ਬਚਿੱਤਰ ਸਿੰਘ ਹੁੰਦਲ ਦਾ ਵਿਛੋੜਾ

ਬਚਿੱਤਰ ਸਿੰਘ ਹੁੰਦਲ

– ਡਾ. ਚਰਨਜੀਤ ਸਿੰਘ ਗੁਮਟਾਲਾ, 919417533060

ਅਮਰੀਕਾ ਦੇ ਸ਼ਹਿਰ ਮਨਟੀਕਾ (ਕੈਲੀਫ਼ੋਰਨਿਆ ਸੂਬੇ ) ਦੇ ਨਿਵਾਸੀ ਬਚਿੱਤਰ ਸਿੰਘ ਹੁੰਦਲ ਜੋ 23 ਨਵੰਬਰ 2019 ਨੂੰ ਸਵਰਗਵਾਸ ਹੋਏ, ਦਾ ਜੀਵਨ ਬੜਾ ਸੰਘਰਸ਼ਮਈ ਸੀ। ਉਨ੍ਹਾਂ ਦਾ ਜਨਮ ਪਿੰਡ ਸ਼ਫੀਪੁਰ ਜਿਲ੍ਹਾ ਤਰਨਤਾਰਨ ਵਿਖੇ ਸ. ਅਨਾਬ ਸਿੰਘ ਦੇ ਗ੍ਰਹਿ ਵਿਖੇ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਮੁੱਢਲੀ ਵਿੱਦਿਆ ਪ੍ਰਾਪਤ ਕਰਕੇ ਹਾਇਰ ਸੈਕੰਡਰੀ, ਸਰਕਾਰੀ ਹਾਇਰ ਸੈਕੰਡਰੀ ਸਕੂਲ ਤਰਨਤਾਰਨ ਤੋਂ ਕੀਤੀ। ਉਨ੍ਹਾਂ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਮੇਰੇ ਨਾਲ 1964 ਵਿਚ ਪ੍ਰੀ-ਮੈਡੀਕਲ ਪਾਸ ਕੀਤੀ, ਜਿੱਥੇ ਉਨ੍ਹਾਂ ਦੇ ਮਾਮਾ ਜੀ ਸ. ਅਜੈਬ ਸਿੰਘ ਸੇਖੋਂ ਡੀ.ਪੀ.ਈ. ਸਨ। ਉਨ੍ਹਾਂ ਦੇ ਮਾਮਾ ਜੀ ਦੇ ਛੋਟੇ ਬੇਟੇ ਅਮਰੀਕਾ ਦੇ ਯੂਬਾ ਸਿਟੀ ਦੇ ਨਿਵਾਸੀ  ਕਰਨਲ ਡਾ.ਅਰਜਿੰਦਰ ਸਿੰਘ ਸੇਖੋਂ ਵੀ ਸਾਡੇ ਏਸੇ ਜਮਾਤ ਦੇ ਜਮਾਤੀ ਸਨ। ਹੁੰਦਲ ਨੂੰ ਖੇਡਾਂ ਦਾ ਬੜਾ ਸ਼ੌਂਕ ਸੀ । ਇੱਥੇ ਉਨ੍ਹਾਂ ਕੁਸ਼ਤੀ ਅਤੇ ਕਬੱਡੀ ਵਿੱਚ ਮੱਲਾਂ ਮਾਰੀਆਂ ਅਤੇ ਗਤਕੇ ਵਿੱਚ ਕਲਰ ਪ੍ਰਾਪਤ ਕੀਤਾ। ਬਾਦ ਵਿੱਚ ਉਨ੍ਹਾਂ ਖ਼ਾਲਸਾ ਕਾਲਜ ਪਟਿਆਲਾ ਵਿੱਚ ਦਾਖਲਾ ਲਿਆ ਤੇ ਕੁਸ਼ਤੀ ਵਿੱਚ ਅੰਤਰ-ਯੂਨੀਵਰਸਿਟੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।

30 ਜਨਵਰੀ 1969 ਨੂੰ ਹੋਏ ਕਤਲ ਕੇਸ ਦੇ ਮਾਮਲੇ ਵਿੱਚ ਆਪ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ, ਜਿਸ ਵਿੱਚ 21 ਅਪ੍ਰੈਲ 1970 ਨੂੰ ਉਨ੍ਹਾਂ ਨੂੰ ਸਜ਼ਾ-ਏ-ਮੌਤ ਦੀ ਸਜ਼ਾ ਸੁਣਾਈ ਗਈ।  ਜੇਲ ਵਿੱਚ ਆਪ ਨੇ ਗਿਆਨੀ, ਬੀ.ਏ. ਤੇ ਐਮ.ਏ. ਪੰਜਾਬੀ ਤੇ ਐਮ.ਏ. ਰਾਜਨੀਤਕ ਵਿਗਿਆਨ ਕੀਤੀ। ਉਸ ਸਮੇਂ ਗੁਰੂ ਨਾਨਕ ਯੂਨੀਵਰਸਿਟੀ ਵਿੱਚ ਲਾਇਬ੍ਰੇਰੀ ਵਿਭਾਗ ਦੇ ਮੁੱਖੀ ਸ. ਰਣਜੀਤ ਸਿੰਘ ਰਾਣਾ  ਸਨ, ਜਿਨ੍ਹਾਂ ਨੇ ਉਨ੍ਹਾਂ ਦੀ ਪੜ੍ਹਾਈ ਵਿੱਚ ਬਹੁਤ ਮਦਦ ਕੀਤੀ ਤੇ ਉਹ ਉਨ੍ਹਾਂ ਦੀ ਸੇਵਾਵਾਂ ਨੂੰ ਬਹੁਤ ਯਾਦ ਕਰਦੇ ਸਨ। ਇਨ੍ਹਾਂ ਕਿਤਾਬਾਂ ਕਰਕੇ ਹੀ  ਉਨ੍ਹਾਂ ਨੇ 18 ਮਹੀਨੇ ਕਾਲ ਕੋਠੜੀ ਵਿੱਚ ਵਧੀਆ ਗੁਜਾਰੇ।

ਬਚਿੱਤਰ ਸਿੰਘ ਹੁੰਦਲ, ਡਾ. ਚਰਨਜੀਤ ਸਿੰਘ ਗੁਮਟਾਲਾ ਦੇ ਨਾਲ

ਜਦ ਮੈਂ ਪੰਜਾਬ ਮੇਲ ਦੇ ਸੰਪਾਦਕ ਸ. ਗੁਰਜਤਿੰਦਰ ਸਿੰਘ ਰੰਧਾਵਾ ਦੇ ਸੱਦੇ ‘ਤੇ ਅਮਰੀਕਾ ਕੈਲੀਫੋਰਨੀਆਂ ਦੀ ਰਾਜਧਾਨੀ ਸੈਕਰਾਮੈਂਟੋ ਗਿਆ ਤਾਂ ਉਨ੍ਹਾਂ ਨੂੰ 44 ਸਾਲ ਬਾਦ 29 ਅਗਸਤ 2011ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੀ ਫ਼ਾਂਸੀ ਦੀ ਸਜ਼ਾ ਕਿਵੇਂ ਉਮਰ ਕੈਦ ਵਿੱਚ ਤਬਦੀਲ ਹੋਈ, ਇਸ ਬਾਰੇ ਉਨ੍ਹਾਂ ਨੇ ਦੱਸਿਆ ਕਿ 1969 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਦਿਵਸ ਸੀ ਤਾਂ ਉਸ ਸਮੇਂ ਫਾਂਸੀ ਦੀ ਸਜ਼ਾ ਵਾਲਿਆਂ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਿਆ ਗਿਆ ਸੀ, ਤਾਂ ਉਨ੍ਹਾਂ ਦੀ ਵੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕੀਤੀ ਗਈ।

1969 ਵਿਚ ਹੀ ਪਹਿਲੀ ਵਾਰ ਜੇਲ੍ਹਾਂ ਵਿੱਚ ਆਲ ਇੰਡੀਆ ਟੂਰਨਾਮੈਂਟ ਕਰਵਾਏ ਗਏ, ਜਿਸ ਵਿੱਚ ਪੰਜਾਬ ਪਹਿਲੇ ਸਥਾਨ ‘ਤੇ ਰਿਹਾ। ਪੰਜਾਬ ਵਿੱਚ ਇਹ ਖੇਡਾਂ ਪਟਿਆਲਾ ਵਿਖੇ ਹੋਈਆਂ। ਆਪ ਨੇ ਇਸ ਟੂਰਨਾਮੈਂਟ ਵਿੱਚ ਕਬੱਡੀ, ਬਾਸਕਟਬਾਲ ਤੇ ਵਾਲੀਵਾਲ ਟੀਮਾਂ ਦੀ ਕਪਤਾਨੀ ਕੀਤੀ। ਇਸ ਟੂਰਨਾਮੈਂਟ ਦੀ ਵਿਲੱਖਣਤਾ ਇਹ ਸੀ ਕਿ ਦਿਨੇ ਟੂਰਨਾਮੈਂਟ ਹੁੰਦੇ ਸਨ, ਸ਼ਾਮ ਨੂੰ ਕੈਦੀਆਂ ਵੱਲੋਂ ਡਰਾਮੇ ਖੇਡੇ ਜਾਂਦੇ ਸਨ, ਜਿਨ੍ਹਾਂ ਨੂੰ ਵੇਖਣ ਲਈ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਸਨ। ਨਾਲ ਸੱਭਿਆਚਾਰ ਪ੍ਰੋਗਰਾਮ ਹੁੰਦੇ ਸਨ। ਇਨ੍ਹਾਂ ਪ੍ਰੋਗਰਾਮਾਂ ਤੋਂ ਕੈਦੀਆਂ ਬਾਰੇ ਲੋਕਾਂ ਨੂੰ ਪਤਾ ਲੱਗਾ ਕਿ ਜੇਲ੍ਹ ਵਿੱਚ ਵੀ ਬਹੁਤ ਸਾਰੇ ਕਲਾਕਾਰ ਹਨ, ਜਿਨ੍ਹਾਂ ਦੀ ਕਲਾ ਦਾ ਲਾਭ ਉਠਾਇਆ ਜਾ ਸਕਦਾ ਹੈ। ਉਨ੍ਹਾਂ ਦਰਸ਼ਕਾਂ ਵਿੱਚ ਕਾਮਰਸ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਰਾਜ ਨਰਾਇਣ ਸਲੂਜਾ ਵਰਗੀਆਂ ਨਾਮਵਾਰ ਸ਼ਖ਼ਸ਼ੀਅਤਾਂ ਪ੍ਰਵਾਰ ਸਮੇਤ ਆਉਂਦੀਆਂ ਸਨ। 15 ਦਿਨ ਚਲੇ ਇਸ ਪ੍ਰੋਗਰਾਮ ਨੂੰ ਟੀ.ਵੀ ‘ਤੇ ਵੀ  ਦਿਖਾਇਆ ਗਿਆ।

1975 ਵਿੱਚ ਸ੍ਰੀ ਮਤੀ ਇੰਦਰਾ ਗਾਂਧੀ ਨੇ ਐਮਰਜੈਸੀ ਲਾ ਦਿੱਤੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸ. ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ. ਬਲਵਿੰਦਰ ਸਿੰਘ ਭੂੰਦੜ, ਬੀਰ ਦਵਿੰਦਰ ਸਿੰਘ , ਜਨਤਾ ਪਾਰਟੀ ਦੇ ਚੰਦਰ ਸ਼ੇਖਰ ਵਰਗੇ ਜੇਲ੍ਹਾਂ  ਵਿੱਚ ਸੁੱਟੇ ਗਏ। ਹੁੰਦਲ ਨੂੰ ਇਨ੍ਹਾਂ ਲੀਡਰਾਂ ਨਾਲ ਮਿਲਣ ਦਾ ਮੌਕਾ ਮਿਲਿਆ। ਜੇਲ੍ਹ ਵਿੱਚ ਹੀ ਸ਼ਹੀਦ ਫੌਜਾ ਸਿੰਘ ਨੂੰ ਵੀ ਮਿਲਣ ਦਾ ਮੌਕਾ ਮਿਲਿਆ।

1977 ਵਿੱਚ ਹੀ ਚੰਦਰ ਸ਼ੇਖਰ ਨੇ ਆਲ ਇੰਡੀਆ ਟੂਰਨਾਮੈਂਟ ਕਰਵਾਇਆ, ਜੋ ਕਿ 7 ਦਿਨ ਚੱਲਿਆ। ਉਸ ਸਮੇਂ  ਜੇਲ੍ਹ ਦੇ ਡਿਪਟੀ ਸੁਪਰਡੈਂਟ ਸ੍ਰੀ ਸੁਸ਼ੀਲ ਕੁਮਾਰ ਰਾਮਪਾਲ ਸਨ, ਜਿਨ੍ਹਾਂ ਨੇ ਦੋ ਫਿਲਮਾਂ ਦੀ ਕਹਾਣੀ ਲਿਖੀ। ਇੱਕ ਸੀ ‘ਸੀਮਾ’ ਤੇ ਦੂਜੀ ਸੀ ਜੇਲ੍ਹ ਵਿੱਚ ਕੈਦੀਆਂ ਦੀ ਜਿੰਦਗੀ ਨਾਲ ਸੰਬੰਧਿਤ ‘ਦੋ ਆਂਖੇ ਬਾਰਾਂ ਹਾਥ’। ਜਿਸ ਦਾ ਇੱਕ ਗਾਣਾ ‘ਐ ਮਾਲਕ ਤੇਰੇ ਬੰਦੇ ਹਮ, ਐਸੇ ਹੋ ਹਮਾਰੇ ਕਰਮ, ਨੇਕੀ ਪੇ ਚਲੇ, ਹੰਸਤੇ ਹੰਸਤੇ ਨਿਕਲੇ ਦਮ’ ਲਿਖੀਆਂ ਸਨ। ਇਨ੍ਹਾਂ ਨਾਲ  ਬਤਾਏ ਸਮੇਂ ਨੂੰ ਵੀ ਉਹ ਯਾਦ ਕਰਦੇ ਹਨ ।

1973 ਵਿੱਚ ਪੈਰੋਲ ਸਮੇਂ ਹੀ ਉਨ੍ਹਾਂ ਦਾ ਵਿਆਹ ਹੋਇਆ। ਪੈਰੋਲ ਸਮੇਂ ਹੀ ਉਨ੍ਹਾਂ ਨੂੰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ। ਸਾਢੇ ਬਾਰਾਂ ਸਾਲ ਦੀ ਕੈਦ ਕੱਟ ਕੇ ਉਨ੍ਹਾਂ ਉਤਰ ਪ੍ਰਦੇਸ਼ ਵਿੱਚ ਜਾ ਕੇ ਆਪਣੇ ਫਾਰਮ ‘ਤੇ ਖੇਤੀ ਬਾੜੀ ਸ਼ੁਰੂ ਕੀਤੀ। 1984 ਦੇ ਕਾਂਡ ਕਰਕੇ ਉਨ੍ਹਾਂ ਉਤਰ ਪ੍ਰਦੇਸ਼ ਛੱਡ ਕੇ ਜੁਲਾਈ 1984 ਵਿੱਚ ਇੰਗਲੈਂਡ ਆ ਵੱਸੇ ਤੇ ਉਥੋਂ ਉਹ 1990 ਵਿੱਚ ਅਮਰੀਕਾ ਆ ਗਏ। ਅਮਰੀਕਾ ਆਕੇ ਹੀ ਅਸਲ ਵਿੱਚ ਉਨ੍ਹਾਂ ਨੇ ਪ੍ਰਵਾਰਿਕ ਜੀਵਨ ਦਾ ਆਨੰਦ  ਮਾਣਿਆ। ਪਹਿਲਾਂ ਟਰੱਕ ਚਲਾਇਆ ਤੇ ਫਿਰ ਹੋਰ ਕਾਰੋਬਾਰ ਕੀਤੇ। ਉਨ੍ਹਾਂ ਦਿਨਾਂ ਵਿੱਚ ਬਹੁਤ ਘੱਟ ਦਸਤਾਰਧਾਰੀ ਸਿੱਖ ਡਰਾਇਵਰ ਹੁੰਦੇ ਸਨ।

ਉਨ੍ਹਾਂ ਸਿੱਖੀ ਦੇ ਪ੍ਰਚਾਰ ਲਈ ਪਹਿਲਾਂ ਇੰਗਲੈਂਡ ਤੇ ਫਿਰ ਅਮਰੀਕਾ ਵਿੱਚ ਨਗਰ ਕੀਰਤਨ ਆਰੰਭ ਕਰਵਾਏ। 1985 ਵਿੱਚ ਸਾਊਥ ਹਾਲ ਇੰਗਲੈਂਡ ਤੇ 1986 ਵਿੱਚ ਲੀਡ ਸ਼ਹਿਰ ਵਿੱਚ ਨਗਰ ਕੀਰਤਨ ਕੱਢਿਆ ਗਿਆ। ਅਮਰੀਕਾ ਆ ਕੇ ਉਨ੍ਹਾਂ 1994 ਵਿੱਚ ਸੈਲਮਾ ਸ਼ਹਿਰ ਤੇ 1995 ਵਿੱਚ ਲਾਸ ਏਂਜਲਸ (ਐਲ.ਏ.) ਵਿਖੇ ਨਗਰ ਕੀਰਤਨ ਦਾ ਪ੍ਰਬੰਧ ਕਰਵਾਇਆ। ਉਹ ਇਕ ਚੰਗੇ ਲਿਖਾਰੀ ਤੇ ਕਵੀ ਸਨ। ਉਹ ਬਹੁਤ ਹੀ ਮਿਲਣਸਾਰ ਤੇ ਨਿਘੇ ਸੁਭਾਅ ਦੇ ਮਾਲਕ ਸਨ। ਉਹ ਚੰਗੇ ਸਮਾਜ  ਸੇਵਕ ਵੀ ਸਨ।  ਉਹ ਆਪਣੇ ਪਿੱਛੇ ਇਕ ਹਸਦਾ ਵਸਦਾ ਪ੍ਰਵਾਰ ਛੱਡ ਗਏ ਹਨ। ਉਨ੍ਹਾਂ ਦੇ ਅਨੇਕਾਂ ਹੀ ਮਿੱਤਰ ਸਨ। ਉਹ ਭਾਵੇਂ ਚਲੇ ਗਏ ਹਨ ਪਰ ਉਨ੍ਹਾਂ ਵੱਲੋਂ ਕੀਤੇ ਕੰਮਾਂ ਕਰਕੇ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

Previous articleਯੋਰਪੀਨ ਮੁਲਕਾਂ ਚ ਵੱਸਦੇ ਲੇਖਕਾਂ ਦੀਆਂ ਚੋਣਵੀਆਂ ਰਚਨਾਵਾਂ ਪ੍ਰਕਾਸ਼ਿਤ ਕਰਨ ਦੀ ਲੋੜ – ਪ੍ਰੋ: ਗੁਰਭਜਨ ਗਿੱਲ
Next articleਦੇਖੋ ਰੋਜ਼ਾਨਾ ਮੂੰਗਫਲੀ ਭਿਓਂ ਕੇ ਖਾਣ ਨਾਲ ਕਿੰਨੇ ਫਾਇਦੇ ਨੇ