ਫਲਾਈਓਵਰਾਂ ਦੀ ਧੀਮੀ ਉਸਾਰੀ ਨੇ ਵਾਹਨ ਚਲਾਏ ‘ਕੱਛੂ’ ਦੀ ਤੋਰ

ਪਿਛਲੇ 10 ਸਾਲਾਂ ਦੌਰਾਨ ਕਈ ਡੈਡਲਾਈਨਾਂ ਖਤਮ ਹੋਣ ਦੇ ਬਾਵਜੂਦ ਨੈਸ਼ਨਲ ਹਾਈਵੇ ਦਾ ਸਿਕਸ ਲੇਨ ਪ੍ਰਾਜੈਕਟ ਹਾਲੇ ਤੱਕ ਨਹੀਂ ਬਣਿਆ। ਨੈਸ਼ਨਲ ਹਾਈਵੇਅ ਦੇ ਅੱਧ ਵਿਚਾਲੇ ਫਸੇ ਪ੍ਰਾਜੈਕਟਾਂ ਦੀ ਮਾਰ ਸਭ ਤੋਂ ਵੱਧ ਲੁਧਿਆਣਾ ਦੇ ਲੋਕਾਂ ਨੂੰ ਪੈ ਰਹੀ ਹੈ। ਲੁਧਿਆਣਾ ਦੇ ਸ਼ੇਰਪੁਰ ਚੌਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਅੱਧ ਵਿਚਾਲੇ ਤਿੰਨ ਫਲਾਈਓਵਰ 10 ਸਾਲਾਂ ਤੋਂ ਉਸਾਰੀ ਅਧੀਨ ਹਨ, ਜਿਨ੍ਹਾਂ ਕਾਰਨ ਹੁਣ ਬਰਸਾਤਾਂ ਵਿੱਚ ਉਥੋਂ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਫਲਾਈਓਵਰਾਂ ਕਾਰਨ ਨੈਸ਼ਨਲ ਹਾਈਵੇ ’ਤੇ ਰੋਜ਼ਾਨਾ ਲੰਬਾ ਜਾਮ ਲੱਗ ਰਿਹਾ ਹੈ ਤੇ ਲੋਕਾਂ ਨੂੰ ਤਿੰਨ ਚਾਰ ਕਿੱਲੋਮੀਟਰ ਦੇ ਰਸਤੇ ਲਈ ਇੱਕ ਤੋਂ ਸਵਾ ਘੰਟਾ ਲੱਗ ਰਿਹਾ ਹੈ। ਲੋਕ 90 ਕਿੱਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਵਾਲੇ ਹਾਈਵੇ ’ਤੇ 10-20 ਦੀ ਸਪੀਡ ’ਤੇ ਵਾਹਨ ਚਲਾਉਣ ਲਈ ਮਜਬੂਰ ਹਨ। ਨੈਸ਼ਨਲ ਹਾਈਵੇਅ 1 ਦੇ ਆਲੇ-ਦੁਆਲੇ ਲੁਧਿਆਣਾ ਦੀ ਲੱਖਾਂ ਦੀ ਆਬਾਦੀ ਵਸੀ ਹੋਈ ਹੈ। ਸ਼ਹਿਰ ਵਿੱਚੋਂ ਹਾਈਵੇ ਦੇ ਕਈ ਫਲਾਈਓਵਰ ਉਸਾਰੀ ਅਧੀਨ ਸਨ, ਜਿਨ੍ਹਾਂ ਵਿੱਚੋਂ ਕੁੱਝ ਤਾਂ ਬਣ ਗਏ, ਪਰ ਤਿੰਨ ਫਲਾਈਓਵਰ ਲੰਮੇਂ ਸਮੇਂ ਤੋਂ ਉਸਾਰੀ ਅਧੀਨ ਲਟਕੇ ਹੋਏ ਹਨ। ਜਿਨ੍ਹਾਂ ਲਈ ਮਾਰਚ ਮਹੀਨੇ ਵਿੱਚ ਇਸ ਵਾਰ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਾਂਗਰਸੀਆਂ ਨੂੰ ਨਾਲ ਲੈ ਕੇ ਧਰਨਾ ਦਿੱਤਾ ਸੀ ਤੇ ਲਾਡੋਵਾਲ ਨੇੜੇ ਉਸਾਰੀ ਕਰਨ ਵਾਲੇ ਕੰਪਨੀ ਵੱਲੋਂ ਵਸੂਲੇ ਜਾ ਰਹੇ ਟੋਲ ਪਲਾਜ਼ਾ ’ਤੇ ਤਾਲਾ ਲਗਾ ਦਿੱਤਾ ਸੀ। ਸ੍ਰੀ ਬਿੱਟੂ ਨੇ ਦੋਸ਼ ਲਗਾਏ ਸਨ ਕਿ ਇੱਥੋਂ ਕੰਪਨੀ ਰੋਜ਼ਾਨਾ 50 ਲੱਖ ਦੇ ਕਰੀਬ ਟੋਲ ਟੈਕਸ ਇਕੱਠਾ ਕਰਦੀ ਹੈ, ਪਰ ਕੰਮ 10 ਸਾਲਾਂ ਤੋਂ ਲਟਕਿਆ ਹੋਇਆ ਹੈ। ਇਸ ਤੋਂ ਬਾਅਦ ਕੰਪਨੀ ਨੇ ਲਿਖਤੀ ਰੂਪ ਵਿੱਚ ਦਿੱਤਾ ਸੀ ਕਿ ਉਸਾਰੀ ਅਧੀਨ ਲਟਕੇ ਤਿੰਨ ਫਲਾਈਓਵਰਾਂ ਵਿੱਚੋਂ ਬਸਤੀ ਜੋਧੇਵਾਲ ਚੌਕ ਦਾ ਫਲਾਈਓਵਰ 30 ਜੂਨ ਤੱਕ ਤੇ ਬਾਕੀ ਦੋ ਫਲਾਈਓਵਰ ਜਨਵਰੀ 2020 ਤੱਕ ਪੂਰੇ ਕਰ ਦਿੱਤੇ ਜਾਣਗੇ ਪਰ 30 ਜੂਨ ਲੰਘਣ ਤੋਂ ਬਾਅਦ ਬਸਤੀ ਜੋਧੇਵਾਲ ਦਾ ਫਲਾਈਓਵਰ ਹਾਲੇ ਵੀ ਪੂਰਾ ਨਹੀਂ ਹੋ ਸਕਿਆ। ਇੱਥੇ 50 ਫੀਸਦ ਤੋਂ ਵੱਧ ਕੰਮ ਪੈਂਡਿੰਗ ਹੈ। ਇਸ ਫਲਾਈਓਵਰ ਕਾਰਨ ਨੈਸ਼ਨਲ ਹਾਈਵੇ ’ਤੇ ਲੋਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੈ। ਇਸੇ ਉਸਾਰੀ ਕਾਰਨ ਲੋਕ ਘੰਟਿਆਂ ਜਾਮ ਵਿੱਚ ਖੜ੍ਹੇ ਰਹਿੰਦੇ ਹਨ।

Previous articleਮਾਹਿਲਪੁਰ ’ਚ ਕੂੜਾ ਡੰਪ ਖਿਲਾਫ਼ ਸੜਕ ਘੇਰੀ
Next articleਕਪਿਲ ਦੀ ਅਗਵਾਈ ਵਾਲਾ ਪੈਨਲ ਕਰ ਸਕਦਾ ਹੈ ਕੋਚ ਦੀ ਚੋਣ