ਬਹਿਬਲ ਗੋਲੀ ਕਾਂਡ: ਪੰਧੇਰ ਦੀ ਜ਼ਮਾਨਤ ਅਰਜ਼ੀ ਰੱਦ

ਫ਼ਰੀਦਕੋਟ, (ਸਮਾਜ ਵੀਕਲੀ) : ਬਹਿਬਲ ਗੋਲੀ ਕਾਂਡ ਵਿੱਚ ਕੋਟਕਪੂਰਾ ਸਿਟੀ ਦੇ ਤਤਕਾਲੀ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਦੀ ਜ਼ਮਾਨਤ ਅਰਜ਼ੀ ਸਥਾਨਕ ਸੈਸ਼ਨ ਜੱਜ ਸੁਮੀਤ ਮਲਹੋਤਰਾ ਨੇ ਅੱਜ ਖਾਰਜ ਕਰ ਦਿੱਤੀ। ਗੁਰਦੀਪ ਪੰਧੇਰ ਨੂੰ ਵਿਸ਼ੇਸ਼ ਜਾਂਚ ਟੀਮ ਨੇ ਬਹਿਬਲ ਗੋਲੀ ਕਾਂਡ ਵਿੱਚ ਸ਼ਾਂਤਮਈ ਧਰਨਾ ਦੇ ਰਹੇ ਲੋਕਾਂ ਨੂੰ ਕਥਿਤ ਝੂਠੇ ਕੇਸ ਵਿੱਚ ਫਸਾਉਣ ਲਈ ਸਾਜਿਸ਼ ਰਚਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਸੀ। ਗੁਰਦੀਪ ਪੰਧੇਰ ਕੋਟਕਪੂਰਾ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਹੈ।

ਇਸੇ ਦਰਮਿਆਨ ਬਹਿਬਲ ਗੋਲੀ ਕਾਂਡ ਵਿੱਚ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਇੰਸਪੈਕਟਰ ਪ੍ਰਦੀਪ ਸਿੰਘ ਨੇ ਅਦਾਲਤ ਸਾਹਮਣੇ ਵਾਅਦਾ ਮੁਆਫ਼ ਗਵਾਹ ਬਣਨ ਦੀ ਲਿਖਤੀ ਇੱਛਾ ਜ਼ਾਹਿਰ ਕੀਤੀ ਸੀ। ਅਦਾਲਤ ਨੇ ਇਸ ਬਾਰੇ ਫੈਸਲਾ 24 ਸਤੰਬਰ ਨੂੰ ਕਰਨਾ ਸੀ ਪਰ ਪ੍ਰਦੀਪ ਸਿੰਘ ਨੇ ਕਿਹਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਹ ਬਿਨਾਂ ਦੇਰੀ ਅਦਾਲਤ ਸਾਹਮਣੇ ਬਿਆਨ ਦੇਣਾ ਚਾਹੁੰਦਾ ਹੈ। ਸੈਸ਼ਨ ਜੱਜ ਦੇ ਹੁਕਮਾਂ ’ਤੇ ਇਲਾਕਾ ਮੈਜਿਸਟਰੇਟ ਚੇਤਨ ਸ਼ਰਮਾ ਨੇ ਇੰਸਪੈਕਟਰ ਪ੍ਰਦੀਪ ਸਿੰਘ ਦੇ ਬਿਆਨ ਲਿਖ ਲਏ ਹਨ। ਇੰਸਪੈਕਟਰ ਪ੍ਰਦੀਪ ਸਿੰਘ ਨੇ ਅਦਾਲਤ ਸਾਹਮਣੇ ਦਾਅਵਾ ਕੀਤਾ ਕਿ ਬਹਿਬਲ ਗੋਲੀ ਕਾਂਡ ਦਾ ਉਹ ਸਭ ਤੋਂ ਅਹਿਮ ਗਵਾਹ ਹੈ ਅਤੇ ਉਹ ਸਾਰੀ ਘਟਨਾ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ।

ਇੰਸਪੈਕਟਰ ਪ੍ਰਦੀਪ ਸਿੰਘ ਦੇ ਇਸ ਬਿਆਨ ਨੇ ਸਾਬਕਾ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸ਼ਰਮਾ, ਐੱਸ.ਪੀ ਬਿਕਰਮ ਸਿੰਘ, ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਅਤੇ ਬਾਕੀ ਮੁਲਜ਼ਮਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਚਰਨਜੀਤ ਸ਼ਰਮਾ ਦੇ ਵਕੀਲ ਨੇ ਅਦਾਲਤ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਵਾਅਦਾ ਮੁਆਫ਼ ਗਵਾਹ ਬਣਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਇੰਸਪੈਕਟਰ ਖੁਦ ਬਹਿਬਲ ਗੋਲੀ ਕਾਂਡ ਦਾ ਮੁਲਜ਼ਮ ਹੈ ਅਤੇ ਉੁਸ ਨੂੰ ਵਾਅਦਾ ਮੁਆਫ਼ ਗਵਾਹ ਨਹੀਂ ਬਣਾਇਆ ਜਾ ਸਕਦਾ।

Previous articleKirti Kulhari feels blessed to travel amid pandemic
Next articleਖੇਤੀ ਆਰਡੀਨੈਂਸਾਂ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕੈਪਟਨ: ਬਾਦਲ