ਪੰਜ ਪਿਆਰਿਆਂ ਦੀ ਅਗਵਾਈ ਹੇਠ ਹੇਮਕੁੰਟ ਸਾਹਿਬ ਯਾਤਰਾ ਲਈ ਪਹਿਲਾ ਜਥਾ ਰਵਾਨਾ

ਅੰਮ੍ਰਿਤਸਰ (ਸਮਾਜ ਵੀਕਲੀ) : 4 ਸਤੰਬਰ ਤੋਂ ਸ਼ੁਰੂ ਹੋ ਰਹੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਲਈ ਅੱਜ ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਉਤਰਾਖੰਡ ਸਥਿਤ ਗੁਰਦੁਆਰਾ ਗੋਬਿੰਦ ਘਾਟ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਇਆ। ਸਾਲਾਨਾ ਯਾਤਰਾ ਦੇ ਸਬੰਧ ਵਿਚ ਗੁਰਦੁਆਰਾ ਗੋਬਿੰਦ ਘਾਟ ਵਿਖੇ ਅਖੰਡ ਪਾਠ ਰੱਖਿਆ ਗਿਆ ਸੀ, ਜਿਸ ਦੇ ਅੱਜ ਭੋਗ ਪਾਏ ਗਏ। ਸੌ ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਗੋਬਿੰਦ ਧਾਮ ਲਈ ਰਵਾਨਾ ਹੋਇਆ ਹੈ, ਜਿਥੋਂ ਸ਼ਰਧਾਲੂ ਭਲਕੇ ਗੁਰਦੁਆਰਾ ਹੇਮਕੁੰਟ ਸਾਹਿਬ ਲਈ ਜਾਣਗੇ।

ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਪੰਥਕ ਰਵਾਇਤਾਂ ਮੁਤਾਬਕ ਜੈਕਾਰਿਆਂ ਦੀ ਗੂੰਜ ਵਿਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਰਧਾਲੂ ਰਵਾਨਾ ਹੋਏ ਹਨ। ਇਸ ਮੌਕੇ ਫੌਜੀ ਜਵਾਨ ਵੀ ਸ਼ਾਮਲ ਸਨ। ਉਨ੍ਹਾਂ ਦਸਿਆ ਕਿ ਭਲਕੇ 4 ਸਤੰਬਰ ਨੂੰ 9 ਵਜੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੁਖ ਆਸਨ ਅਸਥਾਨ ਤੋਂ ਪਾਵਨ ਸਰੂਪ ਦੀਵਾਨ ਹਾਲ ਵਿਚ ਲਿਆ ਕੇ ਪ੍ਰਕਾਸ਼ ਕੀਤਾ ਜਾਵੇਗਾ। ਸ਼ਰਧਾਲੂਆਂ ਦਾ ਜਥਾ ਭਲਕੇ ਤੜਕੇ ਸਵੇਰੇ ਗੁਰਦੁਆਰਾ ਗੋਬਿੰਦ ਧਾਮ ਤੋਂ ਲਗਪਗ ਛੇ ਕਿਲੋਮੀਟਰ ਦੂਰ ਗੁਰਦੁਆਰਾ ਹੇਮਕੁੰਟ ਸਾਹਿਬ ਲਈ ਰਵਾਨਾ ਹੋਣਗੇ।

ਉਨ੍ਹਾਂ ਦਸਿਆ ਕਿ ਉਤਰਾਖੰਡ ਪ੍ਰਸ਼ਾਸਨ ਨੇ ਹੇਮਕੁੰਟ ਸਾਹਿਬ ਯਾਤਰਾ ਵਾਸਤੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਇਕ ਦਿਨ ਵਿਚ ਸੌ ਤੋਂ ਦੋ ਸੌ ਕਰ ਦਿੱਤੀ ਹੈ। ਹਰੇਕ ਸ਼ਰਧਾਲੂ ਨੂੰ ਆਉਣ ਤੋਂ ਪਹਿਲਾਂ ਈ ਪਾਸ ਲੈਣਾ ਪਵੇਗਾ, ਜੋ ਦੇਹਰਾਦੂਨ ਸਮਾਰਟ ਸਿਟੀ ਡਾਟ ਕਾਮ ’ਤੇ ਅਪਲਾਈ ਕਰਨ ਮਗਰੋਂ ਮਿਲ ਸਕੇਗਾ। ਇਸ ਲਈ ਹਰੇਕ ਯਾਤਰੂ ਕੋਲ 72 ਘੰਟੇ ਪਹਿਲਾਂ ਕਰਵਾਏ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਹੋਣਾ ਜ਼ਰੂਰੀ ਹੈ। ਈਪਾਸ ਲਈ ਇਕ ਵਾਹਨ ਦਾ ਨੰਬਰ ਅਤੇ ਯਾਤਰੂਆਂ ਦੀ ਗਿਣਤੀ ਦਰਜ ਕਰਾਉਣਾ ਵੀ ਜ਼ਰੂਰੀ ਹੈ। ਇਸ ਤੋਂ ਬਿਨਾਂ ਆਉਣ ਵਾਲੇ ਨੂੰ ਪ੍ਰਸ਼ਾਸਨ ਵਲੋਂ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਯਾਤਰਾ ਸਬੰਧੀ ਲੋੜੀਂਦੇ ਪ੍ਰਬੰਧ ਮੁਕੰਮਲ ਹਨ।

Previous articleਪਾਵਰਕੌਮ ਦੇ ਬਰਖ਼ਾਸਤ ਠੇਕਾ ਮੁਲਾਜ਼ਮਾਂ ਦੀ ਛਾਂਟੀ ਨੀਤੀ ਰੱਦ; ਬਹਾਲੀ ਤੇ ਮੁਆਵਜ਼ੇ ਦੀ ਮੰਗ ਮੰਨੀ
Next articleKarisma’s simple joy lies in her jeans