ਬਠਿੰਡਾ: ਹੁੱਲੜਬਾਜ਼ਾਂ ਨੇ ਪੁਲੀਸ ਮਗਰ ਪਿੱਟ ਬੁੱਲ ਛੱਡਿਆ; ਕੁੱਤੇ ਨੇ ਥਾਣੇਦਾਰ ਨੂੰ ਵੱਢਿਆ

ਬਠਿੰਡਾ (ਸਮਾਜ ਵੀਕਲੀ): ਸ਼ਹਿਰ ਦੇ ਭੁਲੇਰੀਆ ਵਾਲੇ ਮੁਹੱਲੇ ’ਚ ਬੀਤੀ ਰਾਤ ਕੁਝ ਲੋਕ ਥਾਣਾ ਕੋਤਵਾਲੀ ਦੇ ਮੁਖੀ ਦੀ ਟੀਮ ਨੂੰ ‘ਸਿੱਧੇ’ ਹੋ ਗਏ। ਪ੍ਰਤੱਖਦਰਸ਼ੀਆਂ ਮੁਤਾਬਿਕ ਪੁਲੀਸ ’ਤੇ ਹਮਲੇ ਦੀ ਨੀਅਤ ਨਾਲ ਪਰਿਵਾਰ ਨੇ ਜਦੋਂ ਪਿੱਟ-ਬੁੱਲ ਪਾਲਤੂ ਕੁੱਤੇ ਦੇ ਗਲੋਂ ਸੰਗਲੀ ਲਾਹ ਦਿੱਤੀ ਤਾਂ ਪੁਲੀਸ ਪਾਰਟੀ ਦੀ ਸਥਿਤੀ ਹਾਸੋ-ਹੀਣੀ ਬਣ ਗਈ।

ਕੋਤਵਾਲੀ ਦੇ ਐੱਸਐੱਚਓ ਇੰਸਪੈਕਟਰ ਦਵਿੰਦਰ ਸਿੰਘ ਦੇ ਬਿਆਨ ’ਤੇ ਦਰਜ ਐੱਫਆਈਆਰ ਅਨੁਸਾਰ ਰਾਤੀਂ ਕਰੀਬ 9:30 ਵਜੇ ਫ਼ੋਨ ’ਤੇ ਸੂਚਨਾ ਮਿਲੀ ਸੀ ਕਿ ਮੁਹੱਲੇ ਦੇ ਕੁਝ ਵਿਅਕਤੀ ਲੜਕੀਆਂ ਨੂੰ ਪ੍ਰੇਸ਼ਾਨ ਕਰਨ ਦੇ ਨਾਲ ਹੁੱਲੜਬਾਜ਼ੀ ਕਰ ਰਹੇ ਹਨ। ਉਹ ਪੁਲੀਸ ਪਾਰਟੀ ਨਾਲ ਮੁਹੱਲੇ ’ਚ ਪਹੁੰਚੇ ਤਾਂ ਕੁੱਝ ਬਾਸ਼ਿੰਦਿਆਂ ਨੇ ਪੁਲੀਸ ਕਰਮਚਾਰੀਆਂ ਨਾਲ ‘ਹੱਥੋਪਾਈ’ ਕੀਤੀ ਅਤੇ ਵਰਦੀ ਨੂੰ ‘ਹੱਥ’ ਪਾਇਆ। ਇਥੋਂ ਹੀ ਕਿਸੇ ਨੇ ਪੁਲੀਸ ਪਾਰਟੀ ’ਤੇ ਕੁੱਤਾ ਛੱਡ ਦਿੱਤਾ ਤਾਂ ਕੁੱਤੇ ਨੇ ਨਾਲ ਗਏ ਸਬ-ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੂੰ ਵੱਢ ਲਿਆ।

ਪੁਲੀਸ ਨੇ ਮੋਹਣ ਲਾਲ, ਮੋਹਣ ਲਾਲ ਦੀ ਪਤਨੀ ਸੁਦੇਸ਼ ਰਾਣੀ, ਸੁਮਿਤ, ਸਾਹਿਲ, ਬੰਟੀ (ਜੋ ਇਨ੍ਹਾਂ ਦੇ ਬੱਚੇ ਹਨ) ਅਤੇ ਮਿਸਤਰੀ ਸੀਪਾ ਸਮੇਤ ਮੁਹੱਲੇ ਦੇ ਅਣਪਛਾਤੇ ਵਿਅਕਤੀਆਂ ’ਤੇ ਧਾਰਾ 353, 186, 289, 148, 149 ਅਧੀਨ ਪਰਚਾ ਦਰਜ ਕੀਤਾ ਹੈ। ਪੁਲੀਸ ਦਾ ਆਖਣਾ ਹੈ ਕਿ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਜਦ ਕਿ ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਮੁਲਜ਼ਮਾਂ ਨੂੰ ਪੁਲੀਸ ਰਾਤ ਹੀ ਗ੍ਰਿਫ਼ਤਾਰ ਕਰ ਕੇ ਲੈ ਗਈ ਸੀ।

Previous articleਸਿਰਸਾ ਤੋਂ ਸਵਾਰੀਆਂ ਨਾਲ ਭਰੀ ਬੱਸ ਤਿੰਨ ਜਣਿਆਂ ਨੇ ਅਗਵਾ ਕੀਤੀ
Next articleਈਡੀ ਵੱਲੋਂ ਬੈਂਕ ਧੋਖਾਧੜੀ ਮਾਮਲੇ ਵਿੱਚ ਲੁਧਿਆਣਾ ਸਣੇ 16 ਥਾਵਾਂ ’ਤੇ ਛਾਪੇ