‘ਫੱਗਣ-ਚੇਤ ਦੀ ਝੜੀ’ ਨੇ ਕਰਾਈ ਤੌਬਾ

ਲਗਾਤਾਰ ਚਾਰ ਦਿਨਾਂ ਤੋਂ ਪੈ ਰਹੇ ਮੀਂਹ ਤੇ ਗੜਿਆਂ ਕਾਰਨ ਕਣਕ ਤੇ ਹੋਰ ਫ਼ਸਲਾਂ ਦਾ ਭਾਰੀ ਨੁਕਸਾਨ

ਪੰਜਾਬ ਵਿੱਚ ਬੇਮੌਸਮੇ ਮੀਂਹ ਅਤੇ ਗੜਿਆਂ ਕਾਰਨ ਕਣਕ ਅਤੇ ਹਾੜ੍ਹੀ ਦੀਆਂ ਫ਼ਸਲਾਂ ਨੁਕਸਾਨੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮੀਂਹ ਨਾਲ ਕਿਸਾਨਾਂ ਨੂੰ ਭਾਰੀ ਵਿੱਤੀ ਸੱਟ ਲੱਗਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਸੂਬੇ ਵਿੱਚ ਬੁੱਧਵਾਰ ਤੋਂ ਸ਼ੁਰੂ ਹੋਇਆ ਮੀਂਹ ਅੱਜ ਦਿਨ ਭਰ ਜਾਰੀ ਰਿਹਾ। ਖੇਤੀਬਾੜੀ ਅਤੇ ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਤਾਜ਼ਾ ਮੀਂਹ ਨੇ ਸਮੁੱਚੇ ਪੰਜਾਬ ਨੂੰ ਲਪੇਟ ’ਚ ਲੈ ਲਿਆ ਹੈ। ਕਣਕ ਦੀ ਪੱਕਣ ’ਤੇ ਆਈ ਫ਼ਸਲ, ਸਰ੍ਹੋਂ ਸਮੇਤ ਹੋਰ ਤੇਲ ਬੀਜ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਰੋਪੜ, ਮੁਹਾਲੀ, ਫਤਹਿਗੜ੍ਹ ਸਾਹਿਬ, ਨਵਾਂ ਸ਼ਹਿਰ, ਜਲੰਧਰ, ਤਰਨ ਤਾਰਨ, ਲੁਧਿਆਣਾ, ਬਠਿੰਡਾ, ਪਟਿਆਲਾ ਅਤੇ ਹੋਰ ਕਈ ਜ਼ਿਲ੍ਹਿਆਂ ਤੋਂ ਕਣਕ ਦੀ ਫ਼ਸਲ ਮੀਂਹ ਦੇ ਪਾਣੀ ਦੀ ਮਾਰ ਹੇਠ ਆਉਣ ਦੀਆਂ ਰਿਪੋਰਟਾਂ ਮਿਲੀਆਂ ਹਨ। ਖੇਤੀਬਾੜੀ ਵਿਭਾਗ ਦੇ ਫੀਲਡ ਅਧਿਕਾਰੀਆਂ ਮੁਤਾਬਕ ਨਵਾਂਸ਼ਹਿਰ ਦੇ 54 ਤੇ ਜਲੰਧਰ ਦੇ 37 ਪਿੰਡਾਂ ’ਚ ਗੜੇ ਪਏ ਹਨ। ਅਧਿਕਾਰੀਆਂ ਮੁਤਾਬਕ ਮੁੱਢਲੇ ਤੌਰ ’ਤੇ ਕਣਕ ਦੀ ਫ਼ਸਲ ਦਾ ਝਾੜ 15 ਤੋਂ 20 ਫੀਸਦੀ ਤੱਕ ਘਟਣ ਦਾ ਅਨੁਮਾਨ ਲਾਇਆ ਗਿਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਕਈ ਖੇਤਰਾਂ ਵਿੱਚ ਤੇਜ਼ ਹਵਾਵਾਂ ਚੱਲਣ ਕਾਰਨ ਕਣਕਾਂ ਜ਼ਮੀਨ ’ਤੇ ਵਿਛ ਗਈਆਂ ਅਤੇ ਖੇਤਾਂ ’ਚ ਪਾਣੀ ਖੜ੍ਹਾ ਹੋਣ ਕਾਰਨ ਕਣਕ ਦੇ ਵਧੇਰੇ ਨੁਕਸਾਨੇ ਜਾਣ ਦਾ ਖ਼ਤਰਾ ਹੈ। ਰੋਪੜ ਜ਼ਿਲ੍ਹੇ ਵਿੱਚ ਹੀ ਦੋ ਹਜ਼ਾਰ ਏਕੜ ਜ਼ਮੀਨ ਵਿੱਚ ਖੜ੍ਹੀ ਕਣਕ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਖੇਤੀਬਾੜੀ ਵਿਭਾਗ ਦਾ ਮੰਨਣਾ ਹੈ ਕਿ ਸਮੁੱਚੀਆਂ ਰਿਪੋਰਟਾਂ ਅਨੁਸਾਰ ਹਾੜ੍ਹੀ ਦੀਆਂ ਫ਼ਸਲਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ। ਪੰਜਾਬ ਵਿੱਚ ਮਾਰਚ ’ਚ ਸਾਉਣ ਦੀ ਝੜੀ ਵਾਂਗ ਮੀਂਹ ਪੈਣ ਨੇ ਮੌਸਮ ਵਿਭਾਗ ਦੀਆਂ ਗਿਣਤੀਆਂ-ਮਿਣਤੀਆਂ ਵੀ ਹਿਲਾ ਦਿੱਤੀਆਂ ਹਨ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਕਾਰਨ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੌਰਾਨ ਹੋਰ ਮੀਂਹ ਪੈਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਅਧਿਕਾਰੀਆਂ ਮੁਤਾਬਕ ਸਰਹਿੰਦ ’ਚ ਸਭ ਤੋਂ ਜ਼ਿਆਦਾ 51.0 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਨਵਾਂਸ਼ਹਿਰ ’ਚ 22.4 ਮਿਲੀਮੀਟਰ, ਬਲਾਚੌਰ ’ਚ 17, ਗੁਰਦਾਸਪੁਰ ’ਚ 22.7, ਆਨੰਦਪੁਰ ਸਾਹਿਬ ’ਚ 15, ਤਰਨਤਾਰਨ 16, ਫਗਵਾੜਾ ’ਚ 14, ਮੁਹਾਲੀ ’ਚ 21.0, ਮੁਕੇਰੀਆਂ ’ਚ 12.7, ਪਟਿਆਲਾ 6.6 ਅਤੇ ਪਠਾਨਕੋਟ 7.0 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।

Previous articleJyotiraditya Scindia’s earnings increased in 11 months
Next articleਰਾਜਸਥਾਨ, ਹਿਮਾਚਲ ਤੇ ਗੋਆ ’ਚ ਜਨਤਕ ਅਦਾਰੇ ਬੰਦ