ਪੱਛਮੀ ਬੰਗਾਲ: ਪਹਿਲੇ ਗੇੜ ਦੀਆਂ ਚੋਣਾਂ ਲਈ ਪ੍ਰਚਾਰ ਬੰਦ

ਕੋਲਕਾਤਾ (ਸਮਾਜ ਵੀਕਲੀ):  ਪੱਛਮੀ ਬੰਗਾਲ ਵਿਧਾਨ ਸਭਾ ਲਈ ਪਹਿਲੇ ਗੇੜ ਤਹਿਤ 30 ਸੀਟਾਂ ਲਈ 27 ਮਾਰਚ ਨੂੰ ਪੈਣ ਵਾਲੀਆਂ ਵੋਟਾਂ ਲਈ ਅੱਜ ਸ਼ਾਮ ਪੰਜ ਵਜੇ ਚੋਣ ਪ੍ਰਚਾਰ ਖਤਮ ਹੋ ਗਿਆ ਹੈ। ਇਹ 30 ਸੀਟਾਂ ਪੁਰੂਲੀਆ, ਬਾਂਕੁਰਾ, ਝਾੜਗਰਾਮ, ਪੂਰਬੀ ਮੇਦਨੀਪੁਰ (ਹਿੱਸਾ-1) ਅਤੇ ਪੱਛਮੀ ਮੇਦਨੀਪੁਰ (ਹਿੱਸਾ-1) ਜ਼ਿਲ੍ਹਿਆਂ ਅਧੀਨ ਆਉਂਦੀਆਂ ਹਨ। ਇਨ੍ਹਾਂ ਸੀਟਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਆਗੂਆਂ ਨੇ ਪਾਰਟੀ ਲਈ ਚੋਣ ਪ੍ਰਚਾਰ ਕੀਤਾ ਤੇ ਪੁਰੂਲੀਆ, ਝਾੜਗਰਾਮ ਅਤੇ ਬਾਂਕੁਰਾ ਜ਼ਿਲ੍ਹਿਆਂ ’ਚ ਰੈਲੀਆਂ ਦੌਰਾਨ ਪੱਛਮੀ ਬੰਗਾਲ ’ਚ ਅਸਲ ਤਬਦੀਲੀ ਲਿਆਉਣ ਦਾ ਵਾਅਦਾ ਕੀਤਾ।

ਸੂਬੇ ’ਚ ਭਾਰਤੀ ਜਨਤਾ ਪਾਰਟੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਪਾਰਟੀ ਪ੍ਰਧਾਨ ਜੇਪੀ ਨੱਢਾ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਚੋਣ ਪ੍ਰਚਾਰ ਕਰਦਿਆਂ ਮਮਤਾ ਬੈਨਰਜੀ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਬੌਲੀਵੁੱਡ ਅਦਾਕਾਰ ਮਿਥੁਨ ਚਕਰਵਰਤੀ ਨੇ ਵੀ ਅੱਜ ਭਾਜਪਾ ਉਮੀਦਵਾਰਾਂ ਲਈ ਜੰਗਲ ਮਹਿਲ ਤੇ ਬਾਂਕੁਰਾ ’ਚ ਚੋਣ ਪ੍ਰਚਾਰ ਕੀਤਾ।

ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਾਰੇ 30 ਹਲਕਿਆਂ ’ਚ ਚੋਣ ਰੈਲੀਆਂ ਕੀਤੀਆਂ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ਲੱਤ ’ਤੇ ਸੱਟ ਵੱਜ ਗਈ ਸੀ ਜਿਸ ਨੂੰ ਉਨ੍ਹਾਂ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਗਿਆ ਹਮਲਾ ਕਰਾਰ ਦਿੱਤਾ ਸੀ। ਉਹ ਜ਼ਖ਼ਮੀ ਹੋਣ ਦੇ ਬਾਵਜੂਦ ਵੱਖ ਵੱਖ ਹਲਕਿਆਂ ’ਚ ਚੋਣ ਪ੍ਰਚਾਰ ਕਰਦੀ ਰਹੀ। ਚੋਣ ਰੈਲੀਆਂ ਦੌਰਾਨ ਮਮਤਾ ਬੈਨਰਜੀ ਨੇ ਮੋਦੀ ਸਰਕਾਰ ਨੂੰ ਲੋਕ ਵਿਰੋਧੀ ਤੇ ਪ੍ਰਧਾਨ ਮੰਤਰੀ ਨੂੰ ਝੂਠਾ ਦੱਸਿਆ। ਉਨ੍ਹਾਂ ਨਾਲ ਹੀ ਪ੍ਰਧਾਨ ਮੰਤਰੀ ’ਤੇ ਦੋਸ਼ ਲਾਇਆ ਕਿ ਸੂਬਾ ਸਰਕਾਰ ਨੂੰ ਆਜ਼ਾਦਾਨਾ ਢੰਗ ਨਾਲ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ।

Previous articleਪਰਮਬੀਰ ਸਿੰਘ ਵੱਲੋਂ ਬਾਂਬੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ
Next articleਆਈਐੱਸਐੱਫ ਦਾ ਸਮਰਥਨ ਕਰ ਰਹੀ ਹੈ ਭਾਜਪਾ: ਮਮਤਾ ਬੈਨਰਜੀ