ਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਦੀ ਨਾਭਾ ਜੇਲ੍ਹ ’ਚ ਹੱਤਿਆ

ਦੋ ਕੈਦੀਆਂ ਨੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ’ਤੇ ਕੀਤਾ ਹਮਲਾ

ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਅਤੇ ਡੇਰਾ ਸੱਚਾ ਸੌਦਾ ਪ੍ਰੇਮੀ ਮਹਿੰਦਰਪਾਲ ਬਿੱਟੂ (49) ਦੀ ਜੇਲ੍ਹ ਵਿੱਚ ਬੰਦ ਦੋ ਹੋਰ ਕੈਦੀਆਂ ਨੇ ਇੱਟਾਂ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਅੱਜ ਸ਼ਾਮ ਸਵਾ ਪੰਜ ਵਜੇ ਦੇ ਕਰੀਬ ਵਾਪਰੀ। ਬਿੱਟੂ ਨੂੰ ਤੁਰੰਤ ਨਾਭਾ ਦੇ ਸਿਵਲ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਣਕਾਰੀ ਅਨੁਸਾਰ ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਜੇਲ੍ਹ ਵਿੱਚ ਕਤਲ ਦੇ ਦੋਸ਼ ਹੇਠ ਸਜ਼ਾ ਕੱਟ ਰਹੇ ਕੈਦੀ ਗੁਰਸੇਵਕ ਸਿੰਘ ਵਾਸੀ ਪਿੰਡ ਝਿਊਰ ਮਾਜਰਾ (ਸੁਹਾਣਾ) ਤੇ ਮਨਿੰਦਰ ਸਿੰਘ ਵਾਸੀ ਪਿੰਡ ਭਗੜਾਣਾ ਥਾਣਾ ਬਡਾਲੀ ਆਲਾ ਸਿੰਘ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਕੁੱਝ ਹੋਰ ਸੂਤਰਾਂ ਅਨੁਸਾਰ ਹਮਲੇ ਵਿੱਚ ਲੋਹੇ ਦੀਆਂ ਰਾਡਾਂ ਦੀ ਵਰਤੋਂ ਕੀਤੀ ਗਈ ਹੈ। ਇਹ ਰਾਡਾਂ ਹਮਲਾਵਰਾਂ ਨੇ ਉਸਾਰੀ ਵਾਲੀ ਥਾਂ ਤੋਂ ਚੁੱਕੀਆਂ ਸਨ। ਹਮਲੇ ਵਿੱਚ ਬਿੱਟੂ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਦੇ ਸਿਰ ਵਿੱਚ ਡੂੰਘੀਆਂ ਸੱਟਾਂ ਲੱਗੀਆਂ। ਗੌਰਤਲਬ ਹੈ ਕਿ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਡੇਰਾ ਪ੍ਰੇਮੀ ਸਨੀ, ਸੰਦੀਪ ਨੀਲਾ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਮਹਿੰਦਰਪਾਲ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਨੂੰ ਪਿਛਲੇ ਸਾਲ 11 ਤੇ 12 ਜੂਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੋਂ ਬਾਅਦ ਜ਼ਿਲ੍ਹਾ ਜੇਲ੍ਹ ਨਾਭਾ ਭੇਜ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਸ਼ਮੂਲੀਅਤ ਦੇ ਦੋਸ਼ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

Previous articleਕਰਤਾਰਪੁਰ ਲਾਂਘਾ: ਪਾਕਿਸਤਾਨ ਨੇ ਲਾਈਆਂ ਸ਼ਰਤਾਂ
Next articleਜ਼ਮਾਨਤ ’ਤੇ ਆਏ ਮੁਲਜ਼ਮ ਦੀ ਪੁਲੀਸ ਦੀ ਹਾਜ਼ਰੀ ’ਚ ਹੱਤਿਆ