਾਇਆ ਤੀ ਬਈ ਸ਼ਾਮਲਾਟ, ਧੱਕੇ ਨਾਲ਼ ਮਟੀਆਂ ਦੱਬੀ ਬੈਠੀ ਐ। ਬਾਬਾ ਟਰਪੱਲੂ ਦੀ ਕੁਰਬਾਨੀ ਨਾਲ਼ ਈ ਹੁਣ ਮੁੜ ਕੇ ਮੁੜ ਮਟੀਆਂ ਉਸਰਨ ਲੱਗੀਆ ਨੇ।”

ਇਨ੍ਹੀਂ ਦਿਨੀਂ ਵੱਡੇ ਡੇਰੇ ਦੇ ਵੱਡੇ ਬਾਬਾ ਜੀ ਕੁਛ ਸਮੇਂ ਲਈ ਬਾਹਰ ਟੂਰ ‘ਤੇ ਗਏ ਤਾਂ ਪਿੱਛੋਂ ਕੋਕੜੂ ਨੇ ਵੱਡੇ ਬਾਬੇ ਦੀ ਗੱਦੀ ਲਈ ਦਾਅਵਾ ਠੋਕ ਦਿੱਤਾ ਤੇ ਸੰਗਤਾਂ ਨੂੰ ਇਹ ਕਹਿ ਕੇ ਰਿਝਾ ਲਿਆ, “ਜੇ ਮੈਨੂੰ ਡੇਰੇ ਦਾ ਮਹੰਤ ਬਣਾ ਦਿਓ ਤਾਂ ਜਿਹੜਾ ਡੇਰੇ ਦਾ ਪ੍ਰਸਾਦ 101 ਦਾ ਮਿਲਦੈ, ਮੈਂ ਸਵਾ ਰੁਪਏ ‘ਚ ਮਿਲਣ ਲਾਦੂੰ। ਜਿਹੜਾ ਬਾਬੇ ਨੇ ਸੰਗਤਾਂ ਦਾ ਪੈਸਾ ਭੋਰੇ ‘ਚ ਦੱਬਿਐ, ਉਹ ਸਾਰਾ ਪੈਸਾ ਭੋਰੇ ‘ਚੋਂ ਕਢਾ ਕੇ ਸੰਗਤਾਂ ‘ਚ ਵੰਡਦੂੰ। ਆਹ ਵੱਡੇ ਬਾਬੇ ਨੇ –ਸਰੋਵਰ, ਜੋੜਾ–ਘਰ, ਲੰਗਰ, ਸੈਕਲ ਸਟੈਂਡ, ਉਸਾਰੀ, ਭਾਂਡੇ ਮਾਂਜਣ ਆਲ਼ਾ ਕੰਮ, ਮਤਲਬ ਸਾਰੇ ਕੰਮ ਈ ਠੇਕੇ ‘ਤੇ ਦੇਤੇ ਨੇ, ਜਦ ਮੈਂ ਡੇਰੇਦਾਰ ਬਣ ਗਿਆ, ਸਾਡੇ ਠੇਕੇਦਾਰ ਭਜਾ ਦੇਣੇ ਆ, ਸਾਰਾ ਕੰਮ ਸੰਗਤ ਦੇ ਜੁੰਮੇ ਲਾ ਦੇਣੈ।”

ਇਹੋ ਜਿਹੇ ਹੋਰ ਨੌਂਤੀ ਸੌ ਟਰਪੱਲ ਮਾਰ ਕੇ, ਕੋਕੜੂ ਨੇ ਵੱਡੇ ਬਾਬੇ ਦਾ ਖਾੜਾ ਪੱਟ ਦਿੱਤਾ ਤੇ ਆਪ ਚੌੜਾ ਹੋ ਕੇ ਮਹੰਤ ਬਣ ਗਿਆ। ਇਸ ਪੱਟ–ਪਟਈਏ ਦਾ ਸਦਮਾ ਨਾ ਸਹਾਰਦਾ ਹੋਇਆ ਵੱਡਾ ਬਾਬਾ ਛੇਤੀ ਹੀ ਚੜ੍ਹਾਈ ਕਰ ਗਿਆ।

ਬਾਬਾ ਟਰਪੱਲੂ ਦਾਸ 3600 ਫੋਰਡ ਵਾਲ਼ੇ ਦੀ ਉਪਾਧੀ ਮਿਲਦਿਆਂ ਈ ਕੋਕੜੂ ਨੇ ਡੇਰੇ ਵਿੱਚ ਨਵੀਆਂ–ਨਵੀਆਂ ਰਵਾਇਤਾਂ ਸ਼ੁਰੂ ਕਰ ਦਿੱਤੀਆਂ। ਮਸਲਨ;

* ਨੀਵੀਆਂ ਜਾਤਾਂ ਵਾਲ਼ੇ ਡੇਰੇ ਵਿੱਚ ਆ ਕੇ ਮੱਥਾ ਟੇਕ ਸਕਦੇ ਹਨ, ਸੇਵਾ ਕਰ ਸਕਦੇ ਹਨ ਪਰ ਲੰਗਰ ਨਹੀਂ ਛਕ ਸਕਦੇ।

* ਸਰੋਵਰ, ਜੋੜਾ–ਘਰ, ਸਾਇਕਲ ਸਟੈਂਡ, ਭਾਂਡੇ ਮਾਂਜਣਾ, ਸਾਫ਼ ਸਫ਼ਾਈ, ਉਸਾਰੀ ਆਦਿ ਜਿਹੇ ਸਾਰੇ ਕੰਮ ਆਪਣੇ ਮਿੱਤਰ ਮੀਤੇ ਚਾਹ ਆਲ਼ੇ ਨੂੰ ਸੰਭਾਤੇ ਤੇ ਮੀਤੇ ਨੇ ਅੱਗੇ ਇਹ ਸਾਰੇ ਕੰਮ ਠੇਕੇ ‘ਤੇ ਦੇਤੇ। (ਸੰਗਤ ਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਸੀ ਕਿ ਵੱਡੇ ਬਾਬਾ ਜੀ ਵੇਲ਼ੇ ਇਹ ਸਾਰੇ ਕੰਮ ਠੇਕੇ ਉੱਤੇ ਨਹੀਂ ਸਨ ਪਰ ਹੁਣ ਬਾਬਾ ਟਰਪੱਲੂ ਦਾਸ ਨੇ ਡੇਰੇ ਦੀ ਮੈਂਟੀਨੈਸ ਦੇ ਨਾਂ ‘ਤੇ ਇਹ ਸਾਰੇ ਕੰਮ ਠੇਕੇਦਾਰਾਂ ਨੂੰ ਸੌਂਪ ਦਿੱਤੇ ਨੇ।)

*ਬਾਬਾ ਟਰਪੱਲੂ ਦਾਸ ਨੇ ਸੰਗਤ ਦੇ ਗੁੱਸੇ ਤੋਂ ਬਚਣ ਲਈ ਅਤੇ ਆਪਣੀ ਗੱਦੀ ਬਚਾਉਣ ਲਈ ਪੁਰਾਣੇ ਰਹੇ ਗੱਦੀਦਾਰ ਵੱਡੇ ਬਾਬੇ ਦੇ ਨਾਮ ਉੱਤੇ ਇੱਕ ਹਜਾਰ ਫੁੱਟ ਡੂੰਘਾ ਟੋਆ ਪੁਟਵਾ ਦਿੱਤਾ। ਇਸ ਹਜ਼ਾਰ ਫੁੱਟੇ ਡੂੰਘੇ ਟੋਏ ਦੀ ਪੱਟਾਈ ਦਾ ਸਾਰਾ ਕੰਮ ਸੰਗਤਾਂ ਤੋਂ ਉਗਰਾਹੀ ਕਰ ਕੇ ਕੀਤਾ ਗਿਆ। ਜਦ ਕਈ ਸੰਗਤਾਂ ਨੇ ਇਸ ਹਜ਼ਾਰ ਫੁੱਟ ਡੂੰਘੇ ਟੋਏ ਦਾ ਪ੍ਰਯੋਜਨ ਪੁੱਛਿਆ ਤਾਂ ਬਾਬਾ ਟਰਪੱਲੂ ਦਾਸ ਨੇ ਇਹ ਟਰਪੱਲ ਮਾਰਿਆ ਕਿ “ਇਹ ਟੋਆ ਨਹੀਂ, ਭੋਰਾ ਏ। ਵੱਡੇ ਬਾਬਾ ਜੀ ਆਤਮਾ ਇਸ ਭੋਰੇ ਵਿੱਚ ਸੱਪ ਦੇ ਰੂਪ ਵਿੱਚ ਨਿਵਾਸ ਕਰ ਰਹੀ ਹੈ। ਉਹ ਮਣੀ ਵਾਲ਼ਾ ਸੱਪ ਬਣ ਕੇ ਇਸ ਭੋਰੇ ਦੇ ਤਲ ‘ਤੇ ਜਾ ਬੈਠੇ ਹਨ। ਹਜ਼ਾਰ ਫੁੱਟ ਡੂੰਘੇ ਭੋਰੇ ਦੇ ਤਲ ‘ਤੇ ਪਈ ਉਹ ਚਮਕਦੀ ਮਣੀ ਕੇਵਲ ਉਨ੍ਹਾਂ ਅੰਧ–ਭਗਤਾਂ ਨੂੰ ਹੀ ਦਿਸੂ ਜਿਨ੍ਹਾਂ ਦੀ ਬਿਰਤੀ ਸੁੱਧ ਐ, ਜਿਨ੍ਹਾਂ ਨੇ ਕਾਮ, ਕਰੋਧ, ਲੋਭ, ਮੋਹ, ਅੰਹਕਾਰ ‘ਤੇ ਕਾਬੂ ਪਾ ਲਿਐ ਤੇ ਜਿਸਨੂੰ ਵੀ ਉਹ ਮਣੀ ਦਿਸ ਪਈ ਤਾਂ ਸਮਝੋ ਉਹ ਭਵਜਲੋਂ ਪਾਰ ਹੈ।”

ਬਾਬੇ ਦੇ ਆਹ ਟਰਪੱਲ ਤੋਂ ਬਾਅਦ ਤਾਂ ਸੰਗਤ – ਹਜ਼ਾਰ ਫੁੱਟ ਡੂੰਘੇ ਟੋਏ (ਬਾਬਾ ਟਰਪੱਲੂ ਦਾਸ ਦੇ ਕਹਿਣ ਅਨੁਸਾਰ ਭੋਰੇ) ਵਿੱਚ ਚਮਕਦੀ ਮਣੀ ਦੇਖਣ ਲਈ ਵਹੀਰਾਂ ਘੱਤ ਕੇ ਪਹੁੰਚਣ ਲੱਗ ਪਈ। ਮੀਤੇ ਚਾਹ ਆਲ਼ੇ ਨੇ ਤੁਰਤ ਈ ਭੋਰੇ ਅੰਦਰ ਝਾਤੀ ਮਾਰਨ ਦੀ ਵੀ ਟਿਕਟ ਰੱਖ ਦਿੱਤੀ।

*ਬਾਬਾ ਟਰਪੱਲੂ ਦਾਸ ਨੇ ਸਰੋਵਰ ਦੇ ਪਾਣੀ ਦੇ ਬਿਲਕੁਲ ਵਿਚਕਾਰ, ਇੱਕ ਫਲੈਕਸਾਂ ਦਾ ਰੁੱਖ ਲਗਾਇਆ। ਬਾਬਾ ਜੀ ਦੇ ਟਰਪੱਲ ਮਾਰਿਆ ਬਈ “ਜਿਹੜਾ ਵੀ ਏਸ ਸਰੋਵਰ ਵਿੱਚ ਨਹਾ ਕੇ ਫਲੈਕਸਾਂ ਦੇ ਰੁੱਖ ਦੀ ਛਾਂ ਮਾਣੂ, ਉਹਦੇ ਸਾਰੇ ਦੁਖ–ਤਕਲੀਪ ਸਭ ਕੱਟੇ ਜਾਣਗੇ।” (ਸੁਣਿਐ ਬਾਬਾ ਟਰਪੱਲੂ ਦਾਸ ਨੇ ਓਸ ਸਰੋਵਰ ਦੇ ਪਾਣੀ ਵਿੱਚ ਖਾਜ ਆਲ਼ੀ ਕੋਈ ਬੂਟੀ ਸੁਟਵਾ ਦਿੱਤੀ ਸੀ। ਜਿਹੜਾ ਵੀ ਸਰੋਵਰ ਵਿੱਚ ਨਹਾਵੇ, ਨਹਾਉਣ ਪਿੱਛੋਂ ਪਿੰਡਾ ਖੁਰਕ–ਖੁਰਕ ਲੂਹ ਲੈਂਦਾ। ਓਸ ਖੁਰਕ ਤੋਂ ਨਿਜਾਤ ਦੀ ਦਵਾਈ ਵੀ ਡੇਰੇ ਵਿੱਚੋਂ ਹੀ ਠੇਕੇਦਾਰ ਮੀਤੇ ਕੋਲ਼ੋਂ ਮਹਿੰਗੇ ਭਾਅ ਮਿਲਣ ਲੱਗ ਪਈ।)

*ਸੁਣਿਐ ਅੱਜਕੱਲ੍ਹ ਬਾਬਾ ਟਰਪੱਲੂ ਦਾਸ ਨੇ ਨਵਾਂ ਈ ਕੰਮ ਫੜਿਆ ਹੋਇਐ। ਉਹਦੇ ਕੋਲ਼ ਇੱਕ ਤੋੜੈ, ਜਿਹਦੇ ਵਿੱਚ ਉਹ ਸਤਿਸੰਗੀ ਤੋਂ ਫੜ ਕੇ “ਨੋਟ ਬੰਦ” ਕਰ ਦਿੰਦੈ, ਜਿਹਨੂੰ ਉਹ “ਨੋਟਬੰਦੀ” ਆਖਦੈ। ਜਿਹੜੇ ਕਰਮਾਂਵਾਲ਼ੇ ਨੇ, ਭਾਗਾਂ ਵਾਲ਼ੇ ਨੇ, ਉਨ੍ਹਾਂ ਨੂੰ “ਨੋਟ ਬੰਦ” ਵਾਲ਼ਾ ਤੋੜਾ ਦੁੱਗਣਾ ਕਰ ਕੇ ਮੋੜਦੈ ਤੇ ਜਿਹੜੇ ਟੁੱਟੇ–ਫੁੱਟੇ ਭਾਗਾਂਆਲ਼ੇ ਨੇ ਉਨ੍ਹਾਂ ਦੇ ਤੋੜੇ ਵਿੱਚ “ਬੰਦ ਨੋਟ” ਇਸ ਤਰ੍ਹਾਂ ਗ਼ਾਇਬ ਹੋ ਜਾਂਦੇ ਨੇ, ਜਿਵੇਂ ਗਧੇ ਦੇ ਸਿਰ ਤੋਂ ਸਿੰਗ।

ਬਾਬੇ ਟਰਪੱਲੂ ਦਾਸ ਦਾ ਇਹ “ਨੋਟਬੰਦੀ” ਆਲ਼ੇ ਤੋੜੇ ਆਲ਼ਾ ਟਰਪੱਲ ਖਾਸਾ ਚਲ ਗਿਐ ਅਤੇ ਸੁਣਿਐ ਸੰਗਤਾਂ ਹੁਣ ਬਹੁਤ ਦੂਰੋਂ ਦੂਰੋਂ “ਨੋਟ ਬੰਦ ਤੋੜੇ” ਉੱਤੇ ਸੱਟਾ ਲਾਉਣ ਆਉਂਦੀਆਂ ਨੇ, ਆਪਣੇ ਕਰਮ ਅਜ਼ਮਾਉਂਦੀਆਂ ਨੇ।

ਬਾਬਾ ਟਰਪੱਲੂ ਦਾਸ ਅੰਨ੍ਹਿਆਂ ਦੇ ਸ਼ਹਿਰ ਵਿੱਚ ਸੁਰਮਾ ਵੇਚ ਰਿਹਾ ਹੈ ਤੇ ਕੋਈ ਹੈਰਾਨੀ ਨਹੀਂ ਜਦੋਂ ਕੁਝ ਸਮੇਂ ਬਾਅਦ ਬਾਬਾ ਟਰਪੱਲੂ ਦਾਸ 3600 ਫੋਰਡ ਵਾਲ਼ੇ ਦੇ ਮਾਰੇ ਟਰਪੱਲਾਂ ਸਦਕਾ ਅੰਨ੍ਹੇ, ਸੁਰਮਾ ਪਾ ਕੇ ਖ਼ੁਦ ਨੂੰ ਸੁਜਾਖੇ–ਸੁਜਾਖੇ ਮਹਿਸੂਸ ਕਰਨਗੇ।

ਡਾ. ਸਵਾਮੀ ਸਰਬਜੀਤ
ਪਟਿਆਲਾ
9888401328

Previous articleਬਾਬੇ ਨਾਨਕ ਦੀ ਨਗਰੀ ਨੂੰ ਸਾਫ਼-ਸੁਥਰਾ ਬਣਾਉਣ ਦੀ ਮੁਹਿੰਮ ਪਹਿਲੀ ਤੋਂ
Next articleਕਿਸਾਨ ਮੋਰਚਾ+ਜਨ ਮੋਰਚਾ ਪੂਰਨ ਜਿੱਤ ਦੀਆਂ ਬਰੂਹਾਂ ਤੇ