ਫਾਈਨਾਂਸ ਕੰਪਨੀ ਦੇ ਕਾਮਿਆਂ ਤੋਂ 13.50 ਲੱਖ ਲੁੱਟੇ

ਮਾਨਸਾ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਰਮਨ ਸਿਨੇਮਾ ਰੋਡ ‘ਤੇ ਭਾਰਤ ਫਾਈਨਾਂਸ ਕੰਪਨੀ ਦੇ ਦੋ ਕਾਮਿਆਂ ਤੋਂ 13.50 ਲੱਖ ਰੁਪਏ ਲੁੱਟ ਲਏ। ਕੰਪਨੀ ਦੇ ਇਹ ਕਾਮੇ ਲੋਕਾਂ ਪਾਸੋਂ ਕਿਸ਼ਤਾਂ ਦੇ ਰੂਪ ’ਚ ਇਕੱਠੀ ਕੀਤੀ ਰਾਸ਼ੀ ਬੈਂਕ ’ਚ ਜਮ੍ਹਾਂ ਕਰਵਾਉਣ ਜਾਂਦੇ ਦੱਸੇ ਜਾਂਦੇ ਹਨ। ਵਾਰਦਾਤ ਦਾ ਪਤਾ ਲੱਗਦਿਆਂ ਹੀ ਥਾਣਾ ਸਿਟੀ-2 ਦੀ ਪੁਲੀਸ ਹਰਕਤ ’ਚ ਆ ਗਈ ਤੇ ਉਸ ਨੇ ਨਾਕਾਬੰਦੀ ਕਰਕੇ ਲੁਟੇਰਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਦੇਰ ਸ਼ਾਮ ਤੱਕ ਪੁਲੀਸ ਦੇ ਹੱਥ ਖਾਲੀ ਦੱਸੇ ਜਾਂਦੇ ਹਨ। ਘਟਨਾ ਵਾਲੇ ਸਥਾਨ ਦਾ ਦੌਰਾ ਕਰਨ ਦੌਰਾਨ ਪਤਾ ਲੱਗਿਆ ਹੈ ਕਿ ਇੱਕ ਪ੍ਰਾਈਵੇਟ ਭਾਰਤ ਫਾਈਨਾਂਸ ਕੰਪਨੀ ਦੇ ਦੋ ਕਾਮੇ ਆਪਣੀ ਬ੍ਰਾਂਚ ’ਚੋਂ 13.50 ਲੱਖ ਰੁਪਏ ਬੈਂਕ ’ਚ ਜਮ੍ਹਾਂ ਕਰਵਾਉਣ ਲਈ ਜਦੋਂ ਜਾ ਰਹੇ ਸਨ ਤਾਂ ਇੱਕ ਸਵਿਫ਼ਟ ਕਾਰ ਸਵਾਰਾਂ ਨੇ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਲਾ ਕੇ ਆਪਣੀ ਕਾਰ ਰੋਕ ਲਈ ਤੇ ਦੋ ਜਾਣਿਆਂ ਨੇ ਗੱਡੀ ਵਿੱਚੋਂ ਨਿਕਲਕੇ ਹਵਾਈ ਫਾਇਰ ਕਰ ਦਿੱਤੇ। ਜਿਸ ਤੋਂ ਘਬਰਾਈ ਹੋਈ ਹਾਲਤ ’ਚ ਕਾਮਿਆਂ ਤੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਤੇ ਗੱਡੀ ’ਚ ਚੜ੍ਹਕੇ ਫਰਾਰ ਹੋ ਗਏ। ਕੁਝ ਲੋਕਾਂ ਦਾ ਕਹਿਣਾ ਹੈ ਕਿ ਭੱਜੇ ਜਾਂਦੇ ਲੁਟੇਰਿਆਂ ਦਾ ਰਿਵਾਲਵਰ ਉਥੇ ਡਿੱਗ ਪਿਆ, ਜਿਸ ਲੁੱਟ ਸ਼ਿਕਾਰ ਹੋਏ ਦੋਨੋ ਕਾਮਿਆਂ ਨੇ ਧਰਤੀ ਤੋਂ ਚੁੱਕ ਕੇ ਭਾਵੇਂ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਚੱਲਿਆ ਤੇ ਬਾਅਦ ’ਚ ਉਨ੍ਹਾਂ ਭੱਜੀ ਜਾਂਦੀ ਕਾਰ ਦੇ ਮਗਰਲੇ ਸ਼ੀਸ਼ੇ ’ਚ ਰਿਵਾਲਵਰ ਨੂੰ ਚਲਾ ਕੇ ਮਾਰਿਆ, ਜਿਸ ਨਾਲ ਕਾਰ ਦਾ ਸ਼ੀਸ਼ਾ ਚਕਨਾ-ਚੂਰ ਹੋ ਗਿਆ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ੀਸੇ ਉਤੇ ਪੱਥਰ ਵੱਜਿਆ ਹੈ। ਲੋਕਾਂ ਨੇ ਪੁਲੀਸ ਨੂੰ ਜਦੋਂ ਜਾਣਕਾਰੀ ਦਿੱਤੀ ਤਾਂ ਥਾਣਾ ਸਿਟੀ-2 ਦੇ ਮੁਖੀ ਜਸਵੀਰ ਸਿੰਘ ਚਾਹਲ ਭਗਵਾਨਪੁਰ ਹੀਂਗਣਾ ਤੁਰੰਤ ਫੋਰਸ ਸਣੇ ਘਟਨਾ ਸਥਾਨ ’ਤੇ ਪਹੁੰਚੇ ਤੇ ਨਾਕਾਬੰਦੀ ਕਰਕੇ ਘੇਰਾ ਪਾ ਲਿਆ, ਪਰ ਉਦੋਂ ਤੱਕ ਲੁਟੇਰੇ ਦੂਰ ਨਿਕਲ ਚੁੱਕੇ ਸਨ। ਪੁਲੀਸ ਨੇ ਅਣਪਛਾਤੇ ਕਾਰ ਸਵਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਗੱਡੀ ਦੇ ਨੰਬਰ (ਪੀ.ਬੀ51 9568) ਦੀ ਪਛਾਣ ਕੀਤੀ ਹੈ, ਪਰ ਟਰਾਂਸਪੋਰਟ ਵਿਭਾਗ ਦੀਆਂ ਫਾਈਲਾਂ ’ਚ ਇਹ ਨੰਬਰ ਦੀ ਰਜਿਸਟ੍ਰੇਸ਼ਨ ਹੀ ਨਹੀਂ ਹੋਈ ਦੱਸੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਘੋਖ ਕਰਨ ਲੱਗੀ ਹੈ ਕਿ ਪੈਸੇ ਜਮ੍ਹਾਂ ਕਰਵਾਉਣ ਵਾਲੇ ਵਿਅਕਤੀਆਂ ਮਗਰ ਲੁਟੇਰੇ ਕਿਸ ਤਰ੍ਹਾਂ ਲੱਗ ਗਏ ਤੇ ਫਾਈਨਾਂਸ ਕੰਪਨੀ ਦੇ ਕਾਮਿਆਂ ਕੋਲ ਪੈਸਿਆਂ ਦੇ ਹੋਣ ਦੀ ਜਾਣਕਾਰੀ ਲੁਟੇਰਿਆਂ ਤੱਕ ਕਿਸ ਤਰ੍ਹਾਂ ਪੁੱਜ ਗਈ। ਉਧਰ ਲੁੱਟ ਦੀ ਇਸ ਵਾਰਦਾਤ ਮਗਰੋਂ ਰਮਨ ਸਿਨੇਮਾ ਰੋਡ ’ਤੇ ਦਹਿਸ਼ਤ ਦਾ ਮਾਹੌਲ ਹੈ।

Previous articleਹਾਈ ਕੋਰਟ ਨੇ ਹੰਸ ਰਾਜ ਹੰਸ ਤੋਂ ਜਵਾਬ ਮੰਗਿਆ
Next articleਬਿਜਲੀ ਬੰਦ ਹੋਣ ਵਿਰੁੱਧ ਬਰਨਾਲਾ-ਲੁਧਿਆਣਾ ਮਾਰਗ ਜਾਮ