ਬਰਗਾੜੀ ਦੇ ਗੁਰਪੁਰਬ ਸਮਾਗਮ ’ਚ ਬੇਅਦਬੀ ਦਾ ਮੁੱਦਾ ਭਾਰੂ ਰਿਹਾ

ਜਥੇਦਾਰ ਮੰਡ ਨੇ ਬਾਦਲਾਂ ਸਮੇਤ ਕੈਪਟਨ ਨੂੰ ਨਿਸ਼ਾਨੇ ’ਤੇ ਲਿਆ;

ਬਾਦਲਾਂ ਦੀ ਦਿੱਲੀ ਰਿਹਾਇਸ਼ ’ਤੇ ਹੋਏ ਸਮਾਗਮ ’ਤੇ ਸਵਾਲ ਉਠਾਏ

ਬਰਗਾੜੀ ਵਿੱਚ ਚੱਲ ਰਹੇ ਇਨਸਾਫ਼ ਮੋਰਚੇ ਦੇ ਅੱਜ 178ਵੇਂ ਦਿਨ ਗੁਰੂ ਨਾਨਕ ਦੇਵ ਦੇ 550ਵੇਂ ਗੁਰਪੁਰਬ ਨਾਲ ਸਬੰਧਤ ਸਮਾਗਮ ਹੋਇਆ। ਸਮਾਗਮ ਵਿੱਚ ਪਹੁੰਚੀਆਂ ਧਾਰਮਿਕ ਅਤੇ ਰਾਜਨੀਤਕ ਹਸਤੀਆਂ ਦੀਆਂ ਤਕਰੀਰਾਂ ਵਿੱਚ ਬੇਅਦਬੀ ਦਾ ਮੁੱਦਾ ਭਾਰੂ ਰਿਹਾ। ਪਿਛਲੇ ਦਿਨੀਂ ਬਾਦਲਾਂ ਦੇ ਦਿੱਲੀ ਸਥਿਤ ਨਿਵਾਸ ’ਤੇ ਹੋਏ ਗੁਰਪੁਰਬ ਸਮਾਗਮ ਨੂੰ ਲੈ ਕੇ ਬਹੁਤੇ ਬੁਲਾਰਿਆਂ ਨੇ ਸੁਆਲ ਵੀ ਉਠਾਏ। ਸ੍ਰੀ ਅਕਾਲ ਤਖ਼ਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਦੇਰ ਸ਼ਾਮ ਨੂੰ ਸਮਾਗਮ ਦੀ ਸਮਾਪਤੀ ਮੌਕੇ ਆਪਣੇ ਸੰਬੋਧਨ ਰਾਹੀਂ ਖ਼ੁਲਾਸਾ ਕੀਤਾ ਕਿ ਸਿੱਖ ਕੌਮ ਨੇ ਕੇਸਰੀ ਝੰਡੇ ਹੇਠਾਂ ਇੱਕ-ਮੁੱਠ ਹੋਣ ਦਾ ਮਾਰਿਆ ਹੰਭਲਾ ਤਸੱਲੀਬਖ਼ਸ਼ ਕਦਮ ਹੈ। ਉਨ੍ਹਾਂ ਖ਼ਲਕਤ ਨੂੰ ਸੁਨੇਹਾ ਦਿੱਤਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਅਤੇ ਸਭਨਾਂ ਨੂੰ ਪਿਆਰ ਕਰਨ ਵਾਲੀ ਕੌਮ ਹੈ। ਇਸ ਲਈ ਸਮੁੱਚੀ ਲੋਕਾਈ ਨੂੰ ਹਰ ਖੇਤਰ ਦੀ ਬਿਹਤਰੀ ਲਈ ਸਿੱਖ ਕੌਮ ਦਾ ਸਹਿਯੋਗ ਕਰਨਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਦਾ ਨਾਂ ਲੈ ਕੇ ਉਨ੍ਹਾਂ ਕਿਹਾ ਕਿ ਉਹ ਬੇਅਦਬੀ ਦੇ ਦੋਸ਼ੀ ਹਨ ਅਤੇ ਉਨ੍ਹਾਂ ਨੂੰ ਸਜ਼ਾ ਭੁਗਤਣ ਲਈ ਸ੍ਰੀ ਅਕਾਲ ਤਖ਼ਤ ਅੱਗੇ ਇੱਕ ਦਿਨ ਜ਼ਰੂਰ ਗੋਡੇ ਰਗੜ ਕੇ ਆਉਣਾ ਪਵੇਗਾ। ਭਾਈ ਮੰਡ ਨੇ ਬਾਦਲਾਂ ’ਤੇ ਅਕਾਲੀ ਦਲ ਨੂੰ ਭਾਜਪਾ ਵਿਚ ‘ਰਲਾਉਣ’ ਦਾ ਇਲਜ਼ਾਮ ਵੀ ਲਾਇਆ। ਗ੍ਰਨੇਡ ਹਮਲੇ ਦੇ ਸਬੰਧ ’ਚ ਕੈਪਟਨ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਸਿੱਖ ਨੌਜਵਾਨਾਂ ਨੂੰ ‘ਝੂਠੇ’ ਕੇਸ ਵਿੱਚ ਉਲਝਾਉਣ ਦਾ ਦੋਸ਼ ਲਾਇਆ। ਉਨ੍ਹਾਂ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਪਹਿਲਾਂ ਬਰਗਾੜੀ ਬੇਅਦਬੀ ਕਾਂਡ ਵੇਲੇ ਤਤਕਾਲੀ ਅਕਾਲੀ ਸਰਕਾਰ ਨੇ ਵੀ ਪੰਜਗਰਾਈਂ ਦੇ ਦੋ ਨੌਜਵਾਨ ਭਰਾਵਾਂ ਨੂੰ ਇਸੇ ਤਰ੍ਹਾਂ ਹੀ ਫਸਾਇਆ ਸੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਆਪਣਾ ਭਾਸ਼ਣ ਸਿਰਫ਼ ਧਾਰਮਿਕ ਵਿਸ਼ੇ ਤੱਕ ਸੀਮਤ ਰੱਖਦਿਆਂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਨਾਨਕ ਦੇਵ ਬਾਰੇ ਹੀ ਗੱਲਾਂ ਕੀਤੀਆਂ। ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਿੱਖਾਂ ਦੀ ਆਜ਼ਾਦੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਹੱਕ ’ਚ ਸੰਗਤਾਂ ਤੋਂ ਨਾਅਰੇ ਲੁਆਏ। ਪਿਛਲੇ ਦਿਨੀਂ ਦਿੱਲੀ ਵਿਖੇ ਬਾਦਲਾਂ ਦੇ ਗ੍ਰਹਿ ਵਿਖੇ ਹੋਏ ਗੁਰਪੁਰਬ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਘਰੇਲੂ ਸਮਾਗਮਾਂ ਵਿੱਚ ਜਾਣਾ ਵੱਡੇ ਆਗੂਆਂ ਨੂੰ ਸ਼ੋਭਾ ਨਹੀਂ ਦਿੰਦਾ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੇ ਬਾਦਲਾਂ ਦੇ ਘਰ ਜਾਣ ਲਈ ਡਾ. ਮਨਮੋਹਨ ਸਿੰਘ ਤੋਂ ਮੁਆਫ਼ੀ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਵੋਟਾਂ ਅਤੇ ਨੋਟਾਂ ਲਈ ਡੇਰਾ ਮੁਖੀ ਨਾਲ ਯਾਰੀ ਪੁਗਾਉਣ ਵਾਲੇ ਬਾਦਲਾਂ ਨੇ ਸਿੱਖ ਸੰਗਤ ਨੂੰ ਧੋਖਾ ਦੇਣ ਲਈ ਆਪਣੇ ਘਰ ਵਿੱਚ ਗੁਰਪੁਰਬ ਸਮਾਗਮ ਕਰਵਾਇਆ। ਸਮਾਗਮ ’ਚ ਯੂਨਾਈਟਿਡ ਅਕਾਲੀ ਦਲ ਦੇ ਭਾਈ ਵੱਸਣ ਸਿੰਘ ਜ਼ਫ਼ਰਵਾਲ, ਭਾਈ ਗੁਰਦੀਪ ਸਿੰਘ ਬਠਿੰਡਾ, ਬਸਪਾ ਦੇ ਲਾਲ ਸਿੰਘ ਸੁਲਹਾਣੀ, ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਮੱਖਣ ਸਿੰਘ, ਅਸ਼ੋਕ ਚੁੱਘ ਤੋਂ ਇਲਾਵਾ ਨਿਹੰਗ ਜਥੇਬੰਦੀਆਂ, ਸੰਤ ਸਮਾਜ, ਟਕਸਾਲਾਂ, ਸਿੱਖ ਤੇ ਨਾਮਧਾਰੀ ਸੰਪਰਦਾਵਾਂ, ਵੱਖ-ਵੱਖ ਸੰਗਠਨਾਂ ਦੇ ਬਹੁਤ ਸਾਰੇ ਪ੍ਰਤੀਨਿਧਾਂ ਨੇ ਹਾਜ਼ਰੀ ਭਰੀ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੀਤਾ ਗਿਆ।

Previous articleChinese shares open mixed; yuan weakens
Next articleBrexit gets EU nod