ਫੇਸਬੁੱਕ ’ਤੇ ਲਾਈਵ ਹੋ ਕੇ ਗ਼ੈਰਕਾਨੂੰਨੀ ਮਾਈਨਿੰਗ ਫੜਨ ਪੁੱਜੇ ਵਿਧਾਇਕ ਬੈਂਸ

ਲੁਧਿਆਣਾ-ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਫੇਸਬੁੱਕ ’ਤੇ ਲਾਈਵ ਹੋ ਕੇ ਲੁਧਿਆਣਾ ਦੇ ਪਿੰਡ ਗੋਰਸੀਆਂ ਖਾਨ ਮੁਹੰਮਦ ਵਿਖੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੇ ਕੰਮ ’ਤੇ ਛਾਪੇਮਾਰੀ ਕੀਤੀ। ਸਿਧਵਾਂ ਬੇਟ ਦੇ ਅਧੀਨ ਆਉਂਦੇ ਇਸ ਪਿੰਡ ਵਿੱਚ ਛਾਪੇਮਾਰੀ ਦੀ ਸੂਚਨਾ ਲੀਕ ਹੋ ਗਈ ਤੇ ਜਦੋਂ ਵਿਧਾਇਕ ਬੈਂਸ ਆਪਣੇ ਸਾਥੀਆਂ ਸਣੇ ਮੌਕੇ ’ਤੇ ਪੁੱਜੇ ਤਾਂ ਮੁਲਜ਼ਮ ਉਥੋਂ ਫ਼ਰਾਰ ਹੋ ਗਏ ਸਨ। ਵਿਧਾਇਕ ਬੈਂਸ ਨੇ ਉਥੋਂ ਹੀ ਖੜ੍ਹੇ ਹੋ ਕੇ ਮਾਈਨਿੰਗ ਵਿਭਾਗ ਤੇ ਲੁਧਿਆਣਾ ਦਿਹਾਤੀ ਦੇ ਐਸਐਸਪੀ ਵਰਿੰਦਰ ਸਿੰਘ ਨੂੰ ਫੋਨ ’ਤੇ ਸਾਰੀ ਸੂਚਨਾ ਦਿੱਤੀ। ਵਿਧਾਇਕ ਬੈਂਸ ਨੇ ਦੋਸ਼ ਲਗਾਏ ਕਿ ਉਥੋਂ 80 ਲੱਖ ਰੁਪਏ ਰੋਜ਼ਾਨਾ ਦਾ ਰੇਤਾ ਨਿਕਲ ਰਿਹਾ ਹੈ, ਜਿਸ ਨੂੰ ਮੁੱਖ ਮੰਤਰੀ ਦੇ ਓਐਸਡੀ ਤੇ ਸਿਆਸੀ ਸਕੱਤਰ ਦੀ ਛਤਰ-ਛਾਇਆ ਹੈ। ਵਿਧਾਇਕ ਬੈਂਸ ਨੇ ਇਸ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਦੇ ਦਿੱਤੀ ਹੈ।
ਪਿੰਡ ਗੋਰਸੀਆਂ ਖਾਨ ਮੁਹੰਮਦ ਪੁੱਜ ਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਗੱਲਬਾਤ ਕਰਦਿਆਂ ਦੋਸ਼ ਲਗਾਏ ਕਿ ਇੱਥੇ ਚਾਰ ਪੰਜ ਮਹੀਨੇ ਤੋਂ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ਕਾਰਨ ਪਿੰਡ ਵਾਲਿਆਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਦੱਸਿਆ ਰੋਜ਼ਾਨਾ 80 ਲੱਖ ਰੁਪਏ ਦਾ ਰੇਤਾ ਠੇਕੇਦਾਰ ਵੱਲੋਂ ਕੱਢਿਆ ਜਾ ਰਿਹਾ ਹੈ, ਇਸੇ ਕਾਰਨ ਸਵੇਰ ਤੋਂ ਰਾਤ ਤਕ ਟਿੱਪਰਾਂ ਰਾਹੀਂ ਰੇਤ ਕੱਢੀ ਜਾ ਰਹੀ ਹੈ, ਟਿੱਪਰਾਂ ਦੀ ਗਿਣਤੀ ਵੱਧ ਹੋਣ ਕਾਰਨ ਇਸ ਇਲਾਕੇ ਵਿੱਚ ਸੜਕਾਂ ਦੀ ਹਾਲਤ ਵੀ ਖਸਤਾ ਹੋ ਗਈ ਹੈ। ਪਿੰਡ ਵਾਸੀਆਂ ਨੇ ਬਹੁਤ ਵਾਰ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ। ਰੇਤ ਕੱਢਣ ਵਾਲੇ ਠੇਕੇਦਾਰ ਦੇ ਜਿਹੜੇ ਕਾਗ਼ਜ਼ ਹਨ, ਉਹ ਜਲੰਧਰ ਵਾਲੀ ਸਾਈਡ ਦੇ ਹਨ।
ਵਿਧਾਇਕ ਬੈਂਸ ਮੁਤਾਬਕ ਜਿਸ ਕਾਗ਼ਜ਼ਾਂ ਵਿੱਚ ਉਨ੍ਹਾਂ ਮਨਜ਼ੂਰੀ ਮਿਲੀ ਹੋਈ ਹੈ, ਉਹ ਦਰਿਆ ਦੀ ਦੂਸਰੀ ਸਾਈਡ ਹੈ, ਜਿਸ ਦੀ ਮਨਜ਼ੂਰੀ ਨੂੰ ਇੱਧਰ ਵੇਖਾ ਕੇ ਗੈਰ-ਕਾਨੂੰਨੀ ਤਰੀਕੇ ਦੇ ਨਾਲ ਰੇਤ ਕੱਢ ਰਹੇ ਹਨ। ਵਿਧਾਇਕ ਬੈਂਸ ਨੇ ਦਾਅਵਾ ਕੀਤਾ ਕਿ ਕਾਗ਼ਜ਼ਾਂ ਦੀ ਪੜਤਾਲ ਉਨ੍ਹਾਂ ਨੇ ਆਪਣੇ ਪੱਧਰ ’ਤੇ ਕਰ ਲਈ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਛਾਪੇਮਾਰੀ ਦੀ ਸੂਚਨਾ ਰੇਤ ਕੱਢਣ ਵਾਲੇ ਠੇਕੇਦਾਰ ਨੂੰ ਲੱਗੀ ਤਾਂ ਉਹ ਆਪਣੀ ਮਸ਼ੀਨਾਂ ਲੈ ਕੇ ਫ਼ਰਾਰ ਹੋ ਗਿਆ। ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਅਗਰ ਉਨ੍ਹਾਂ ਕੋਲ ਸਹੀ ਕਾਗ਼ਜ਼ ਹੁੰਦੇ ਤਾਂ ਉਹ ਉਥੋਂ ਭੱਜਦੇ ਨਹੀਂ। ਵਿਧਾਇਕ ਬੈਂਸ ਨੇ ਦੋਸ਼ ਲਗਾਏ ਕਿ ਇਸ ਮਾਮਲੇ ਵਿੱਚ ਸਿੱਧੇ ਤੌਰ ’ਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਦਾ ਹੱਥ ਹੈ, ਜੋ ਕਿ ਚੰਡੀਗੜ੍ਹ ਤੋਂ ਬੈਠਾ ਹੀ ਲੁਧਿਆਣਾ ਵਿੱਚ ਆਪਣੇ ਇਸ ਕੰਮ ਨੂੰ ਚਲਾ ਰਿਹਾ ਹੈ।
ਇਸ ਮਾਮਲੇ ਵਿੱਚ ਮਾਈਨਿੰਗ ਵਿਭਾਗ ਦੇ ਐਸਡੀਓ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਜਲੰਧਰ ਤੋਂ ਇੱਥੇ ਮੌਕੇ ’ਤੇ ਪੁੱਜੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਤਹਿਸੀਲਦਾਰ ਤੇ ਪਟਵਾਰੀ ਤੋਂ ਥਾਂ ਦੇ ਨੰਬਰਾਂ ਦੀ ਜਾਂਚ ਕਰਵਾਉਣਗੇ।
ਐਸਐਸਪੀ ਲੁਧਿਆਣਾ ਦਿਹਾਤੀ ਵਰਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਹ ਹਰ ਮਹੀਨੇ ਸਤਲੁਜ ਦਰਿਆ ਨੇੜੇ ਗੈਰ-ਕਾਨੂੰਨੀ ਮਾਈਨਿੰਗ ਦੀ ਜਾਂਚ ਕਰਵਾਉਂਦੇ ਹਨ, ਇਹ ਰਿਪੋਰਟ ਮਾਈਨਿੰਗ ਵਿਭਾਗ ਵੱਲੋਂ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਵੀ ਗੈਰ-ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ, ਵਿਧਾਇਕ ਬੈਂਸ ਨੇ ਜੋ ਸ਼ਿਕਾਇਤ ਦਿੱਤੀ ਹੈ ਉਹ ਉਸ ਦੀ ਜਾਂਚ ਕਰਵਾਉਣਗੇ।

Previous articleਫ਼ਿਲਮ ‘ਪੀਐੱਮ ਨਰਿੰਦਰ ਮੋਦੀ’ ਦੀ ਰਿਲੀਜ਼ ਟਲੀ
Next articleਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ, ਮੇਰੀ ਜਾਇਦਾਦ ਨਹੀਂ: ਸੁਖਬੀਰ