ਬਰੇਲੀ ’ਚ ਪਰਵਾਸੀ ਕਾਮਿਆਂ ’ਤੇ ਰਸਾਇਣ ਦਾ ਛਿੜਕਾਅ

ਨਵੀਂ ਦਿੱਲੀ- ਬੱਚਿਆਂ ਦੇ ਹੱਕਾਂ ਬਾਰੇ ਸਿਖਰਲੀ ਸੰਸਥਾ (ਐੱਨਸੀਪੀਸੀਆਰ) ਨੇ ਉੱਤਰ ਪ੍ਰਦੇਸ਼ ਵਿੱਚ ਪਰਵਾਸੀ ਕਾਮਿਆਂ ਦੇ ਇਕ ਸਮੂਹ ਨੂੰ ਸੈਨੇਟਾਈਜ਼ ਕਰਨ ਲਈ ਜਬਰੀ ਉਨ੍ਹਾਂ ਉੱਤੇ ‘ਰਸਾਇਣ’ ਦਾ ਛਿੜਕਾਅ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਤੇ ਸਜ਼ਾਯੋਗ ਕਾਰਵਾਈ ਦੀ ਮੰਗ ਕੀਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜਬਰੀ ਰਸਾਇਣ ਛਿੜਕੇ ਜਾਣ ਦੀ ਇਹ ਘਟਨਾ ਬਰੇਲੀ ਦੀ ਹੈ। ਛਿੜਕਾਅ ਮਗਰੋਂ ਕਈ ਪਰਵਾਸੀ ਕਾਮੇ, ਜਿਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਨੇ ‘ਕੀਟਾਣੂਮੁਕਤ’ ਰਸਾਇਣ ਨਾਲ ਅੱਖਾਂ ਵਿੱਚ ਜਲਣ ਦੀ ਸ਼ਿਕਾਇਤ ਕੀਤੀ ਹੈ। ਬੱਚਿਆਂ ਦੇ ਹੱਕਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ ਨੇ ਬਰੇਲੀ ਜ਼ਿਲ੍ਹਾ ਮੈਜਿਸਟਰੇਟ ਨੂੰ ਤਿੰਨ ਦਿਨਾਂ ਦੇ ਅੰਦਰ ਰਿਪੋਰਟ ਦਾਖ਼ਲ ਕਰਨ ਦੀ ਤਾਕੀਦ ਕੀਤੀ ਹੈ। ਕਮਿਸ਼ਨ ਨੇ ਇਕ ਪੱਤਰ ਜਾਰੀ ਕਰਦਿਆਂ ਇਸ ਪੂਰੀ ਘਟਨਾ ਨੂੰ ਗੈਰਮਨੁੱਖੀ ਵਰਤਾਰਾ ਦੱਸਦਿਆਂ ਗੰਭੀਰਤਾ ਨਾਲ ਲਿਆ ਹੈ। ਕਮਿਸ਼ਨ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਕੀਤੀਆਂ ਹਦਾਇਤਾਂ ’ਚ ਸਾਫ਼ ਕਰ ਦਿੱਤਾ ਕਿ ਇਸ ਮਾਮਲੇ ਦੀ ਫੌਰੀ ਜਾਂਚ ਕਰਦਿਆਂ ਕਾਰਵਾਈ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ। ਇਸ ਦੇ ਨਾਲ ਹੀ ਇਨ੍ਹਾਂ ਪਰਵਾਸੀ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਲਈ ਬੁਨਿਆਦੀ ਵਸਤਾਂ ਜਿਵੇਂ ਖਾਣ-ਪੀਣ, ਰਹਿਣ ਤੇ ਸੁਰੱਖਿਆ ਤੇ ਬੱਚਿਆਂ ਦੀ ਸਾਂਭ ਸੰਭਾਲ ਯਕੀਨੀ ਬਣਾਉਣ ਲਈ ਵੀ ਕਿਹਾ ਹੈ।

Previous articleਪੰਜਾਬ ’ਚ ਕਰੋਨਾਵਾਇਰਸ ਨਾਲ ਤੀਜੀ ਮੌਤ
Next articleਪੰਜਾਬ ਬੋਰਡ ਵੱਲੋਂ ਪੰਜਵੀਂ, ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ