ਬਾਦਲਾਂ ਤੋਂ ਨਾਰਾਜ਼ ਆਗੂਆਂ ਨੂੰ ਇਕੱਠੇ ਕਰਨਗੇ ਢੀਂਡਸਾ

ਸ਼੍ਰੋਮਣੀ ਅਕਾਲੀ ਦਲ (ਬ) ਤੋਂ ਹਾਲ ਹੀ ਵਿੱਚ ਬਾਗੀ ਹੋਏ ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਪੁੱਤਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਬਾਰੇ ਸਪੱਸ਼ਟ ਕੀਤਾ ਹੈ ਕਿ ਉਹ (ਪਰਮਿੰਦਰ) ਆਪਣੇ ਬਾਪ ਤੋਂ ਕਿਵੇਂ ਬਾਹਰ ਜਾ ਸਕਦਾ ਹੈ। ਉਂਜ ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਫ਼ੈਸਲਾ ਛੋਟੇ ਢੀਂਡਸਾ ਦਾ ਖ਼ੁਦ ਦਾ ਹੋਵੇਗਾ। ਅੱਜ ਇੱਥੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਦੌਰਾਨ ਸ੍ਰੀ ਢੀਂਡਸਾ ਨੇ ਕਿਹਾ ਕਿ ਉਹ ਆਪਣੇ ਮੌਜੂਦਾ ਸਟੈਂਡ ’ਤੇ ਕਾਇਮ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਵੀ ਆਪਣੇ ਵਿਚਾਰ ਰੱਖੇ ਸਨ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਸੀ। ਉਨ੍ਹਾਂ ਨੇ ਸ੍ਰੀ ਬਾਦਲ ਨੂੰ ਸਾਫ਼ ਆਖ ਦਿੱਤਾ ਸੀ ਕਿ ਸੀਨੀਅਰ ਆਗੂਆਂ ਦਾ ਸਤਿਕਾਰ ਬਹਾਲ ਕਰਨ ਲਈ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕੀਤਾ ਜਾਵੇ। ਜੇਕਰ ਉਹ (ਵੱਡੇ ਬਾਦਲ) ਪਾਰਟੀ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੰਭਾਲਦੇ ਹਨ ਤਾਂ ਪਾਰਟੀ ਵਿੱਚ ਰਹਿਣ ਬਾਰੇ ਸੋਚਿਆ ਜਾ ਸਕਦਾ ਹੈ। ਪਰ ਜਦੋਂ ਉਨ੍ਹਾਂ ਨੂੰ ਲੱਗਿਆ ਕੁਝ ਹੋਣ ਵਾਲਾ ਨਹੀਂ ਹੈ ਤਾਂ ਉਨ੍ਹਾਂ ਨੇ ਬਾਦਲ ਦਲ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਆਪਣੀ ਅਣਦੇਖੀ ਦਾ ਸ਼ਿਕਾਰ ਅਤੇ ਬਾਦਲ ਪਰਿਵਾਰ ਤੋਂ ਨਾਰਾਜ਼ ਸਾਰੇ ਸੀਨੀਅਰ ਆਗੂਆਂ ਅਤੇ ਸਰਗਰਮ ਵਰਕਰਾਂ ਨੂੰ ਇਕ ਝੰਡੇ ਹੇਠ ਇਕੱਠੇ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ। ਜਿਸ ਦੀ ਸ਼ੁਰੂਆਤ ਕਰ ਦਿੱਤੀ ਹੈ ਪਰ ਰਸਮੀ ਸ਼ੁਰੂਆਤ 14 ਦਸੰਬਰ ਨੂੰ ਅਕਾਲੀ ਦਲ ਦੇ ਮਨਾਏ ਜਾ ਰਹੇ ਸਥਾਪਨਾ ਦਿਵਸ ਮਗਰੋਂ ਹੀ ਸ਼ੁਰੂ ਹੋਵੇਗੀ। ਸਮਾਗਮ ਲਈ ਸਾਰੇ ਟਕਸਾਲੀ ਅਕਾਲੀ ਆਗੂਆਂ, ਵਰਕਰਾਂ ਤੇ ਪੰਥਕ ਸੋਚ ਰੱਖਣ ਵਾਲੀਆਂ ਸ਼ਖ਼ਸੀਅਤਾਂ ਨੂੰ ਸੱਦਾ ਦਿੱਤਾ ਗਿਆ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਸਥਾਪਨਾ ਦਿਵਸ ਸਮਾਗਮ ਮੌਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਤੋਂ ਦੁਖੀ ਹੁੰਦਿਆਂ ਆਪਣੀਆਂ ਸਿਆਸੀ ਸਰਗਰਮੀਆਂ ਠੱਪ ਕਰ ਕੇ ਘਰਾਂ ਵਿੱਚ ਬੈਠੇ ਸਾਰੇ ਸੀਨੀਅਰ ਆਗੂਆਂ ਅਤੇ ਵਫ਼ਾਦਾਰ ਵਰਕਰਾਂ ਨੂੰ ਸਾਂਝੇ ਫਰੰਟ ਨਾਲ ਤੋਰਨ ਲਈ ਉਹ ਖ਼ੁਦ ਸਬੰਧਤ ਵਿਅਕਤੀਆਂ ਦੇ ਘਰ ਘਰ ਜਾਣ ਤੋਂ ਗੁਰੇਜ਼ ਨਹੀਂ ਕਰਨਗੇ। ਜਦੋਂ ਉਨ੍ਹਾਂ ਨੂੰ ਛੋਟੇ ਢੀਂਡਸਾ ਦੀ ਸਥਿਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਪਰਮਿੰਦਰ ਢੀਂਡਸਾ ਆਪਣੇ ਬਾਪ ਤੋਂ ਕਿਵੇਂ ਬਾਹਰ ਜਾ ਸਕਦਾ ਹੈ।

Previous articleਹੈਦਰਾਬਾਦ ਮੁਕਾਬਲੇ ਦੀ ਨਿਆਂਇਕ ਜਾਂਚ ਲਈ ਕਮਿਸ਼ਨ ਕਾਇਮ
Next articleਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਅਖੰਡ ਪਾਠ ਸ਼ੁਰੂ