ਬਹੁਮਤ ਵਾਲੀ ਸਰਕਾਰ ਤੋਂ ਬਿਨਾਂ ਦੇਸ਼ ਦਾ ਵਿਕਾਸ ਸੰਭਵ ਨਹੀਂ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਵਿਚ ਭਰਵੇਂ ਬਹੁਮਤ ਵਾਲੀ ਸਰਕਾਰ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸੇ ਧਿਰ ਨੂੰ ਬਹੁਮਤ ਨਾ ਮਿਲਣ ਕਾਰਨ ਪਿਛਲੇ ਤਿੰਨ ਦਹਾਕਿਆਂ ਦੌਰਾਨ ਦੇਸ਼ ਦੀ ਤਰੱਕੀ ਵਿਚ ਰੁਕਾਵਟ ਪੈਂਦੀ ਰਹੀ ਹੈ।
ਇੱਥੇ ਸੁੂਰਤ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਦਾ ਨੀਂਹ ਪੱਥਰ ਰੱਖਣ ਮਗਰੋਂ ਇਕ ਜਨਤਕ ਸਮਾਗਮ ਵਿਚ ਉਨ੍ਹਾਂ ਨੋਟਬੰਦੀ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਇਸ ਨਾਲ ਘਰਾਂ ਦੀਆਂ ਕੀਮਤਾਂ ਘਟੀਆਂ ਹਨ ਅਤੇ ਰੀਅਲ ਅਸਟੇਟ ਖੇਤਰ ਵਿਚ ਕਾਲੇ ਧਨ ’ਤੇ ਲਗਾਮ ਲੱਗਣ ਨਾਲ ਨੌਜਵਾਨ ਪੀੜ੍ਹੀ ਘਰ ਖਰੀਦਣ ਦੇ ਸਮੱਰਥ ਬਣ ਰਹੀ ਹੈ।
ਸ੍ਰੀ ਮੋਦੀ ਨੇ ਕਿਹਾ ‘‘ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਭਾਰਤ ਨੇ ਪਿਛਲੇ 30 ਸਾਲਾਂ ਦੌਰਾਨ ਅਸਥਿਰਤਾ ਦੇਖੀ ਹੈ ਕਿਉਂਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ। ਇਸ ਨਾਲ ਦੇਸ਼ ਦਾ ਵਿਕਾਸ ਰੁਕ ਗਿਆ ਸੀ। ਇਸੇ ਸਥਿਤੀ ਕਾਰਨ ਦੇਸ਼ ਹਾਲੇ ਵੀ ਕਈ ਪੈਮਾਨਿਆਂ ਤੋਂ ਪਛੜਿਆ ਹੋਇਆ ਹੈ। ਅੱਜ ਅਸੀਂ ਇਸ ਕਰ ਕੇ ਵਿਕਾਸ ਕਰ ਰਹੇ ਹਾਂ ਕਿਉਂਕਿ ਲੋਕਾਂ ਨੇ ਵੋਟਾਂ ਪਾਉਣ (2014 ਦੀਆਂ ਆਮ ਚੋਣਾਂ ਵਿਚ) ਲੱਗਿਆਂ ਅਕਲ ਤੋਂ ਕੰਮ ਲਿਆ ਸੀ। ਉਨ੍ਹਾਂ ਦੀਆਂ ਵੋਟਾਂ ਕਰ ਕੇ ਹੀ ਤ੍ਰਿਸ਼ੰਕੂ ਪਾਰਲੀਮੈਂਟ ਦੀ 30 ਸਾਲਾਂ ਦੀ ਬਿਮਾਰੀ ਕੱਟੀ ਗਈ ਤੇ ਕੇਂਦਰ ਵਿਚ ਸਪੱਸ਼ਟ ਬਹੁਮਤ ਵਾਲੀ ਸਰਕਾਰ ਕਾਇਮ ਕਰਨ ਵਿਚ ਮਦਦ ਮਿਲ ਸਕੀ।’’ ਨੋਟਬੰਦੀ ਦੇ ਸਵਾਲ ’ਤੇ ਉਨ੍ਹਾਂ ਕਿਹਾ ‘‘ਮੈਥੋਂ ਪੁੱਛਿਆ ਜਾਂਦਾ ਹੈ ਕਿ ਨੋਟਬੰਦੀ ਦੇ ਫ਼ੈਸਲੇ ਦਾ ਕੀ ਫਾਇਦਾ ਹੋਇਆ। ਤੁਸੀਂ ਨੌਜਵਾਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਇਸ ਫ਼ੈਸਲੇ ਤੋਂ ਬਾਅਦ ਰਿਆਇਤੀ ਦਰਾਂ ’ਤੇ ਘਰ ਖਰੀਦਣ ਦੇ ਮੌਕੇ ਮਿਲ ਸਕੇ ਹਨ।’’ਇਸ ਦੌਰਾਨ ਸ੍ਰੀ ਮੋਦੀ ਨੇ ਅੱਜ ਮਹਾਤਮਾ ਗਾਂਧੀ ਦੀ 71ਵੀਂ ਬਰਸੀ ਮੌਕੇ ਗੁਜਰਾਤ ਦੇ ਨਵਸਾਰੀ ਜ਼ਿਲੇ ਵਿਚ ਡਾਂਡੀ ਵਿਖੇ ਕੌਮੀ ਲੂਣ ਸਤਿਆਗ੍ਰਹਿ ਯਾਦਗਾਰ ਤੇ ਅਜਾਇਬਘਰ ਦਾ ਵੀ ਉਦਘਾਟਨ ਕੀਤਾ।

Previous articleਕਰਤਾਰਪੁਰ ਲਾਂਘਾ: ਭਾਰਤ ਵੱਲ ਕੰਮ ਦੀ ਰਫ਼ਤਾਰ ਮੱਠੀ
Next articleਜਾਰਜ ਫਰਨਾਂਡੇਜ਼ ਦਾ ਸਸਕਾਰ ਅੱਜ