ਪੰਜ ਹਜ਼ਾਰ ਤਾਲਿਬਾਨ ਕੈਦੀਆਂ ਨੂੰ ਰਿਹਾਅ ਕਰੇਗੀ ਅਫ਼ਗਾਨ ਸਰਕਾਰ

ਤਾਲਿਬਾਨ ਵਲੋਂ ਹਿੰਸਾ ਘਟਾਏ ਜਾਣ ਦੀ ਸੂਰਤ ਵਿੱਚ ਅਫਗਾਨਿਸਤਾਨ ਸਰਕਾਰ ਵਲੋਂ ਪੰਜ ਹਜ਼ਾਰ ਬਾਗੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਇਹ ਜਾਣਕਾਰੀ ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਬੁਲਾਰੇ ਨੇ ਬੁੱਧਵਾਰ ਸਵੇਰੇ ਦਿੱਤੀ। ਉਨ੍ਹਾਂ ਕਿਹਾ ਕਿ ਉਹ ਕੈਦੀਆਂ ਦੇ ਵਿਵਾਦ ਨੂੰ ਹੱਲ ਕਰਨਾ ਚਾਹੁੰਦੇ ਹਨ, ਜਿਸ ਕਾਰਨ ਤਾਲਿਬਾਨ ਅਤੇ ਕਾਬੁਲ ਵਿਚਾਲੇ ਸ਼ਾਂਤੀ ਵਾਰਤਾ ਵਿੱਚ ਦੇਰੀ ਹੋ ਰਹੀ ਹੈ। ਇਹ ਐਲਾਨ ਅਮਰੀਕਾ ਵਲੋਂ ਦੋ ਫੌਜੀ ਟਿਕਾਣਿਆਂ ਤੋਂ ਆਪਣੀਆਂ ਬਲਾਂ ਪਿੱਛੇ ਹਟਾਏ ਜਾਣ ਤੋਂ ਕੁਝ ਘੰਟਿਆਂ ਬਾਅਦ ਕੀਤਾ ਗਿਆ ਹੈ। ਅਜਿਹਾ ਅਮਰੀਕਾ ਵਲੋਂ ਆਪਣੀ ਸਭ ਤੋਂ ਲੰਬੀ ਜੰਗ ਖ਼ਤਮ ਕਰਨ ਲਈ ਪਿਛਲੇ ਮਹੀਨੇ ਦੋਹਾ ਵਿੱਚ ਤਾਲਿਬਾਨ ਨਾਲ ਕੀਤੀ ਸੰਧੀ ’ਤੇ ਅਮਲ ਵਜੋਂ ਕੀਤਾ ਜਾ ਰਿਹਾ ਹੈ। ਤਰਜਮਾਨ ਸਿੱਦਕ ਸਿੱਦੀਕੀ ਨੇ ਟਵਿੱਟਰ ’ਤੇ ਲਿਖਿਆ ਕਿ ਸਰਕਾਰ ਵਲੋਂ ਸਦਭਾਵਨਾ ਲਈ ਚੁੱਕੇ ਕਦਮ ਵਜੋਂ ਸ਼ਨਿੱਚਰਵਾਰ ਤੋਂ ਸ਼ੁਰੂ ਕਰਕੇ 1500 ਤਾਲਿਬਾਨ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਬਾਕੀ ਬਚੇ 3500 ਕੈਦੀਆਂ ਨੂੰ ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਰਿਹਾਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮਝੌਤੇ ਅਨੁਸਾਰ ਸ਼ੁਰੂਆਤੀ ਪੜਾਅ ’ਤੇ ਰੋਜ਼ਾਨਾ ਸੌ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਪਰ ਇਹ ਸਮਝੌਤਾ ਤਾਲਿਬਾਨ ਵਲੋਂ ਦੇਸ਼ ਵਿੱਚ ਹਮਲੇ ਘਟਾਉਣ ਦੀ ਇੱਛਾਸ਼ਕਤੀ ’ਤੇ ਨਿਰਭਰ ਕਰੇਗਾ। ਭਾਵੇਂ ਕਿ ਤਾਲਿਬਾਨ ਵਲੋਂ ਕਾਬੁਲ ਨਾਲ ਚਰਚਾ ਮੰਗਲਵਾਰ ਨੂੰ ਸ਼ੁਰੂ ਕੀਤੀ ਜਾਣੀ ਸੀ ਪਰ ਇਹ ਗੱਲਬਾਤ ਟਾਲ ਦਿੱਤੀ ਗਈ ਕਿਉਂਕਿ ਬਾਗੀਆਂ ਵਲੋਂ ਗੱਲਬਾਤ ਬਦਲੇ ਪਹਿਲਾਂ ਹਜ਼ਾਰ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਰੱਖੀ ਗਈ ਸੀ। ਪਹਿਲਾਂ ਗਨੀ ਸਰਕਾਰ ਨੇ ਇਸ ਤੋਂ ਜਵਾਬ ਦੇ ਦਿੱਤਾ ਸੀ ਪਰ ਬੁੱਧਵਾਰ ਦੇ ਐਲਾਨ ਮਗਰੋੋਂ ਸਰਕਾਰ ਦਾ ਰੁਖ਼ ਨਰਮ ਹੋਇਆ ਜਾਪ ਰਿਹਾ ਹੈ। ਅਮਰੀਕਾ ਦੇ ਵਾਰਤਾਕਾਰ ਜ਼ਾਲਮੇਈ ਖ਼ਲੀਲਜ਼ਾਦ ਨੇ ਇਸ ਐਲਾਨ ਦਾ ਸਵਾਗਤ ਕਰਦਿਆਂ ਅਫਗਾਨਿਸਤਾਨ ਸਰਕਾਰ ਨੂੰ ‘ਤੁਰੰਤ’ ਤਾਲਿਬਾਨ ਨਾਲ ਕਤਰ ਵਿੱਚ ਮੁਲਾਕਾਤ ਕਰਕੇ ਕੈਦੀਆਂ ਦਾ ਮਾਮਲਾ ਹੱਲ ਕਰਨ ਲਈ ਕਿਹਾ ਹੈ। ਵਿਦੇਸ਼ ਮੰਤਰਾਲੇ ਨੇ ਭਰੋਸਾ ਪ੍ਰਗਟਾਇਆ ਕਿ ਅਫ਼ਗਾਨਿਸਤਾਨ ਵਲੋਂ ਜਲਦੀ ਸ਼ਾਂਤੀ ਵਾਰਤਾ ਸ਼ੁਰੂ ਕੀਤੀ ਜਾਵੇਗੀ।

Previous articleਮੈਲਬਰਨ: ਸੜਕ ਹਾਦਸੇ ’ਚ ਪੰਜਾਬੀ ਪਰਿਵਾਰ ਦੇ ਤਿੰਨ ਜੀਅ ਹਲਾਕ
Next article‘ਕੱਲਰ ਦਾ ਕੰਵਲ’ ਬਣ ਕੇ ਨਿੱਤਰੀ ਚਕਰ ਦੀ ਸਿਮਰਨਜੀਤ ਕੌਰ