ਫੜਨਵੀਸ ਮੁੜ ਮੁੱਖ ਮੰਤਰੀ ਬਣੇ

ਐੱਨਸੀਪੀ ਦੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲਿਆ

* ਨਾਟਕੀ ਘਟਨਾਕ੍ਰਮ ਤਹਿਤ ਅੱਧੀ ਰਾਤ ਤੋਂ ਬਾਅਦ ਰਾਸ਼ਟਰਪਤੀ ਸ਼ਾਸਨ ਹਟਾ ਕੇ ਸਵੇਰੇ 7.50 ਵਜੇ ਚੁਕਾਈ ਸਹੁੰ
* ਅਜੀਤ ਪਵਾਰ ਨੂੰ ਐੱਨਸੀਪੀ ਨੇ ਵਿਧਾਇਕ ਦਲ ਆਗੂ ਦੇ ਅਹੁਦੇ ਤੋਂ ਹਟਾਇਆ
* ਸ਼ਿਵ ਸੈਨਾ ਕਾਂਗਰਸ ਐੱਨਸੀਪੀ ਸੁਪਰੀਮ ਕੋਰਟ ਪੁੱਜੀਆਂ

ਮਹਾਰਾਸ਼ਟਰ ’ਚ ਅੱਜ ਸਵੇਰੇ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਦੀਆਂ ਸਿਆਸੀ ਗਿਣਤੀਆਂ-ਮਿਣਤੀਆਂ ਉਸ ਸਮੇਂ ਧਰੀਆਂ-ਧਰਾਈਆਂ ਰਹਿ ਗਈਆਂ ਜਦੋਂ ਭਾਜਪਾ ਦੇ ਦੇਵੇਂਦਰ ਫੜਨਵੀਸ ਨੇ ਮੁੜ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ। ਉਨ੍ਹਾਂ ਨਾਲ ਐੱਨਸੀਪੀ ਦੇ ਅਜੀਤ ਪਵਾਰ ਨੇ ਵੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਭਾਜਪਾ ਨੇ ਐੱਨਸੀਪੀ ਦੇ ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਕੀਤਾ ਪਰ ਸ਼ਾਮ ਹੁੰਦਿਆਂ ਪਾਸਾ ਪੁੱਠਾ ਪੈ ਗਿਆ ਅਤੇ ਅਜੀਤ ਪਵਾਰ ਸਮੇਤ ਚਾਰ ਵਿਧਾਇਕਾਂ ਨੂੰ ਛੱਡ ਕੇ ਐੱਨਸੀਪੀ ਦੇ 49 ਵਿਧਾਇਕਾਂ ਨੇ ਪ੍ਰਧਾਨ ਸ਼ਰਦ ਪਵਾਰ ਵੱਲੋਂ ਸੱਦੀ ਬੈਠਕ ’ਚ ਹਾਜ਼ਰੀ ਭਰੀ। ਐੱਨਸੀਪੀ ਨੇ ਅਜੀਤ ਪਵਾਰ ਨੂੰ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਹਟਾਉਂਦਿਆਂ ਜੈਯੰਤ ਪਾਟਿਲ ਨੂੰ ਆਗੂ ਬਣਾ ਦਿੱਤਾ ਹੈ। ਐੱਨਸੀਪੀ ਆਗੂ ਨਵਾਬ ਮਲਿਕ ਨੇ ਦੱਸਿਆ ਕਿ ਪੰਜ ਆਗੂ ਪਾਰਟੀ ਦੇ ਸੰਪਰਕ ’ਚ ਨਹੀਂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਦੀ ਗੱਠਜੋੜ ਸਰਕਾਰ ਛੇਤੀ ਬਣੇਗੀ। ਐੱਨਸੀਪੀ ਆਪਣੇ ਵਿਧਾਇਕਾਂ ਨੂੰ ਖ਼ਰੀਦੋ ਫਰੋਖ਼ਤ ਤੋਂ ਬਚਾਉਣ ਲਈ ਬੱਸ ਰਾਹੀਂ ਹੋਟਲ ਲੈ ਗਈ। ਇਕ ਦਿਨ ਪਹਿਲਾਂ ਜਦੋਂ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੂੰ ਮੁੱਖ ਮੰਤਰੀ ਬਣਾਉਣ ਲਈ ਐੱਨਸੀਪੀ ਅਤੇ ਕਾਂਗਰਸ ਰਾਜ਼ੀ ਹੋ ਗਈਆਂ ਸਨ ਤਾਂ ਅੱਜ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਕਾਹਲੀ ’ਚ ਰਾਜ ਭਵਨ ਵਿਖੇ ਹਲਫ਼ਦਾਰੀ ਸਮਾਗਮ ਸੱਦ ਕੇ ਉਨ੍ਹਾਂ ਦੀ ਸਾਰੀ ਖੇਡ ਵਿਗਾੜ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਮਹਾਰਾਸ਼ਟਰ ’ਚ ਲੱਗੇ ਰਾਸ਼ਟਰਪਤੀ ਸ਼ਾਸਨ ਨੂੰ ਖ਼ਤਮ ਕਰ ਦਿੱਤਾ। ਸ਼ਰਦ ਪਵਾਰ ਨੇ ਆਪਣੇ ਭਤੀਜੇ ਅਜੀਤ ਪਵਾਰ ਦੇ ਨਾਟਕੀ ਵਤੀਰੇ ਤੋਂ ਲਾਂਭੇ ਹੁੰਦਿਆਂ ਕਿਹਾ ਕਿ ਫੜਨਵੀਸ ਨੂੰ ਹਮਾਇਤ ਦੇਣ ਦਾ ਫ਼ੈਸਲਾ ਉਸ ਦਾ ਨਿੱਜੀ ਹੈ ਅਤੇ ਇਸ ਦਾ ਪਾਰਟੀ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।
ਸ਼ਿਵ ਸੈਨਾ ਅਤੇ ਕਾਂਗਰਸ ਦੇ ਆਗੂਆਂ ਨੇ ਰਾਜਪਾਲ ਦੀ ਕਾਰਵਾਈ ਨੂੰ ਜਮਹੂਰੀਅਤ ਦੀ ਹੱਤਿਆ ਕਰਾਰ ਦਿੱਤਾ। ਊਧਵ ਠਾਕਰੇ ਨੇ ਕਿਹਾ ਕਿ ਇਹ ਮਹਾਰਾਸ਼ਟਰ ਦੇ ਲੋਕਾਂ ’ਤੇ ‘ਫਰਜ਼ੀਕਲ ਸਟਰਾਈਕ’ ਹੈ ਅਤੇ ਉਹ ਇਸ ਦਾ ਬਦਲਾ ਲੈਣਗੇ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਫ਼ਤਵੇ ਅਤੇ ਸੰਵਿਧਾਨ ਦਾ ਅਨਾਦਰ ਹੈ। ਪਾਰਟੀ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੇ ਯਤਨ ਸੈਨਾ ਵਰਕਰਾਂ ਵੱਲੋਂ ਨਾਕਾਮ ਕੀਤੇ ਜਾਣ ਦੀ ਆਸ ਕਰਦਿਆਂ ਉਨ੍ਹਾਂ ਕਿਹਾ,‘‘ਹਰ ਕੋਈ ਜਾਣਦਾ ਹੈ ਕਿ ਜਦੋਂ ਛਤਰਪਤੀ ਸ਼ਿਵਾਜੀ ਮਹਾਰਾਜ ਨਾਲ ਧੋਖਾ ਹੋਇਆ ਸੀ ਅਤੇ ਪਿੱਛੋਂ ਹਮਲਾ ਕੀਤਾ ਗਿਆ ਸੀ ਤਾਂ ਉਨ੍ਹਾਂ ਕੀ ਕੀਤਾ ਸੀ।’’ ਸੰਜੈ ਰਾਊਤ ਨੇ ਅਜੀਤ ਪਵਾਰ ’ਤੇ ਦੋਸ਼ ਲਾਇਆ ਕਿ ਉਸ ਨੇ ਭਾਜਪਾ ਨਾਲ ਹੱਥ ਮਿਲਾ ਕੇ ਮਹਾਰਾਸ਼ਟਰ ਦੇ ਲੋਕਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ। ਕਾਂਗਰਸ ਨੇ ਹਲਫ਼ਦਾਰੀ ਸਮਾਗਮ ਨੂੰ ਮੁਲਕ ਦੇ ਇਤਿਹਾਸ ਦਾ ‘ਕਾਲਾ ਅਧਿਆਏ’ ਕਰਾਰ ਦਿੱਤਾ।ਸੂਬੇ ’ਚ 12 ਨਵੰਬਰ ਨੂੰ ਲਗਾਏ ਗਏ ਰਾਸ਼ਟਰਪਤੀ ਸ਼ਾਸਨ ਨੂੰ ਹਟਾਉਣ ਦੇ ਫ਼ੈਸਲੇ ’ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਸਤਖ਼ਤ ਕੀਤੇ ਜਿਸ ਮਗਰੋਂ ਸਵੇਰੇ 5.47 ਵਜੇ ਇਸ ਬਾਬਤ ਗਜ਼ਟ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ। ਰਾਸ਼ਟਰਪਤੀ ਸ਼ਾਸਨ ਹਟਾਉਣ ਦੀ ਸਿਫ਼ਾਰਸ਼ ਬਾਰੇ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦਾ ਜਦੋਂ ਸਵਾਲ ਉਠਿਆ ਤਾਂ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਨੇਮਾਂ ਦਾ ਵਿਸ਼ੇਸ਼ ਪ੍ਰਬੰਧ ਦਾ ਹਵਾਲਾ ਦਿੰਦਿਆਂ ਕੇਂਦਰ ਸਰਕਾਰ ਨੇ ਇਸ ਨੂੰ ਪ੍ਰਵਾਨਗੀ ਦਿੱਤੀ ਜਿਸ ਤਹਿਤ ਪ੍ਰਧਾਨ ਮੰਤਰੀ ਨੂੰ ਵਿਸ਼ੇਸ਼ ਤਾਕਤਾਂ ਮਿਲੀਆਂ ਹੋਈਆਂ ਹਨ। ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪ੍ਰਵਾਨਗੀ ਨੂੰ ਕੇਂਦਰੀ ਮੰਤਰੀ ਮੰਡਲ ਦੀ ਪ੍ਰਵਾਨਗੀ ਹੀ ਸਮਝਿਆ ਜਾਂਦਾ ਹੈ।
ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਭਤੀਜੇ ਅਤੇ ਹੋਰ ਵਿਧਾਇਕਾਂ ਦੇ ਫ਼ੈਸਲੇ ਨੂੰ ਅਨੁਸ਼ਾਸਨਹੀਣਤਾ ਕਰਾਰ ਦਿੰਦਿਆਂ ਕਿਹਾ ਕਿ ਜਿਹੜੇ ਵੀ ਆਗੂਆਂ ਨੇ ਪਾਲਾ ਬਦਲਿਆ ਹੈ, ਉਨ੍ਹਾਂ ਨੂੰ ਦਲਬਦਲੀ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੂੰ ਵਿਧਾਨ ਸਭਾ ’ਚ ਮੂੰਹ ਦੀ ਖਾਣੀ ਪਵੇਗੀ ਕਿਉਂਕਿ ਉਹ ਬਹੁਮੱਤ ਸਾਬਿਤ ਨਹੀਂ ਕਰ ਸਕੇਗੀ। ਸ੍ਰੀ ਪਵਾਰ ਨੇ ਦਾਅਵਾ ਕੀਤਾ ਕਿ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਕੋਲ ਲੋੜੀਂਦੇ ਵਿਧਾਇਕ ਹਨ ਅਤੇ ਉਹ ਸੂਬੇ ’ਚ ਸਰਕਾਰ ਬਣਾਉਣਗੇ। ਸਵੇਰੇ ਵਾਪਰੇ ਘਟਨਾਕ੍ਰਮ ਮਗਰੋਂ ਉਨ੍ਹਾਂ ਊਧਵ ਠਾਕਰੇ ਨਾਲ ਮਿਲ ਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਗੱਲ ਤੋਂ ਅਗਿਆਨਤਾ ਪ੍ਰਗਟਾਈ ਕਿ ਅਜੀਤ ਪਵਾਰ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਤੋਂ ਡਰ ਕੇ ਭਾਜਪਾ ਨੂੰ ਹਮਾਇਤ ਦੇਣ ਦਾ ਫ਼ੈਸਲਾ ਲਿਆ ਹੈ। ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਘੁਟਾਲੇ ਦੇ ਕੇਸ ’ਚ ਅਜੀਤ ਪਵਾਰ ਦਾ ਨਾਮ ਵੀ ਸ਼ਾਮਲ ਹੈ। ਐੱਨਸੀਪੀ ਮੁਖੀ ਨੇ ਇਨ੍ਹਾਂ ਕਿਆਸਾਂ ਨੂੰ ਵੀ ਦਰਕਿਨਾਰ ਕਰ ਦਿੱਤਾ ਕਿ ਅਜੀਤ ਪਵਾਰ ਨੇ ਉਨ੍ਹਾਂ ਦੀ ਧੀ ਸੁਪ੍ਰਿਆ ਸੂਲੇ ਨਾਲ ਸਿਆਸੀ ਲਾਗ-ਡਾਟ ਦੇ ਨਤੀਜੇ ਵਜੋਂ ਇਹ ਕਦਮ ਉਠਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ, ਐੱਨਸੀਪੀ ਅਤੇ ਸ਼ਿਵ ਸੈਨਾ ਤੇ ਹੋਰ ਛੋਟੀ ਪਾਰਟੀਆਂ ਦੇ 169 ਤੋਂ 170 ਵਿਧਾਇਕਾਂ ਦੀ ਹਮਾਇਤ ਹਾਸਲ ਹੈ। ਇਸ ਦੌਰਾਨ ਪਾਰਟੀ ਦਫ਼ਤਰ ’ਤੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਫੜਨਵੀਸ ਨੇ ਕਿਹਾ ਕਿ ਉਹ ਅਜੀਤ ਪਵਾਰ ਦੀ ਹਮਾਇਤ ਨਾਲ ਮਹਾਰਾਸ਼ਟਰ ਨੂੰ ਮਜ਼ਬੂਤ ਸਰਕਾਰ ਦੇਣਗੇ।

Previous articleਐੱਫਏਟੀਐੱਫ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰੇ ਪਾਕਿਸਤਾਨ
Next articleਪੰਜਾਬ ਨੂੰ ‘ਵਿੱਤੀ ਐਮਰਜੈਂਸੀ’ ਦਾ ਸਾਹਮਣਾ