ਫਕੀਰੀ ਪ੍ਰਵਚਨ : ” ਰਜ਼ਾ “

(ਸਮਾਜਵੀਕਲੀ)

ਕੁਦਰਤ ਦੀ ਇੱਛਾ ਦੇ ਅਨੁਸਾਰ ਦੁੱਖ – ਸੁੱਖ ਨੂੰ ਸਹਿਣ ਕਰਦੇ ਹੋਏ ਆਪਣਾ ਜੀਵਨ ਨਿਰਵਾਹ ਕਰਨਾ ਹੀ ਕੁਦਰਤ /ਪ੍ਰਮਾਤਮਾ ਦੀ ਰਜ਼ਾ ਹੈ। ਕੁਦਰਤ ਦੀ ਰਜ਼ਾ ਨੂੰ ਸਮਝ ਜਾਣਾ , ਉਸ ਨੂੰ ਮੰਨ ਲੈਣਾ , ਉਸ ਦੇ ਅਨੁਰੂਪ ਹੋ ਕੇ ਜੀਵਨ – ਯਾਪਨ ਕਰ ਲੈਣਾ ਹੀ ਸਾਡੇ ਮਨ ਦੀ ਸ਼ਾਂਤੀ ਲਈ ਸਹੀ ਹੈ । ਰਜ਼ਾ ਤੋਂ ਬਾਹਰ ਹੋ ਕੇ ਅਸੀਂ ਆਪਣੇ ਜੀਵਨ ਨੂੰ ਭਟਕਣ ਵਿੱਚ ਪਾ ਦਿੰਦੇ ਹਾਂ। ਇੰਝ ਲੱਗਣ ਲੱਗ ਪੈਂਦਾ ਹੈ ਕਿ ਦੁਨੀਆਂ ਭਰ ਦੇ ਦੁੱਖ – ਕਸ਼ਟ ਸਾਡੇ ਵੱਲ ਹੀ ਆ ਰਹੇ ਹੋਣ। ਪਰ ਜੇਕਰ ਮਨੁੱਖ ਜੀਵਨ ਦੀ ਹਰ ਪ੍ਰਸਥਿਤੀ ਨੂੰ ਰਜ਼ਾ ਅਧੀਨ ਸਮਝ ਕੇ ਬਤੀਤ ਕਰੇ ਤਾਂ ਉਸ ਨੂੰ ਭੌਤਿਕ ਸੁੱਖ – ਦੁੱਖ ਛੇਤੀ ਡਾਵਾਂਡੋਲ ਨਹੀਂ ਕਰ ਸਕਦੇ। ਪਰ ਕੁਦਰਤ ਦੀ ਰਜ਼ਾ ਨੂੰ ਮੰਨ ਲੈਣਾ ਆਪਣੇ ਮਨ ‘ਤੇ ਕਾਬੂ ਪਾ ਲੈਣ ਵਾਂਗ ਹੀ ਹੈ। ਰਜ਼ਾ ਅਨੁਸਾਰ ਜੀਵਨ – ਵਹਿਣ ਵਿੱਚ ਵਹਿ ਤੁਰਨਾ ਕੋਈ ਸੌਖੀ ਤੇ ਸਿੱਧੀ ਪੱਧਰੀ ਗੱਲ ਨਹੀਂ ਹੈ। ਇਸ ਤਰ੍ਹਾਂ ਸਮਝਣ , ਕਰਨ , ਵਿਚਰਨ ਤੇ ਵਿਚਾਰਨ ਲਈ ਦਿਲ – ਦਿਮਾਗ ਦਾ ਬਹੁਤ ਮਜ਼ਬੂਤ ਸਥਿਤੀ ‘ਤੇ ਹੋਣਾ ਜ਼ਰੂਰੀ ਹੈ।

ਹਰ ਕੋਈ ਸ਼ਾਇਦ ਇਸ ਤਰ੍ਹਾਂ ਭਾਵ ਰਜ਼ਾ ਦੀ ਅਧੀਨਗੀ ਹੇਠ ਨਹੀਂ ਚੱਲ ਸਕਦਾ। ਉਸ ਨੂੰ ਆਪਣੀ ਵਿਰਤੀ , ਸੋਚ ਅਤੇ ਭਾਵਨਾ ਦੁਨਿਆਵੀ ਸਥਿਤੀਆਂ ਤੋਂ ਉੱਚੀ – ਸੁੱਚੀ ਰੱਖਣੀ ਪਵੇਗੀ। ਰਜ਼ਾ ਵਿੱਚ ਰਹਿਣ ਲਈ ਇਹ ਵੀ ਅਤਿਅੰਤ ਜ਼ਰੂਰੀ ਹੈ ਕਿ ਇਨਸਾਨ ਆਪਣੀ ਤੁਲਨਾ ਦੂਸਰਿਆਂ ਨਾਲ ਨਾ ਕਰੇ। ਇਸ ਤਰ੍ਹਾਂ ਕਰਨ ਨਾਲ ਵੀ ਇਨਸਾਨ ਸ਼ਾਂਤ – ਚਿੱਤ ਰਹਿ ਸਕਦਾ ਹੈ ਅਤੇ ਕੁਦਰਤ ਦੀ ਰਜ਼ਾ ਨੂੰ ਸਿਆਣਪ ਨਾਲ ਸਮਝ ਤੇ ਅਪਣਾ ਸਕਦਾ ਹੈ। ਵੈਸੇ ਵੀ ਆਪਣੇ – ਆਪ ਨੂੰ ਦੂਸਰਿਆਂ ਨਾਲ ਤੁਲਨਾ ਕਰਨਾ ਬਹੁਤੀ ਵਾਰ ਕਸ਼ਟਕਾਰਕ ਹੀ ਹੁੰਦਾ ਆਇਆ ਹੈ। ਜਿਸ ਕਿਸੇ ਨੇ ਵੀ ਭਾਵਨਾਵਾਂ ‘ਤੇ ਕਾਬੂ ਪਾ ਕੇ ਕੁਦਰਤ ਦੀ ਰਜ਼ਾ ਨੂੰ ਸਮਝ ਲਿਆ , ਮੰਨ ਲਿਆ , ਅਪਣਾ ਲਿਆ ਅਤੇ ਉਸ ਅਨੁਸਾਰ ਜੀਵਨ ਬਤੀਤ ਕਰਨ ਦੀ ਠਾਣ ਲਈ, ਉਹ ਮਨੁੱਖ ਦੁਨਿਆਵੀ ਸਥਿਤੀ – ਪ੍ਰਸਥਿਤੀ ਤੋਂ ਉੱਪਰ ਉੱਠ ਗਿਆ।

ਕਿਉਂ ਜੋ ਉਸ ਨੇ ਗੁੱਸੇ ,ਅਸਹਿਣਤਾ , ਬੇਭਰੋਸਗੀ , ਅਵਿਸ਼ਵਾਸ , ਅਸੰਤੋਖ ਅਤੇ ਹੋਰ ਕੁਵਿਰਤੀਆਂ ‘ਤੇ ਕਾਬੂ ਪਾ ਲਿਆ। ਰਜ਼ਾ ਵਿੱਚ ਰਹਿਣ ਵਾਲਾ ਵਿਅਕਤੀਤਵ ਆਪਣੇ – ਆਪ ਨੂੰ , ਭਾਵ ” ਮੈਂ ” ਨੂੰ ਮਾਰ ਲੈਂਦਾ ਹੈ ਅਤੇ ਸੌਖਿਆਂ ਹੀ ਦੁਨਿਆਵੀ ਵਹਿਣਾਂ – ਭਾਵਨਾਵਾਂ ਵਿੱਚ ਨਹੀਂ ਵਹਿੰਦਾ। “ਰਜ਼ਾ” ਨੂੰ ਮੰਨ ਲੈਣਾ , ਉਸ ਨੂੰ ਅਪਣਾ ਲੈਣਾ ਤੇ ਰਜ਼ਾ ਵਿੱਚ ਪਰਮੇਸ਼ਰ ਅੱਗੇ ਸਮਰਪਿਤ ਹੋ ਕੇ ਰਹਿਣਾ ਬਹੁਤ ਉੱਚ ਸਥਿਤੀ ਅਤੇ ਮਨੋਵਿਰਤੀ ਹੈ। ਜਿਸ ਵੀ ਇਨਸਾਨ ਨੇ ਕੁਦਰਤ ਦੀ ਰਜ਼ਾ ਨੂੰ ਮੰਨ ਤੇ ਸਮਝ ਲਿਆ , ਉਹ ਕਈ ਪ੍ਰਕਾਰ ਦੇ ਸੰਸਾਰਿਕ ਬੰਧਨਾਂ ਤੇ ਸਮੱਸਿਆਵਾਂ ਤੋਂ ਮੁਕਤ ਹੋ ਗਿਆ। ਰਜ਼ਾ ਬਹੁਤ ਵੱਡੀ ਸਥਿਤੀ ਹੈ , ਸੋਚ ਹੈ ਤੇ ਸਾਡਾ ਵਿਹਾਰ ਹੈ ।


ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356.

Previous articleNDMC increases park timings; open gym, yoga not allowed
Next articleਬਰਤਾਨੀਆ ਦੀ ਮਹਾਰਾਣੀ ਨੇ ਤਾਲਾਬੰਦੀ ਦੌਰਾਨ ਕੀਤੀ ਘੋੜਸਵਾਰੀ,