ਬਹੁਤ ਅਹਿਮ ਹਨ ਲਾਕਡਾਊਨ ਦੇ 21 ਦਿਨ

-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,
ਬੰਠਿਡਾ

ਕੇਂਦਰ ਸਰਕਾਰ ਨੇ 21 ਦਿਨਾਂ ਦੇ ਲਾਕਡਾਉਨ ਦਾ ਐਲਾਨ ਕੀਤਾ ਹੈ। ਇਸਦੇ ਪਹਿਲੇ ਦਿਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿਚ ਲੋਕਾਂ ਨੂੰ ਕਿਹਾ ਸੀ ਕਿ ਕਰੋਨਾ ਵਾਇਰਸ ਦੇ ਸੰਕਟ ਨਾਲ ਲੜਨ ਦਾ ਇਹ ਸਭ ਤੋਂ ਚੰਗਾ ਅਤੇ ਜਰੂਰੀ ਉਪਾਅ ਹੈ। ਇਸ *ਚ ਕੋਈ ਸ਼ੱਕ ਨਹੀਂ ਹੈ ਕਿ ਇਹ ਚੰਗਾ ਉਪਾਅ ਹੈ ਪਰ ਇਸ ਹਕੀਕਤ ਨੂੰ ਵੀ ਧਿਆਨ *ਚ ਰੱਖਦਾ ਚਾਹੀਦੈ ਕ ਸਿਰਫ ਲਾਕਡਾਉਨ ਨਾਲ ਕਰੋਨਾ ਵਾਇਰਸ ਖਤਮ ਹੋਣ ਵਾਲਾ ਨਹੀਂ ਹੈ। ਪ੍ਰਧਾਨਮੰਤਰੀ ਨੇ ਮਹਾਂਭਾਰਤ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਮਹਾਂਭਾਰਤ ਦੀ ਲੜਾਈ 18 ਦਿਨਾਂ *ਚ ਜਿੱਤੀ ਗਈ ਸੀ ਅਤੇ ਕਰੋਨਾ ਦੇ ਖਿਲਾਫ਼ ਜੰਗ 21 ਦਿਨਾਂ *ਚ ਜਿੱਤੀ ਜਾਵੇਗੀ। ਇਕ ਮਿਸਾਲ ਰਾਹੀਂ ਜੰਗ ਜਿੱਤਣ ਦੀ ਗੱਲ ਕਰਨੀ ਅਤੇ ਦੇਸ਼ ਦੇ ਲੋਕਾਂ ਨੂੰ ਭਰੋਸਾ ਦੇਣਾ, ਉਨ੍ਹਾਂ ਦਾ ਉਤਸ਼ਾਹ ਵਧਾਉਣਾ ਇਕ ਅਲੱਗ ਗੱਲ ਹੈ।ਪਰ ਜੇਕਰ ਸਰਕਾਰ ਵਾਕਈ ਅਜਿਹਾ ਮੰਨ ਰਹੀ ਹੈ ਕਿ 21 ਦਿਨਾਂ ਦੇ ਬੰਦ ਨਾਲ ਵਾਇਰਸ ਦੇ ਖਿਲਾਫ਼ ਜੰਗ ਜਿੱਤੀ ਜਾਵੇਗੀ ਤਾਂ ਇਹ ਇਕ ਵੱਡਾ ਧੋਖਾ ਹੋ ਸਕਦਾ ਹੈ। ਸਭ ਤੋਂ ਪਹਿਲਾਂ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਲਾਕਡਾਉਨ ਤੋਂ ਅਸਲ *ਚ ਕੀ ਹਾਸਲ ਹੋਵੇਗਾ ? ਲਾਕਡਾਉਨ ਰਾਹੀਂ ਸਮਾਜਕ ਫਾਸਲਾ ਵਧਾਉਣ ਦਾ ਪਹਿਲਾ ਮਤਲਬ ਤਾਂ ਇਹ ਹੈ ਕਿ ਕਰੋਨਾ ਵਾਇਰਸ ਫੈਲਣ ਦੀ ਰ਼ਫਤਾਰ ਹੌਲੀ ਹੋ ਜਾਵੇਗੀ, ਇਸ ਦਾ ਪਤਾ ਪੰਜਵੇਂ ਦਿਨ ਲੱਗਣਾ ਸ਼ੁਰੂ ਹੋ ਜਾਵੇਗਾ।ਯਾਨੀ ਲਾਕਡਾਉਨ ਸ਼ੁਰੂ ਹੋਣ ਤੋਂ ਪੰਜਵੇਂ ਦਿਨ ਵਾਇਰਸ ਦੇ ਜੋ ਨਵੇਂ ਕੇਸ ਆਉਣਗੇ, ਉਨ੍ਹਾਂ ਤੋਂ ਪਤਾ ਚੱਲੇਗਾ ਕਿ ਇਹ ਕਿੰਨਾ ਕਾਰਗਰ ਸਿੱਧ ਹੋਵੇਗਾ, ਇਸ ਦੇ ਫੈਲਣ ਦੀ ਗਤੀ ਕਿੰਨੀ ਘੱਟ ਹੁੰਦੀ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਫਿਲਹਾਲ ਭਾਰਤ *ਚ ਕਰੋਨਾ ਦੇ ਕੇਸ ਵਧ ਰਹੇ ਹਨ। ਸੋ ਆਉਣ ਵਾਲੇ ਦਿਨਾਂ *ਚ ਨਵੇਂ ਕੇਸਾਂ ਨਾਲ ਲਾਕਡਾਉਨ ਦੇ ਅਸਲ ਅਸਰ ਦਾ ਪਤਾ ਚੱਲੇਗਾ। ਲਾਕਡਾਉਣ *ਚ ਜੇਕਰ ਨਵੇਂ ਮਰੀਜ਼ਾਂ ਦੀ ਗਿਣਤੀ ਘੱਟ ਹੁੰਦੀ ਹੈ, ਤਾਂ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਸਿਹਤ ਸੇਵਾਵਾਂ *ਤੇ ਦਬਾਅ ਘੱਟ ਹੋਵੇਗਾ।

ਹਸਪਤਾਲਾਂ *ਚ ਪਹੁੰਚਣ ਵਾਲੇ ਮਰੀਜ਼ਾਂ ਦੀ ਗਿਣਤੀ ਘੱਟ ਹੋਵੇਗੀ ।ਹਾਲਾਂਕਿ ਇਸ ਵਿਚ ਖਤਰਾ ਇਹ ਹੈ ਕਿ ਲਾਕਡਾਉਨ ਦੇ ਕਾਰਨ ਹੋਰ ਦੂਜੀਆਂ ਬਿਮਾਰੀਆਂ ਦੇ ਮਰੀਜ਼ਾ ਦਾ ਹਸਪਤਾਲ ਜਾਣਾ ਵੀ ਘੱਟ ਹੋਵੇਗਾ ਅਤੇ ਉਨ੍ਹਾਂ ਦੇ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਇਹ ਇਕ ਅਲੱਗ ਸੰਕਟ ਹੈ, ਜਿਸਦੇ ਬਾਰੇ ਸਰਕਾਰ ਨੂੰ ਅਲੱਗ ਤੋਂ ਸੋਚਣ ਦੀ ਜਰੂਰਤ ਹੈ। ਫਿਲਹਾਲ ਸਭ ਤੋਂ ਵੱਡੀ ਚਿੰਤਾ ਕਰੋਨਾ ਵਾਇਰਸ ਦੀ ਹੈ, ਸੋ ਲਾਕਡਾਉਨ ਨਾਲ ਵਾਇਰਸ ਘਟੇਗਾ ਅਤੇ ਇਸ ਨਾਲ ਹਸਪਤਾਲਾਂ *ਤੇ ਦਬਾਅ ਘੱਟ ਹੋਦ ਦਾ ਅਸਲ ਫਾਇਦਾ ਕੀ ਹੋਵੇਗਾ ? ਕੀ ਇਸ ਨਾਲ ਕਰੋਨਾ ਵਾਇਰਸ ਖਤਮ ਹੋ ਜਾਵੇਗਾ ? ਅਸਲੀਯਤ ਇਹ ਹੈ ਕਿ ਇਸ ਨਾਲ ਵਾਇਰਸ ਖ਼ਤਮ ਨਹੀਂ ਹੋਵੇਗਾ। ਵਾਇਰਸ ਖ਼ਤਮ ਕਰਨ ਦੇ ਲਈ ਇਸ ਨਾਲ ਲੜਨ ਦੀ ਦਵਾਈ ਲੱਭਣੀ ਹੋਵੇਗੀ ਅਤੇ ਟੀਕਾ ਤਿਆਰ ਕਰਨਾ ਪਵੇਗਾ।

ਇਸ ਲਾਕਡਾਉਨ ਦਾ ਫਾਇਦਾ ਉਦੋਂ ਹੋਵੇਗਾ, ਜਦੋਂ ਇਹਨਾਂ 21 ਦਿਨਾ ਦਾ ਇਸਤੇਮਾਲ ਵਾਇਰਸ ਨਾਲ ਲੜਨ ਦੇ ਉਪਾਅ ਲੱਭਣ ਦੇ ਲਈ ਕੀਤਾ ਜਾਵੇ। ਇਕ ਸਵਾਲ ਇਹ ਵੀ ਹੈ ਕਿ ਉਪਾਅ ਕਿਵੇਂ ਮਿਲੇਗਾ ? ਉਪਾਅ ਇਸ ਤਰ੍ਹਾਂ ਮਿਲੇਗਾ ਕਿ ਸਿਹਤ ਸੇਵਾ, ਹਸਪਾਤਾਲਾਂ ਅਤੇ ਡਾਕਟਰਾ *ਤੇ ਦਬਾਅ ਘੱਟ ਹੋਣ *ਤੇ ਉਨ੍ਹਾਂ ਨੁੰ ਜਾਂਚ ਅਤੇ ਖੋਜ਼ ਦੇ ਕੰਮ *ਤੇ ਲਾਇਆ ਜਾ ਸਕਦਾ ਹੈ।
ਧਿਆਨ ਦੇਣ ਵਾਲੀ ਗੱਲ ਹੈ ਕਿ ਦੁਨੀਆਂ ਭਰ ਦੇ ਜਾਣਕਾਰ ਇਸ ਵਾਇਰਸ ਨਾਲ ਲੜਨ ਦੇ ਦੋ ਹੀ ਤਰੀਕੇ ਦੱਸ ਰਹੇ ਹਨ।

 ਪਹਿਲਾ ਜੋ ਇਸ ਬਿਮਾਰੀ ਦਾ ਸ਼ਿਕਾਰ ਹਨ ਉਨ੍ਹਾਂ ਦੀ ਭਾਲ ਅਤੇ ਦੂਜਾ ਜਿਆਦਾ ਤੋਂ ਜਿਆਦਾ ਟੈਸਟ ਕਰਨਾ। ਇਸਦੇ ਲਈ ਦੱਖਣੀ ਕੋਰੀਆਂ ਦਾ ਮਾੱਡਲ ਸਭ ਤੋਂ ਕਾਰਗਰ ਦੱਸਿਆ ਜਾ ਰਿਹਾ ਹੈ।ਦੱਖਣੀ ਕੋਰੀਆਂ ਨੇ 10 ਲੱਖ ਲੋਕਾਂ *ਤੇ 6100 ਲੋਕਾਂ ਦੀ ਜਾਂਚ ਕੀਤੀ। ਭਾਰਤ ਵਿਚ 10 ਲੱਖ ਲੋਕਾਂ *ਤੇ ਸਿਰਫ 16 ਲੋਕਾਂ ਦੀ ਜਾਂਚ ਹੋ ਰਹੀ ਹੈ। ਭਾਰਤੀ ਮੈਡੀਕਲ ਖੋਜ ਕੇਂਦਰ ਨੇੇ ਲਈ ਘਰੇਲੂ ਕਿੱਟ ਦੀ ਵਪਾਰਕ ਵਰਤੋਂ ਲਈ ਮੰਜੂਰੀ ਦੇ ਦਿੱਤੀ ਹੈ ਅਤੇ ਇਸਦੀ ਖਰੀਜ ਦਾ ਟੈਂਡਰ ਵੀ ਕੰਢਿਆ ਗਿਆ ਹੈ। ਜਿੰਨੀ ਜਲਦੀ ਇਹ ਕਿੱਟਾਂ ਹਸਪਤਾਲਾਂ *ਚ ਉਪਲਬਧ ਕਰਵਾਈਆਂ ਜਾਣਗੀਆਂ ,ਉਨਾਂ ਚੰਗਾ ਹੋਵੇਗਾ। ਬਿਹਤਰ ਇਹ ਹੋਵੇਗਾ ਕਿ ਜਲਦ ਤੋਂ ਜਲਦ ਇਨ੍ਹਾਂ ਨੂੰ ਖਰੀਦ ਕੇ ਇਹਨਾਂ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਜਾਵੇ, ਤਾਂ ਜੋ ਲਾਕਡਾਊਨ ਦੌਰਾਨ ਜਿਆਦਾ ਤੋਂ ਜਿਆਦਾ ਮਰੀਜ਼ਾਂ ਦਾ ਪਤਾ ਲਾਇਆ ਜਾ ਸਕੇ। ਅਜਿਹਾ ਇਸ ਲਈ ਸੰਭਵ ਹੈ ਕਿਉ਼ਂਕਿ ਸਭ ਆਪਣੇ ਘਰਾਂ ਵਿਚ ਹਨ। ਸਮਾਜਕ ਦੂਰੀ ਦਾ ਪਾਲਣ ਕਰ ਰਹੇ ਹਨ। ਅਜਿਹੇ *ਚ ਜਿਆਦੇ ਲੋਕਾਂ ਦੀ ਜਾਂਚ ਅਤੇ ਕਰੋਨਾ ਪੀੜਤਾਂ ਦਾ ਪਤਾ ਲਾ ਪਾਉਣਾ ਸੌਖਾ ਹੈ। ਉਨ੍ਹਾਂ ਦਾ ਪਤਾ ਲੱਗ ਜਾਣ ਤੋਂ ਬਾਅਦ ਇਲਾਜ *ਚ ਜਿਆਦਾ ਮੁਸ਼ਕਿਲ ਪੇਸ਼ ਨਹੀਂ ਆਵੇਗੀ। ਪਰ ਜੇਕਰ ਸਰਕਾਰ ਇਹ ਮੰਨਦੀ ਹੈ ਕਿ ਲਾਕਡਾਉਨ ਨਾਲ ਵਾਇਰਸ ਦੇ ਪ਼੍ਰਸਾਰ ਦੀ ਕੜੀ ਟੁੱਟ ਜਾਵੇਗੀ ਅਤੇ ਇਹ ਆਪਣੇ ਆਪ ਖ਼ਤਮ ਹੋ ਜਾਵੇਗਾ ਤਾਂ ਅਜਿਹਾ ਨਹੀਂ ਹੋਣ ਵਾਲਾ ਹੈ। ਇਹ ਆਪਣੇ ਆਪ ਖ਼ਤਮ ਨਹੀਂ ਹੋਵੇਗਾ। ਇਸ ਨੂੰ ਖਤਮ ਕਰਨਾ ਪਵੇਗਾ।ਇਸ ਨੂੰ ਅੱਗੇ ਵਧ ਕੇ ਮਾਰਨਾ ਪਵੇਗਾ ਅਤੇ ਉਸ ਤੋਂ ਪਹਿਲਾਂ ਇਸ ਨਾਲ ਪੀੜਤ ਲੋਕਾਂ ਦੀ ਪਛਾਣ ਕਰਨੀ ਹੋਵੇਗੀ।ਇਹ ਗੱਲ ਚੰਗੀ ਹੈ ਜੋ 80 ਫੀਸਦ ਤੋਂ ਜਿਆਦਾ ਮਰੀਜ਼ ਖੁਦ ਹੀ ਠੀਕ ਹੋ ਰਹੇ ਹਨ। ਵਿਸ਼ਵ ਸਿਹਤ ਸੰਗਠਨ ਨੇ ਦੁਨੀਆਂ ਭਰ ਦੇ ਦੇਸ਼ਾਂ ਨੂੰ ਲਾਕਡਾਊਨ ਦੇ ਸਮੇਂ ਦਾ ਸਹੀ ਇਸਤਮਾਲ ਕਰਨ ਦੀ ਸਲਾਹ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਘਰਾਂ *ਚ ਜਾਕੇ ਮਰੀਜ਼ਾਂ ਨੂੰ ਲੱਭ ਕੇ ਉਨ੍ਹਾਂ ਦੀ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾਵੇ।

ਇਹਨਾਂ 21 ਦਿਨਾਂ *ਚ ਜਦੋਂ ਮਰੀਜ਼ਾਂ ਦੀ ਗਿਣਤੀ ਘੱਟ ਹੋ ਜਾਵੇਗੀ ਅਤੇ ਸਿਹਤ ਸੇਵਾਵਾਂ *ਤੇ ਦਬਾਅ ਘਟੇਗਾ ਤਾਂ ਉਦੋਂ ਸਰਕਾਰ ਨੂੰ ਐਮਰਜੈਂਸੀ ਹਲਾਤਾਂ ਲਈ ਤਿਆਰੀ ਕਰਨੀ ਪਵੇਗੀ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਜਦੋਂ ਖੁਦ ਹੀ ਕਹਿ ਰਹੇ ਹਨ ਕਿ ਅਜਿਹਾ ਮੰਨ ਲੈਣਾ ਕਿ ਸਭ ਠੀਕ ਹੋ ਗਿਆ, ਸਹੀ ਨਹੀਂ ਹੋਵੇਗਾ, ਤਾਂ ਉਹਨਾਂ ਨੂੰ ਇਹਨਾਂ 21 ਦਿਨਾਂ *ਚ ਐਮਰਜੈਂਸੀ ਹਲਾਤਾਂ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ।ਵੈਂਟੀਲੇਟਰ, ਆਈਸੀਯੂ ਕਮਰਿਆਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ ਅਤੇ ਜੇਕਰ ਨਿਯਮ—ਕਾਇਦਿਆਂ ਨੂੰ ਬਦਲਣ ਦੀ ਜਰੂਰਤ ਹੋਵੇ ਤਾਂ ਉਨ੍ਹਾਂ ਨੂੰ ਬਦਲਕੇ ਜਿਆਦਾ ਤੋਂ ਜਿਆਦਾ ਡਾਕਟਰ—ਨਰਸਾਂ ਦੀ ਮੌਜ਼ੂਦਗੀ ਯਕੀਨੀ ਕਰਨੀ ਚਾਹੀਦੀ ਹੈ। ਕਈ ਜਾਣਕਾਰ ਇਹ ਸੁਝਾਅ ਦੇ ਰਹੇ ਹਨ ਕਿ ਜੇਕਰ ਮੈਡੀਕਲ ਕਾਉਂਸਲ ਆਫ ਇੰਡੀਆ ਦੇ ਕੁਝ ਨਿਯਮ ਬਦਲੇ ਜਾਣ ਤਾਂ ਡੇਢ ਲੱਖ ਡਾਕਟਰ ਅਤੇ ਨਰਸਾਂ ਉਪਲਬਧ ਹੋ ਸਕਦੇ ਹਨ।

ਸਰਕਾਰ ਨੂੰ ਇਸ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ। ਹੋ ਸਕਦਾ ਇਹਨਾਂ ਦਾ ਇਸਤੇਮਾਲ ਕਰਨ ਦੀ ਜਰੂਰਤ ਨਾ ਪਵੇ ਪਰ 21 ਦਿਨਾਂ ਦੇ ਇਸ ਲਾਕਡਾਊਨ ਦਾ ਸਹੀ ਇਸਤੇਮਾਲ ਕਰਦੇ ਹੋਏ ਪੂਰੀ ਤਿਆਰੀ ਕਰਕੇ ਰੱਖਣ *ਚ ਕੋਈ ਹਰਜ਼ ਨਹੀਂ ਹੈ।

 

Previous articleਸਰਕਾਰ ਪੁਲਿਸ ਨੂੰ ਲੋਕਾਂ ਦੀ ਅੰਨੀ ਕੁੱਟ ਦੀ ਆਗਿਆ ਨਾ ਦੇਵੇ : ਹਰਪ੍ਰੀਤ ਸਿੰਘ ਬਰਾੜ
Next articleਗਲਤੀਆਂ ‘ਚੋਂ ਹੀ ਸਬਕ ਲੈਣ ਦੀ ਲੋੜ