ਬਾਦਲਾਂ ਦੇ ਗੜ੍ਹ ’ਚ ਹਰਸਿਮਰਤ ਨੂੰ ਘੇਰਾ

ਮੰਡੀ ਕਲਾਂ ’ਚ ਟਕਰਾਅ ਹੋਇਆ; ਇੱਟਾਂ ਰੋੜੇ ਚੱਲੇ, ਇਕ ਪੁਲੀਸ ਕਰਮੀ ਜ਼ਖ਼ਮੀ

ਬਠਿੰਡਾ ਸੰਸਦੀ ਹਲਕੇ ਵਿਚ ਅਕਾਲੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਬੇਅਦਬੀ ਮਾਮਲੇ ਨੂੰ ਲੈ ਕੇ ਉੱਠੀ ਵਿਰੋਧ ਦੀ ਸੁਰ ਹੁਣ ਤਣਾਅ ਤੇ ਟਕਰਾਅ ’ਚ ਤਬਦੀਲ ਹੋ ਗਈ ਹੈ। ਹਲਕਾ ਮੌੜ ਦੇ ਪਿੰਡਾਂ ’ਚ ਅੱਜ ਹਰਸਿਮਰਤ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੌੜ ਦੇ ਪਿੰਡ ਬਾਲਿਆਂ ਵਾਲੀ ’ਚੋਂ ਸੁਲਗਦਾ ਹੋਇਆ ਵਿਰੋਧ ਅਖੀਰ ਪਿੰਡ ਮੰਡੀ ਕਲਾਂ ’ਚ ਏਨਾ ਤਿੱਖਾ ਹੋ ਗਿਆ ਕਿ ਹਰਸਿਮਰਤ ਬਾਦਲ ਨੂੰ ਚੋਣ ਜਲਸਾ ਕਰਨ ਲਈ ਧਰਨਾ ਲਾਉਣਾ ਪਿਆ। ਉਨ੍ਹਾਂ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਧਰਨੇ ਤੋਂ ਉੱਠ ਕੇ ਚੋਣ ਜਲਸੇ ਲਈ ਧਰਮਸ਼ਾਲਾ ’ਚ ਪੁੱਜੇ ਤਾਂ ਵਿਰੋੋਧੀ ਧਿਰ ਨਾਲ ਟਕਰਾਅ ਹੋ ਗਿਆ। ਇਸ ਦੌਰਾਨ ਇੱਟਾਂ-ਰੋੜੇ ਚੱਲੇ ਜਿਸ ’ਚ ਪੁਲੀਸ ਮੁਲਾਜ਼ਮ ਬਲਵਿੰਦਰ ਸਿੰਘ ਦੇ ਸੱਟਾਂ ਲੱਗੀਆਂ। ਪੁਲੀਸ ਨੇ ਦੋਵੇਂ ਧਿਰਾਂ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਕੀਤਾ ਅਤੇ ਕੁਝ ਬੰਦੇ ਹਿਰਾਸਤ ’ਚ ਲੈ ਲਏ। ਮੌਕੇ ’ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਾਰਾ ਕੁਝ ਕਾਂਗਰਸ ਦੀ ਸ਼ਹਿ ’ਤੇ ਹੋ ਰਿਹਾ ਹੈ ਜਦਕਿ ਅਸੀਂ ਅਮਨ ਅਮਾਨ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਸ਼ਾਮ ਪੌਣੇ ਸੱਤ ਵਜੇ ਦੇ ਕਰੀਬ ਹਰਸਿਮਰਤ ਕੌਰ ਬਾਦਲ ਦੀ ਅਗਵਾਈ ’ਚ ਅਕਾਲੀ ਵਰਕਰਾਂ ਨੇ ਰਾਮਪੁਰਾ ਮੌੜ ਮਾਰਗ ’ਤੇ ਪਿੰਡ ਮੰਡੀ ਕਲਾਂ ਦੇ ਡਰੇਨ ਉਪਰ ਧਰਨਾ ਲਾ ਦਿੱਤਾ ਸੀ। ਪੌਣੇ 9 ਵਜੇ ਦੇ ਕਰੀਬ ਧਰਨਾ ਸਮਾਪਤ ਕਰਨ ਮਗਰੋਂ ਉਨ੍ਹਾਂ ਪਿੰਡ ’ਚ ਜਲਸਾ ਕੀਤਾ। ਇਸ ਟਕਰਾਅ ਕਰਕੇ ਹਰਸਿਮਰਤ ਦੇ ਹੋਰ ਪਿੰਡਾਂ ਤੇ ਬਠਿੰਡਾ ਸ਼ਹਿਰ ਵਿਚ ਉਲੀਕੇ ਪ੍ਰੋਗਰਾਮਾਂ ਵਿਚ ਦੇਰੀ ਹੋ ਗਈ। ਵੇਰਵਿਆਂ ਅਨੁਸਾਰ ਦੁਪਹਿਰ ਮਗਰੋਂ ਹੀ ਅੱਜ ਪਿੰਡ ਮੰਡੀ ਕਲਾਂ ਪੁਲੀਸ ਛਾਉਣੀ ਵਿਚ ਤਬਦੀਲ ਹੋ ਗਿਆ ਸੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਤੇ ਭੁੱਲਰ ਭਾਈਚਾਰੇ ਨੇ ਪਿੰਡ ਦੇ ਲੋਕਲ ਗੁਰੂ ਘਰ ਵਿਚ ਇਕੱਠ ਬੁਲਾ ਕੇ ਹਰਸਿਮਰਤ ਦਾ ਵਿਰੋਧ ਸ਼ੁਰੂ ਕਰ ਦਿੱਤਾ। ਸੈਂਕੜੇ ਲੋਕ ਕਾਲੀਆਂ ਝੰਡੀਆਂ ਸਮੇਤ ਗੁਰੂ ਘਰ ਵਿਚ ਆਉਣੇ ਸ਼ੁਰੂ ਹੋ ਗਏ ਸਨ। ਗੁਰੂ ਘਰ ਦੇ ਐਨ ਸਾਹਮਣੇ ਧਰਮਸ਼ਾਲਾ ਵਿਚ ਅਕਾਲੀ ਦਲ ਦੀ ਸਟੇਜ ਲੱਗੀ ਹੋਈ ਸੀ। ਅਕਾਲੀ ਦਲ ਦੇ ਆਗੂਆਂ ਨੇ ਇੱਕ ਦਫ਼ਾ ਤਾਂ ਅੰਦਰੋਂ ਸਟੇਜ ਤੋਂ ਹੰਭਲਾ ਮਾਰਿਆ ਪ੍ਰੰਤੂ ਵਿਰੋਧ ਨੂੰ ਦੇਖਦੇ ਹੋਏ ਆਗੂ ਮੱਠੇ ਪੈ ਗਏ। ਬੇਅਦਬੀ ਦੇ ਮਾਮਲੇ ਨੂੰ ਲੈ ਕੇ ਲੋਕਾਂ ਨੇ ਧਰਮਸ਼ਾਲਾ ਦੇ ਦੋਵੇਂ ਗੇਟਾਂ ’ਤੇ ਧਰਨਾ ਮਾਰ ਦਿੱਤਾ। ਪੁਲੀਸ ਪ੍ਰਸ਼ਾਸਨ ਨੇ ਵਿਰੋਧ ਕਰਨ ਵਾਲਿਆਂ ਦੀ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨਾਲ ਮੀਟਿੰਗ ਕਰਾਉਣੀ ਚਾਹੀ ਪ੍ਰੰਤੂ ਆਗੂ ਇਸ ਗੱਲ ’ਤੇ ਅੜ ਗਏ ਕਿ ਮੀਟਿੰਗ ’ਚ ਹਰਸਿਮਰਤ ਨੂੰ ਵੀ ਸ਼ਾਮਲ ਕੀਤਾ ਜਾਵੇ। ਬੀਕੇਯ (ਸਿੱਧੂਪੁਰ) ਦੇ ਕਾਕਾ ਸਿੰਘ ਕੋਟੜਾ, ਬਲਦੇਵ ਸੰਦੋਹਾ ਤੇ ਪਿੰਡ ਪ੍ਰਧਾਨ ਬਲਰਾਜ ਸਿੰਘ, ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਉਜਲ ਸਿੰਘ, ਕੌਂਸਲਰ ਗੁਰਦੀਪ ਸਿੰਘ ਔਲਖ ਤੇ ਭੁੱਲਰ ਭਾਈਚਾਰੇ ਦੇ ਬਲਦੇਵ ਸਿੰਘ ਬਠਿੰਡਾ ਨੇ ਰੋਸ ਪ੍ਰੋਗਰਾਮ ਦੀ ਅਗਵਾਈ ਕੀਤੀ। ਜਦੋਂ ਚੋਣ ਜਲਸੇ ’ਚੋਂ ਕੁਰਸੀਆਂ ਇਕੱਠੀਆਂ ਹੋਣ ਲੱਗ ਪਈਆਂ ਤਾਂ ਆਗੂਆਂ ਨੇ ਵਿਰੋਧ ਪ੍ਰਦਰਸ਼ਨ ਜੇਤੂ ਐਲਾਨ ਕੇ ਸਮਾਪਤ ਕਰ ਦਿੱਤਾ। ਦੂਜੇ ਪਾਸੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਮੁੱਖ ਸੜਕ ’ਤੇ ਮਾਰੇ ਧਰਨੇ ਵਿਚ ਚੋਣ ਕਮਿਸ਼ਨ, ਪੁਲੀਸ ਪ੍ਰਸ਼ਾਸਨ ਤੇ ਕੈਪਟਨ ਸਰਕਾਰ ਖ਼ਿਲਾਫ਼ ਮੁਰਦਾਬਾਦ ਦੇ ਜ਼ੋਰਦਾਰ ਢੰਗ ਨਾਲ ਨਾਅਰੇ ਲਗਾਏ। ਰਾਮਪੁਰਾ-ਮੌੜ ਸੜਕ ’ਤੇ ਧਰਨੇ ਕਾਰਨ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਤੇ ਮਾਹੌਲ ਟਕਰਾਅ ਵਾਲਾ ਬਣਿਆ ਰਿਹਾ। ਐਸਐਸਪੀ ਡਾ. ਨਾਨਕ ਸਿੰਘ ਵੱਲੋਂ ਮੰਡੀ ਕਲਾਂ ਦਾ ਦੌਰਾ ਕਰਨ ਮਗਰੋਂ ਧਰਨਾਕਾਰੀ ਮੁੱਖ ਸੜਕ ’ਤੇ ਗਏ। ਹਰਸਿਮਰਤ ਤੇ ਸ੍ਰੀ ਸੇਖੋਂ ਨੇ ਮੰਗ ਰੱਖੀ ਕਿ ਉਹ ਪਿੰਡ ਵਿਚ ਚੋਣ ਜਲਸਾ ਕਰਕੇ ਹੀ ਜਾਣਗੇ। ਐਸਐਸਪੀ ਅਤੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਵਿਰੋਧ ਕਰਨ ਵਾਲਿਆਂ ਦੇ ਚਲੇ ਜਾਣ ਮਗਰੋਂ ਅਕਾਲੀ ਦਲ ਦਾ ਚੋਣ ਜਲਸਾ ਕਰਵਾ ਦਿੱਤਾ। ਇਸ ਤੋਂ ਪਹਿਲਾਂ ਪਿੰਡ ਬਾਲਿਆਂ ਵਾਲੀ ਵਿਚ ਉਦੋਂ ਤਣਾਅ ਬਣ ਗਿਆ ਸੀ ਜਦੋਂ ਹਰਸਿਮਰਤ ਦੇ ਚੋਣ ਰੈਲੀ ਨੂੰ ਸੰਬੋਧਨ ਕਰਨ ਸਮੇਂ ਪਿੰਡ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਿੰਦਰ ਸਿੰਘ ਤੇ ਸੁਖਬੀਰ ਮਾਨ ਦੀ ਅਗਵਾਈ ਵਿਚ ਦਰਜਨਾਂ ਕਾਰਕੁਨ ਕਾਲੀਆਂ ਝੰਡੀਆਂ ਲੈ ਕੇ ਉਧਰ ਵਧਣੇ ਸ਼ੁਰੂ ਹੋ ਗਏ। ਦੋਹਾਂ ਧਿਰਾਂ ਵਿਚ ਪੁਲੀਸ ਆਉਣ ਕਰਕੇ ਟਕਰਾਅ ਟਲ ਗਿਆ।

Previous articleTrump takes over national ‘Fourth of July’ event
Next articleਸੜਕ ਹਾਦਸਿਆਂ ਵਿੱਚ ਤਿੰਨ ਭਰਾਵਾਂ ਸਣੇ ਛੇ ਹਲਾਕ