ਫੈਸਲਾ

(ਸਮਾਜਵੀਕਲੀ)

ਰਮੇਸ਼ ਦਾ ਸੁਖਜਿੰਦਰ ਨਾਲ ਵਿਆਹ ਹੋਏ ਨੂੰ ਪੰਜ ਸਾਲ ਹੋ ਗਏ ਸਨ। ਇਹ ਪੰਜ ਸਾਲ ਰਮੇਸ਼ ਨੇ ਸੁਖਜਿੰਦਰ ਨਾਲ ਨਰਕ ਵਰਗੇ ਬਿਤਾਏ ਸਨ। ਇਸ ਦਾ ਕਾਰਨ ਇਹ ਸੀ ਕਿ ਸੁਖਜਿੰਦਰ ਸਹੁਰੇ ਘਰ ਦੀਆਂ ਸਾਰੀਆਂ ਗੱਲਾਂ ਆਪਣੀ ਮੰਮੀ ਨਾਲ ਸਾਂਝੀਆਂ ਕਰਦੀ ਰਹਿੰਦੀ ਦੀ। ਮੰਮੀ ਉਸ ਨੂੰ ਗਲਤ ਸਲਾਹਾਂ ਦਿੰਦੀ ਰਹਿੰਦੀ ਸੀ,ਜਿਨ੍ਹਾਂ ਨੂੰ ਉਹ ਮੰਨ ਕੇ ਘਰ ਵਿੱਚ ਕਲੇਸ਼ ਪਾਈ ਰੱਖਦੀ ਸੀ। ਪਰ ਪਿਛਲੇ ਇਕ ਮਹੀਨੇ ਤੋਂ ਰਮੇਸ਼ ਸੁਖਜਿੰਦਰ ਦੀ ਬੋਲ-ਚਾਲ ਤੇ ਵਰਤਾਉ ਵਿੱਚ ਹੈਰਾਨ ਕਰਨ ਵਾਲਾ ਪਰਿਵਰਤਨ ਦੇਖ ਰਿਹਾ ਸੀ। ਰਮੇਸ਼ ਨੂੰ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਉਸ ਵਿੱਚ ਇਹ ਪਰਿਵਰਤਨ ਕਿਵੇਂ ਆ ਗਿਆ।

ਅੱਜ ਜਦੋਂ ਸੁਖਜਿੰਦਰ ਦੀ ਮੰਮੀ ਦਾ ਫੋਨ ਆਇਆ, ਤਾਂ ਉਹ ਫੋਨ ਸੁਣਨ ਲਈ ਰਮੇਸ਼ ਕੋਲੋਂ ਉੱਠ ਕੇ ਨਹੀਂ ਗਈ। ਸਗੋਂ ਉਹ ਰਮੇਸ਼ ਕੋਲ ਬੈਠੀ ਹੀ ਉਸ ਦਾ ਫੋਨ ਸੁਣਨ ਲੱਗ ਪਈ,”ਹਾਂ ਮੰਮੀ, ਦੱਸ ਕੀ ਗੱਲ ਆ?”

“ਪੁੱਤ ਗੱਲ ਤਾਂ ਕੁਛ ਨ੍ਹੀ,ਮੈਂ ਤੇਰਾ ਹਾਲ ਪੁੱਛਣ ਲਈ ਫੋਨ ਕੀਤਾ ਆ।”

“ਮੰਮੀ, ਮੈਂ ਆਪਣੇ ਘਰ ਠੀਕ ਠਾਕ ਆਂ। ਜੇ ਮੈਨੂੰ ਕੁਛ ਹੋਇਆ,ਮੈਂ ਤੈਨੂੰ ਆਪ ਫੋਨ ਕਰਕੇ ਦੱਸ ਦਿਆਂਗੀ। ਤੂੰ ਮੈਨੂੰ ਬਹੁਤੇ ਫੋਨ ਨਾ ਕਰਿਆ ਕਰ। ਮਸੀਂ ਸਾਡੇ ਘਰ ‘ਚ ਕਲੇਸ਼ ਨੂੰ ਠੱਲ੍ਹ ਪਈ ਆ। ਮੈਂ ਨ੍ਹੀ ਚਾਹੁੰਦੀ ਕਿ ਸਾਡੇ ਘਰ ‘ਚ ਦੁਬਾਰਾ ਕਲੇਸ਼ ਪਏ।” ਏਨਾ ਕਹਿ ਕੇ ਸੁਖਜਿੰਦਰ ਨੇ ਫੋਨ ਕੱਟ ਦਿੱਤਾ। ਫਿਰ ਉਹ ਰਮੇਸ਼ ਨੂੰ ਮੁਖ਼ਾਤਬ ਹੋ ਕੇ ਬੋਲੀ, “ਰਮੇਸ਼ ਮੈਨੂੰ ਮਾਫ ਕਰ ਦਈਂ। ਮੈਂ ਪੰਜ ਸਾਲ ਤੈਨੂੰ ਮੰਮੀ ਦੇ ਕਹੇ ਤੇ ਬਹੁਤ ਮੰਦਾ, ਚੰਗਾ ਬੋਲਿਆ ਆ।ਹੁਣ ਮੈਂ ਫੈਸਲਾ ਕੀਤਾ ਆ ਕਿ ਮੈਂ ਤੇਰੇ ਨਾਲ ਚੱਜ ਨਾਲ ਗੱਲ ਕਰਿਆ ਕਰਾਂਗੀ ਤੇ ਤੇਰਾ ਹਰ ਕਹਿਣਾ ਮੰਨਿਆ ਕਰਾਂਗੀ।ਕਿਸੇ ਤੀਜੇ ਬੰਦੇ ਨੂੰ ਆਪਣੇ ਘਰ ‘ਚ ਦਖਲ ਨਹੀਂ ਦੇਣ ਦਿਆਂਗੀ।”

ਰਮੇਸ਼ ਨੇ ਮੋਹ ਭਰੀਆਂ ਨਜ਼ਰਾਂ ਨਾਲ ਸੁਖਜਿੰਦਰ ਵੱਲ ਦੇਖਿਆ ਤੇ ਮੁਸਕਰਾ ਪਿਆ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articleਆਮ ਆਦਮੀ ਪਾਰਟੀ ਨੇ ਮੋਦੀ ਅਤੇ ਸੁਖਬੀਰ ਬਾਦਲ ਦਾ ਫੂਕਿਆ ਪੁਤਲਾ
Next articleEnd the Regime of Police Torture & Custodial Terror: Radical Reform of the Institution of Police Need of the Hour