ਬਾਜਵਾ ’ਤੇ ਸਿੱਖਸ ਫਾਰ ਜਸਟਿਸ ਦੇ ਆਗੂਆਂ ਨਾਲ ਨੇੜਲੇ ਸਬੰਧ ਹੋਣ ਦਾ ਦੋਸ਼

ਅੰਮ੍ਰਿਤਸਰ (ਸਮਾਜਵੀਕਲੀ) : ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਮਾਝਾ ਜ਼ੋਨ ਦੇ ਸਾਬਕਾ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਆਗੂਆਂ ਨਾਲ ਨੇੜਲੇ ਸਬੰਧ ਹੋਣ ਦਾ ਦੋਸ਼ ਲਾਊਂਦਿਆਂ ਇਸ ਦੀ ਉਚ ਪੱਧਰੀ ਜਾਂਚ ਮੰਗੀ ਹੈ।

ਅੱਜ ਇੱਥੇ ਆਪਣੇ ਗ੍ਰਹਿ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਕਾਹਲੋਂ ਨੇ ਦਾਅਵਾ ਕੀਤਾ ਕਿ ਗੁਰਦਾਸਪੁਰ ਜ਼ਿਲ੍ਹੇ ਵਿਚ ਕਾਂਗਰਸ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਕੋਟਲਾ ਦੇ ਕੈਬਨਿਟ ਮੰਤਰੀ ਨਾਲ ਨੇੜਲੇ ਸਬੰਧ ਹਨ। ਬਲਵਿੰਦਰ ਸਿੰਘ ਦੇ ਦੋ ਭਰਾ ਵਿਦੇਸ਼ ਵਿਚ ਰਹਿੰਦੇ ਹਨ, ਜਿਨ੍ਹਾਂ ਵਿਚੋਂ ਇਕ ਅਵਤਾਰ ਸਿੰਘ ਤਾਰੀ ਸਿੱਖਸ ਫਾਰ ਜਸਟਿਸ ਜਥੇਬੰਦੀ ਦਾ ਆਗੂ ਹੈ ਤੇ ਗੁਰਪਤਵੰਤ ਸਿੰਘ ਪੰਨੂ ਦਾ ਸਾਥੀ ਹੈ।

ਉਨ੍ਹਾਂ ਨੇ ਕਾਂਗਰਸੀ ਆਗੂ ਬਲਵਿੰਦਰ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀਆਂ ਤਸਵੀਰਾਂ ਵੀ ਮੀਡੀਆ ਸਾਹਮਣੇ ਪੇਸ਼ ਕੀਤੀਆਂ। ਊਨ੍ਹਾਂ  ਪੰਜਾਬ ਸਰਕਾਰ ਤੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਤੇ ਕੈਬਨਿਟ ਮੰਤਰੀ ਨੂੰ ਅਹੁਦੇ ਤੋਂ ਫਾਰਗ ਕਰਨ ਦੀ ਮੰਗ ਕੀਤੀ ਹੈ।

Previous articleਜੰਮੂ ਕਸ਼ਮੀਰ ਗੁਰਦੁਆਰਾ ਬੋਰਡ ਭੰਗ ਕਰਨ ਦਾ ਅਕਾਲ ਤਖ਼ਤ ਵੱਲੋਂ ਵਿਰੋਧ
Next articleਖੱਬੀਆਂ ਧਿਰਾਂ ਵੱਲੋਂ ਸੂਬੇ ਭਰ ’ਚ ਕੇਂਦਰ ਖ਼ਿਲਾਫ਼ ਮੁਜ਼ਾਹਰੇ