ਫੈਡਰਰ ਦੀ ਤਿੰਨ ਸਾਲਾਂ ਮਗਰੋਂ ਕਲੇਅ ਕੋਰਟ ’ਤੇ ਵਾਪਸੀ

ਰੋਜਰ ਫੈਡਰਰ ਬੀਤੇ ਤਿੰਨਾਂ ਸਾਲਾਂ ਵਿੱਚ ਪਹਿਲੀ ਵਾਰ ਅਗਲੇ ਹਫ਼ਤੇ ਮੈਡਰਿਡ ਵਿੱਚ ਕਲੇਅ ਕੋਰਟ ’ਤੇ ਪਰਤੇਗਾ। ਉਸ ਨੇ ਮੰਨਿਆ ਕਿ ਉਹ ‘ਨੋ ਮੈਨਜ਼ ਲੈਂਡ’ ਵਿੱਚ ਜਾਣ ਵਾਂਗ ਮਹਿਸੂਸ ਕਰ ਰਿਹਾ ਹੈ। 37 ਸਾਲ ਦੇ ਫੈਡਰਰ ਨੇ ਆਖ਼ਰੀ ਵਾਰ 2016 ਵਿੱਚ ਰੋਮ ਮਾਸਟਰਜ਼ ਖੇਡਿਆ ਸੀ। ਉਸ ਮਗਰੋਂ ਲਗਾਤਾਰ ਹਾਰਡ ਕੋਰਟ ਅਤੇ ਗਰਾਸ ਕੋਰਟ ’ਤੇ ਖੇਡ ਰਿਹਾ ਹੈ। ਆਪਣੇ ਕਰੀਅਰ ਦੇ ਆਖ਼ਰੀ ਪੜਾਅ ਵਿੱਚ ਪਹੁੰਚਿਆ ਫੈਡਰਰ ਹੁਣ ਉਸ ਕੋਰਟ ’ਤੇ ਖ਼ੁਦ ਨੂੰ ਚੁਣੌਤੀ ਦੇਣਾ ਚਾਹੁੰਦਾ ਹੈ, ਜਿੱਥੇ ਉਸ ਦੇ ਰਵਾਇਤੀ ਵਿਰੋਧੀ ਰਾਫੇਲ ਨਡਾਲ ਦੀ ਬਾਦਸ਼ਾਹਤ ਰਹੀ ਹੈ।
ਫੈਡਰਰ ਨੇ ਆਪਣੇ 11 ਕਲੇਅ ਖ਼ਿਤਾਬਾਂ ਵਿੱਚੋਂ ਦੋ ਸਪੈਨਿਸ਼ ਦੀ ਰਾਜਧਾਨੀ ਵਿੱਚ ਜਿੱਤੇ ਹਨ। ਹਾਲ ਹੀ ਵਿੱਚ ਮਿਆਮੀ ਓਪਨ ਦਾ ਖ਼ਿਤਾਬ ਜਿੱਤਣ ਵਾਲੇ ਫੈਡਰਰ ਨੇ ਕਿਹਾ, ‘‘ਮੈਂ ਬਹੁਤ ਉਤਸ਼ਾਹਿਤ ਹਾਂ। ਇਹ ਬਹੁਤ ਵਧੀਆ ਚੁਣੌਤੀ ਅਤੇ ਸ਼ਾਨਦਾਰ ਪ੍ਰੀਖਿਆ ਹੈ। ਅਜਿਹਾ ਲੱਗ ਰਿਹਾ ਹੈ, ਜਿਵੇਂ ਮੈਂ ਪਹਿਲੀ ਵਾਰ ਉਤਰ ਰਿਹਾ ਹਾਂ। ਮੈਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਹੋਵੇਗਾ।’’ ਉਸ ਦਾ ਲੰਮੇ ਸਮੇਂ ਤੋਂ ਨਿਸ਼ਾਨਾ ਰੋਲਾਂ ਗੈਰਾਂ ’ਤੇ ਜਿੱਤ ਦਰਜ ਕਰਨਾ ਰਿਹਾ ਹੈ, ਜਿੱਥੇ ਉਹ 2009 ਵਿੱਚ ਚੈਂਪੀਅਨ ਰਿਹਾ ਸੀ। ਇੱਥੇ ਉਹ ਨਡਾਲ ਤੋਂ ਹਰ ਮੋਰਚੇ ਤੋਂ ਹਾਰ ਕੇ ਚਾਰ ਵਾਰ (2006, 2007, 2008 ਅਤੇ 2011) ਉਪ ਜੇਤੂ ਰਿਹਾ ਹੈ।

Previous articleਆਈਪੀਐਲ: ਦਿੱਲੀ ਕੈਪੀਟਲਜ਼ ਨੂੰ ਝਟਕਾ
Next articleਭਾਰਤ ਕ੍ਰਿਕਟ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ: ਯੁਵਰਾਜ