ਪੰਜਾਹ ਪੈਸੇ ਖਾਤਰ ਕੀਤਾ ਪਹਿਲਾ ਸੰਘਰਸ਼

ਬਲਵੀਰ ਸਿੰਘ ਬਾਸੀਆਂ ਬੇਟ 

(ਸਮਾਜ ਵੀਕਲੀ)

ਸੰਘਰਸ਼ ਹੀ ਜਿੰਦਗੀ ਹੈ, ਦੇ ਅਸਲ ਅਰਥ ਘਰ ਦੀ ਕਬੀਲਦਾਰੀ ਚ ਪੈਰ ਰੱਖਦਿਆਂ ਪਤਾ ਲੱਗਣ ਲੱਗੇ ।ਸੰਘਰਸ਼ ਤੋਂ ਬਿਨਾਂ ਜਿੰਦਗੀ ਖੁਸ਼ਬੂ ਰਹਿਤ ਤੇ ਫਿੱਕੀ ਜਿਹੀ ਲੱਗਦੀ ਹੈ ।ਸੰਘਰਸ਼ ਜਿੰਦਗੀ ਵਿੱਚ ਮਹਿਕਾਂ ਬਿਖੇਰਦੇ ਹਨ ।ਸੰਘਰਸ਼ ਬਿਨਾਂ ਜਿੰਦਗੀ ਅਧੂਰੀ ਜਾਪਦੀ ਹੈ ।ਚਿੱਤ ਚੇਤਿਆਂ ਚ ਵਸੀ ਇੱਕ 27-28 ਸਾਲ ਪਹਿਲਾਂ ਦੀ ਯਾਦ ਨੇ ਅੱਜ ਜਿੰਦਗੀ ਦਾ ਪਹਿਲਾ ਸੰਘਰਸ਼ ਯਾਦ ਕਰਵਾ ਦਿੱਤਾ ,ਜਦੋਂ ਦਸਵੀਂ ਪਾਸ ਕਰਨ ਤੋਂ ਬਾਅਦ ਗਿਆਰ੍ਹਵੀਂ ਵਿੱਚ ਸੁਧਾਰ ਕਾਲਜ ਦਾਖਲਾ ਲਿਆ ।ਉਸ ਸਮੇਂ ਸਾਡੇ ਪਿੰਡ ਅੱਠ ਵਜੇ ਵਾਲੀ ਇੱਕੋ ਇੱਕ ਰੋਡਵੇਜ਼ ਦੀ ਬੱਸ ਆਉਂਦੀ ਸੀ, ਜੋ ਕਿ ਪਿਛਲੇ ਪਿੰਡ ਭੂੰਦੜੀ ਤੋਂ ਚੱਲਦੀ ਸੀ ।ਸਵੇਰ ਵਾਲੇ ਗੇੜੇ ਵਿੱਚ ਨਾਲ ਦੇ ਪਿੰਡਾਂ ਦੇ ਜਿਆਦਾਤਰ ਮੁਲਾਜ਼ਮ ਜਾਂ ਵਿਦਿਆਰਥੀ ਹੀ ਹੁੰਦੇ ਸਨ ।ਬੱਸ ਤੋਂ ਇਲਾਵਾ ਦੋ ਤਿੰਨ ਥਰੀਵੀਲਰ (ਟੈਂਪੂ)ਚੱਲਦੇ ਸਨ ।ਜਿਹਨਾਂ ਦਾ ਰੂਟ ਸਿਰਫ ਮੁੱਲਾਂਪੁਰ ਤੋਂ ਪੁੜੈਣ ਤੱਕ ਦਾ ਹੁੰਦਾ ਸੀ ।

ਉਸ ਸਮੇਂ ਸਾਡੇ ਪਿੰਡ ਤੋਂ ਮੁੱਲਾਂਪੁਰ ਦਾ ਕਿਰਾਇਆ ਮਸਾਂ ਦੋ ਰੁਪਏ ਹੁੰਦਾ ਸੀ ।ਬੱਸ ਦਾ ਤਾਂ ਪਾਸ ਬਣਿਆ ਕਰਕੇ ਕੁਝ ਮਹਿਸੂਸ ਨਹੀਂ ਹੁੰਦਾ ਸੀ ਪਰ ਜਦੋਂ ਕਦੇ ਬੱਸ ਦਾ ਗੇੜਾ ਖੁੰਝ ਜਾਂਦਾ (ਜੋ ਕਿ ਅਕਸਰ ਹੁੰਦਾ ਹੀ ਰਹਿੰਦਾ ਸੀ) ਤਾਂ ਟੈਂਪੂ ਵਾਲੇ ਨੂੰ ਦੋ ਰੁਪਏ ਦੇਣੇ ਔਖੇ ਲੱਗਦੇ ਸੀ । ਕਾਲਜ ਦੀਆਂ ਜਮਾਤਾਂ ਸ਼ੁਰੂ ਹੋਈਆਂ ਨੂੰ ਅਜੇ ਚਾਰ ਕੁ ਮਹੀਨੇ ਹੀ ਹੋਏ ਸਨ ਕਿ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਕੁਝ ਕੁ ਪੈਸੇ ਵਾਧਾ ਕਰ ਦਿੱਤਾ ।ਉਸ ਸਮੇਂ ਅੱਜਕਲ੍ਹ ਵਾਂਗ ਹਰ ਰੋਜ਼ ਤੇਲ ਦੀਆਂ ਕੀਮਤਾਂ ਨਹੀਂ ਵਧਦੀਆਂ ਸਨ ।ਤੇਲ ਦੇ ਹੋਏ ਵਾਧੇ ਕਾਰਨ ਟੈਂਪੂ ਵਾਲਿਆਂ ਨੇ ਆਪਣੇ ਆਪ ਹੀ ਸਾਡੇ ਪਿੰਡ ਦਾ ਕਿਰਾਇਆ ਪੰਜਾਹ ਪੈਸੇ ਵਧਾ ਦਿੱਤਾ ।ਜਦ ਕਿ ਸਰਕਾਰੀ ਤੌਰ ਤੇ ਕਿਰਾਇਆਂ ਵਿੱਚ ਕੋਈ ਵਾਧਾ ਨਹੀਂ ਹੋਇਆ ਸੀ ।ਅਸੀਂ ਪੜਨ ਵਾਲੇ ਟੈਂਪੂ ਵਾਲਿਆਂ ਦੀ ਇਸ ਧੱਕੇਸ਼ਾਹੀ ਤੋਂ ਕਾਫੀ ਪਰੇਸ਼ਾਨ ਹੋਏ ।ਆਲੇ ਦੁਆਲੇ ਦੇ ਰੂਟਾਂ ਤੋਂ ਪਤਾ ਕੀਤਾ ਪਰ ਕਿਸੇ ਨੇ ਵੀ ਕਿਰਾਇਆ ਨਹੀਂ ਵਧਾਇਆ ਸੀ ।ਅਸੀਂ ਉਹਨਾਂ ਨਾਲ ਔਖੇ ਭਾਰੇ ਹੁੰਦੇ ਤੇ ਕਦੇ ਕਦੇ ਤਕਰਾਰ ਵੀ ਹੋ ਜਾਂਦਾ ।

ਇਸ ਤਰ੍ਹਾਂ ਹੋਏ ਨੂੰ ਹਫਤਾ ਕੁ ਹੋਇਆ ਸੀ ਕਿ ਰਹਿੰਦੀ ਕਸਰ ਰੋਡਵੇਜ਼ ਦੀ ਬੱਸ ਖਰਾਬ ਹੋਣ ਨੇ ਕੱਢ ਦਿੱਤੀ ।ਬੱਸ ਨਾਂ ਆਉਣ ਕਾਰਨ ਹੁਣ ਹਰ ਰੋਜ਼ ਟੈਂਪੂ ਤੇ ਹੀ ਜਾਣਾ ਪੈਂਦਾ ਸੀ ।ਇੱਕ ਦਿਨ ਪਿੰਡ ਵਿੱਚ ਹੋਏ ਤਕਰਾਰ ਕਾਰਨ ਉਹ ਸਾਨੂੰ ਟੈਂਪੂ ਤੇ ਚੜ੍ਹਨ ਤੋਂ ਰੋਕਣ ਲੱਗੇ ।ਉਸੇ ਦਿਨ ਹੀ ਸ਼ਾਮ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਚੋਂ ਅਨਾਊਂਸਮੈਂਟ ਹੋਈ ਕਿ ਕੱਲ੍ਹ ਨੂੰ ਆਪਣੇ ਪਿੰਡ ਨਹਿਰ ਵਾਲੇ ਰੈਸਟ ਹਾਊਸ ਵਿੱਚ ਐੱਸ ਐੱਸ ਪੀ ਜਗਰਾਉਂ ਲੋਕ ਦਰਬਾਰ ਲਾਉਣ ਆ ਰਹੇ ਹਨ ।ਉਹ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ ।ਅਸੀਂ ਚਾਰ ਪੰਜ ਪੜਨ ਵਾਲਿਆਂ ਨੇ ਸਲਾਹ ਕੀਤੀ ਤੇ ਸਾਈਕਲ ਚੁੱਕ ਨਾਲ ਦੇ ਪਿੰਡ ਪੁੜੈਣ ਵਾਲੇ ਸਾਥੀਆਂ ਨੂੰ ਵੀ ਦੱਸਿਆ ਕਿ ਕੱਲ੍ਹ ਨੂੰ ਕਿਰਾਏ ਵਾਲੇ ਮਸਲੇ ਤੇ ਆਪਾਂ ਐੱਸ ਐੱਸ ਪੀ ਸਾਹਿਬ ਨੂੰ ਮਿਲਣਾ ਹੈ ।ਉਹਨਾਂ ਨੇ ਵੀ ਆਉਣ ਦੀ ਹਾਮੀ ਭਰੀ ।ਦੂਜੇ ਦਿਨ ਅਸੀਂ ਦਸ ਬਾਰਾਂ ਜਾਣੇ ਇਕੱਠੇ ਹੋਏ ।ਸਲਾਹ ਮਸ਼ਵਰਾ ਕੀਤਾ ।

ਹੁਣ ਮਸਲਾ ਇਹ ਸੀ ਕਿ ਐੱਸ ਐੱਸ ਪੀ ਸਾਹਿਬ ਨਾਲ ਗੱਲਬਾਤ ਕੌਣ ਕਰੇਗਾ? ਅਰਜੀ ਅੰਗਰੇਜ਼ੀ ਵਿਚ ਲਿਖੀਏ ਜਾਂ ਪੰਜਾਬੀ ਵਿੱਚ?ਇਸ ਤਰ੍ਹਾਂ ਦੀਆਂ ਸਲਾਹਾਂ ਕਰਦੇ ਕਰਦਿਆਂ ਸਾਥੋਂ ਇੱਕ ਸਾਲ ਸੀਨੀਅਰ ਪੁੜੈਣ ਵਾਲੇ ਸਾਥੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਕੰਮ ਪੰਜਾਬੀ ਵਿੱਚ ਹੀ ਕਰਨਾ ਚਾਹੀਦਾ ਹੈ ।ਉਸ ਨੇ ਅਰਜੀ ਲਿਖ ਦਿੱਤੀ ਪਰ ਨਾਲ ਹੀ ਕਹਿ ਦਿੱਤਾ ਕਿ ਮੈਂ ਗੱਲਬਾਤ ਨਹੀਂ ਕਰਾਂਗਾ ।ਹੌਸਲਾ ਜਿਹਾ ਕਰਕੇ ਮੈ ਕਹਿ ਦਿੱਤਾ ਕਿ ਕੋਈ ਨੀ ਗੱਲਬਾਤ ਮੈਂ ਕਰ ਲਵਾਂਗਾ ।

ਚਲੋ ਇੰਨੇ ਸਮੇਂ ਨੂੰ ਐੱਸ ਐੱਸ ਪੀ ਸਾਹਿਬ ਵੀ ਆਪਣੇ ਲਾਮ ਲਸ਼ਕਰ ਨਾਲ ਪਹੁੰਚ ਗਏ ।ਪਿੰਡ ਦੀ ਪੰਚਾਇਤ ਵੱਲੋਂ ਆਉ ਭਗਤ ਕਰਨ ਤੋਂ ਬਾਅਦ ਉਹਨਾਂ ਨੇ ਸ਼ਿਕਾਇਤਾਂ ਸੁਣਨੀਆਂ ਸ਼ੁਰੂ ਕੀਤੀਆਂ ।ਲੋਕ ਵਾਰੀ ਸਿਰ ਆਪਣੀਆਂ ਸ਼ਿਕਾਇਤਾਂ ਦੱਸਣ ਲੱਗੇ ।ਕੁਝ ਸਮੇਂ ਬਾਅਦ ਸਾਨੂੰ ਕੱਠੇ ਜਿਹਿਆਂ ਨੂੰ ਘੁਸਰ ਮੁਸਰ ਕਰਦਿਆਂ ਦੇਖ ਉਹਨਾਂ ਨੇ ਆਪਣੇ ਗੰਨਮੈਨ ਨੂੰ ਭੇਜ ਸਾਨੂੰ ਆਪਣੇ ਕੋਲ ਬੁਲਾ ਲਿਆ ।ਦੱਸੋ ਕਾਕਾ ਤੁਸੀਂ ਕਿਉਂ ਕੱਠੇ ਹੋਏ ਹੋਂ ? ਕੋਈ ਸਮੱਸਿਆ ਹੈ? ਮੈਂ ਅਰਜੀ ਅੱਗੇ ਕਰਦਿਆਂ ਕੰਬਦੇ ਜਿਹੇ ਬੋਲਾਂ ਨਾਲ ਸਾਰੀ ਗੱਲਬਾਤ ਦੱਸ ਦਿੱਤੀ ।ਉਹ ਕਹਿੰਦੇ ਕਾਕਾ ਤੁਹਾਡਾ ਮਸਲਾ ਡੀ ਟੀ ਉ ਪੱਧਰ ਦਾ ਹੈ ।ਕੋਈ ਨੀ ਮੈਂ ਤੁਹਾਡੀ ਅਰਜੀ ਤਸਦੀਕ ਕਰਕੇ ਉਹਨਾਂ ਕੋਲ ਭੇਜ ਦਿੰਦਾ ਹਾਂ ।

ਤੁਸੀਂ ਉਹਨਾਂ ਨੂੰ ਪਰਸੋਂ ਮੇਰਾ ਵੇਰਵਾ ਦੇ ਕੇ ਮਿਲ ਲੈਣਾ ।ਅਸੀਂ ਧੰਨਵਾਦ ਕਹਿ ਕੇ ਵਾਪਿਸ ਆ ਗਏ ਤੇ ਸੋਚਿਆ ਕਿ ਲਾਰਾ ਹੀ ਲੱਗਦਾ ।ਚਲੋ ਪਾਸੇ ਹੋ ਕੇ ਕੁਝ ਕੁ ਵਿਚਾਰ ਚਰਚਾ ਤੋਂ ਬਾਅਦ ਵੱਡਾ ਮਸਲਾ ਪਰਸੋਂ ਨੂੰ ਡੀ ਟੀ ਉ ਦਫਤਰ ਜਾਣ ਦਾ ਸੀ ।ਕੋਈ ਕਹੇ ਮੈਂ ਤਾਂ ਕਿਤੇ ਗਿਆ ਨੀ ।ਕੋਈ ਕਹੇ ਉੱਥੇ ਰਿਸ਼ਵਤ ਬਹੁਤ ਚੱਲਦੀਆ ।ਇਸ ਤਰ੍ਹਾਂ ਦੇ ਵਿਚਾਰਾਂ ਤੋਂ ਬਾਅਦ ਜਾਣ ਦਾ ਗੁਣਾ ਮੇਰੇ ਤੇ ਤੇਜੇ (ਜੋ ਅੱਜਕਲ ਕੈਨੇਡਾ ਵਿੱਚ ਤੇਜਪਾਲ ਬੱਲ ਦੇ ਨਾਂ ਤੇ ਪੱਕੇ ਤੌਰ ਤੇ ਵਸ ਗਿਆ ਹੈ)ਤੇ ਆ ਪਿਆ ।ਅਸੀਂ ਪੁੱਛ ਪੁਛਾ ਕੇ ਦਿੱਤੇ ਦਿਨ ਡੀ ਟੀ ਉ ਦਫਤਰ ਲੁਧਿਆਣਾ ਪੁੱਜ ਗਏ ।ਪਹਿਲਾਂ ਅੱਧਾ ਘੰਟਾ ਉੱਥੇ ਦਾ ਮਹੌਲ ਦੇਖਿਆ ।ਚੰਗੇ- ਚੰਗੇ, ਪੈਂਟ- ਕੋਟਾਂ,ਟਾਈਆਂ ਵਾਲੇ ਬੰਦੇ ਹੱਥਾਂ ਵਿੱਚ ਬੈਗ ਫੜੀ ਦਫਤਰ ਦੇ ਦਰਵਾਜ਼ੇ ਤੇ ਖੜੇ ਬੰਦੇ ਨੂੰ ਅਦਬ ਨਾਲ ਮਿਲਦੇ, ਹੱਥ ਮਿਲਾਉਂਦੇ ਤੇ ਉਹ ਉਹਨਾਂ ਨੂੰ ਅੰਦਰ ਭੇਜ ਦਿੰਦਾ ।

ਦੇਖ ਕੇ ਤਾਂ ਇਹੀ ਲੱਗ ਰਿਹਾ ਸੀ ਕਿ ਪੈਸੇ ਤੇ ਅਸਰ ਰਸੂਖ ਵਾਲੇ ਬੰਦੇ ਹੀ ਅੰਦਰ ਜਾ ਰਹੇ ਹਨ ।ਅਸੀਂ ਵੀ ਹੌਸਲਾ ਜਿਹਾ ਕਰਕੇ ਉਸ ਬੰਦੇ ਦੇ ਪੈਰੀਂ ਹੱਥ ਲਾ ਕੇ ਅੰਦਰ ਜਾਣ ਦੀ ਇਜਾਜ਼ਤ ਮੰਗੀ ਪਰ ਉਸ ਨੇ ਸਾਨੂੰ ਪਿਛਾਂਹ ਧੱਕ ਦਿੱਤਾ ।ਅਸੀਂ ਕੁਝ ਕੁ ਦੂਰੀ ਤੋਂ ਫਿਰ ਉਹੀ ਤਮਾਸ਼ਾ ਦੇਖਣ ਲੱਗੇ ।ਤੇਜਾ ਕਹਿੰਦਾ,” ਯਾਰ ਇਹਨੂੰ ਐੱਸ ਐੱਸ ਪੀ ਦਾ ਵੇਰਵਾ ਪਾ ਕੇ ਦੇਖਲਾ !”ਅਸੀਂ ਫਿਰ ਥੋੜ੍ਹਾ ਹੌਸਲਾ ਕਰਕੇ ਕਿਹਾ ਕਿ ਬਾਈ ਜੀ ਸਾਨੂੰ ਐੱਸ ਐੱਸ ਪੀ ਜਗਰਾਉਂ ਨੇ ਭੇਜਿਆ ਹੈ ।ਸਾਬ ਨੂੰ ਮਿਲਣਾ ਹੈ ।

ਹੁਣ ਪਤਾ ਨੀ ਉਹਦੇ ਮਨ ਕੀ ਮਿਹਰ ਪਈ, ਬਿਨਾਂ ਰੋਕੇ ਸਾਨੂੰ ਅੰਦਰ ਜਾਣ ਦਿੱਤਾ ।ਅੰਦਰ ਡੀ ਟੀ ਉ ਸਾਹਿਬ ਕੱਲੇ ਹੀ ਬੈਠੇ ਸਨ ।ਅਸੀਂ ਐੱਸ ਐੱਸ ਪੀ ਸਾਹਿਬ ਦਾ ਵੇਰਵਾ ਦਿੱਤਾ ਤਾਂ ਕਹਿਣ ਲੱਗੇ, ਕਾਕਾ ਆਹ ਮੈਂ ਤੁਹਾਡੀ ਅਰਜੀ ਤੇ ਹੀ ਆਰਡਰ ਕਰ ਰਿਹਾ ਹਾਂ ।ਪਰ ਇਹ ਹੁਣ ਮੈਂ ਐੱਸ ਐੱਸ ਪੀ ਜਗਰਾਉਂ ਨੂੰ ਹੀ ਵਾਪਸ ਭੇਜਾਂਗਾ ਤੇ ਤੁਸੀਂ ਕੱਲ੍ਹ ਆਪਣੇ ਸਬੰਧਤ ਥਾਣੇਦੇ ਐੱਸ ਐੱਚ ਉ ਨੂੰ ਮਿਲ ਲੈਣਾ ।”ਕੁਝ ਕੁ ਹੁੰਦੀ ਤਸੱਲੀ ਸਦਕਾ ਮੈਂ ਪੁੱਛ ਹੀ ਲਿਆ ,” ਸਰ ਹੁਣ ਕਿਰਾਇਆ ਘਟ ਜੂ?” ਉਹਨਾਂ ਹੱਸਦਿਆਂ ਕਿਹਾ ਕਿ ਕਾਕਾ ਸਰਕਾਰ ਨਜਾਇਜ਼ ਕਿਰਾਇਆ ਨਾਂ ਤਾਂ ਵਸੂਲਦੀ ਹੈ ਤੇ ਨਾਂ ਵਸੂਲਣ ਦੀ ਇਜਾਜ਼ਤ ਦਿੰਦੀ ਹੈ ।ਸਾਨੂੰ ਜੰਗ ਕੁਝ ਕੁ ਜਿੱਤੀ ਲੱਗੀ ਪਰ ਦੁਚਿੱਤੀ ਜਿਹੀ ਚ ਧੰਨਵਾਦ ਸਰ ਜੀ ਕਹਿੰਦਿਆਂ ਵਾਪਸ ਆ ਗਏ ।ਨਾਲਦਿਆਂ ਨੂੰ ਮਿਲ ਕੇ ਦੱਸਿਆ ਤੇ ਕੱਲ੍ਹ ਛੁੱਟੀ ਸਮੇਂ ਤੋਂ ਬਾਅਦ ਕੱਠੇ ਹੋ ਕੇ ਐੱਸ ਐੱਚ ਉ ਨੂੰ ਮਿਲਣ ਦਾ ਪ੍ਰੋਗਰਾਮ ਤਹਿ ਕੀਤਾ ।ਦੂਜੇ ਦਿਨ ਛੁੱਟੀ ਤੋਂ ਬਾਅਦ ਟੈਂਪੂਆਂ ਆਲੇ ਅੱਡੇ ਤੇ ਕੱਠੇ ਹੋ ਕੇ ਥਾਣੇ ਵੱਲ ਨੂੰ ਚੱਲ ਪਏ ।

ਐੱਸ ਐੱਸ ਪੀ ਤੇ ਡੀ ਟੀ ਉ ਨਾਲ ਗੱਲਬਾਤ ਕਰਨ ਕਰਕੇ ਮੈਨੂੰ ਪਹਿਲੇ ਦਿਨ ਨਾਲੋਂ ਕੁਝ ਜਿਆਦਾ ਹੌਸਲਾ ਸੀ ।ਮੁਣਸ਼ੀ ਤੋਂ ਐੱਸ ਐੱਚ ਉ ਦਾ ਦਫਤਰ ਪੁੱਛ ਅਸੀਂ “ਮੇ ਆਈ ਕਮ ਇਨ ਸਰ ” ਕਹਿ ਅੰਦਰ ਆਉਣ ਦੀ ਇਜਾਜ਼ਤ ਮੰਗੀ ਤੇ ਉਹਨਾਂ ਸਿਰ ਨਾਲ ਇਸਾਰਾ ਕਰਦਿਆਂ ਕਿਹਾ , “ਬਾਸੀਆਂ ਵਾਲੇ ਹੋ ?” ਅਸੀਂ ਹਾਂ ਵਿੱਚ ਜਵਾਬ ਦਿੱਤਾ ਤੇ ਸਾਨੂੰ ਬੈਠਣ ਲਈ ਕਹਿ ਆਪਣੇ ਸਹਾਇਕ ਨੂੰ ਅਵਾਜ਼ ਮਾਰ ਕੇ ਕਿਹਾ ਕਿ ਟੈਂਪੂਆਂ ਵਾਲਿਆਂ ਦੇ ਪ੍ਰਧਾਨ ਹੁਣਾਂ ਨੂੰ ਬੁਲਾ ਕੇ ਲਿਆ ।ਉਹ ਜਲਦੀ ਹੀ ਬੁਲਾ ਕੇ ਲੈ ਆਇਆ ।ਉਹਨਾਂ ਦੇ ਆਉਣ ਸਾਰ ਉਸ ਨੇ ਦਬਕਾ ਜਿਹਾ ਮਾਰਦਿਆਂ ਕਿਹਾ ” ਤੁਸੀਂ ਇਹਨਾਂ ਪੜਨ ਵਾਲਿਆਂ ਤੋਂ ਨਜਾਇਜ਼ ਵੱਧ ਕਿਰਾਇਆ ਵਸੂਲਦੇ ਹੋ ।

ਆਹ ,ਡੀ ਟੀ ਉ ਸਾਹਿਬ ਵੱਲੋਂ ਐੱਸ ਐੱਸ ਪੀ ਜਗਰਾਉਂ ਰਾਹੀਂ ਆਏ ਹੁਕਮ ਹਨ ।”ਉਹਨਾਂ ਇੱਕ ਪੱਤਰ ਜਿਹਾ ਉਹਨਾਂ ਨੂੰ ਦਿਖਾਇਆ ਤੇ ਕਿਹਾ ਕਿ ਅੱਜ ਤੋਂ ਬਾਅਦ ਕਿਸੇ ਤੋਂ ਵੀ ਪੰਜਾਹ ਪੈਸੇ ਵੱਧ ਵਸੂਲੇ ਤਾਂ ਕਾਨੂੰਨੀ ਜੁਰਮ ਤਹਿਤ ਸਣੇ ਟੈਂਪੂ ਅੰਦਰ ਕਰ ਦੇਵਾਂਗਾ ।ਇੰਨਾ ਸ਼ੁਕਰ ਕਰੋ ਇਹਨਾਂ ਮੁੰਡਿਆਂ ਨੇ ਕਾਨੂੰਨੀ ਰਾਹ ਫੜਿਆ, ਉਹ ਪਾੜਿਆਂ ਵਾਲੀ ਨੀ ਕੀਤੀ ।ਸਾਡੀ ਹੋ ਰਹੀ ਜਿੱਤ ਕਰਕੇ ਸਾਰਿਆਂ ਦੇ ਚਿਹਰਿਆਂ ਤੇ ਮਿੰਨੀ ਮਿੰਨੀ ਮੁਸਕਰਾਹਟ ਸੀ ।ਉਸ ਸਮੇਂ ਪੰਜਾਹ ਪੈਸੇ ਲਈ ਕੀਤੇ ਪਹਿਲੇ ਸੰਘਰਸ਼ ਨੇ, ਅਸਲ ਅਰਥਾਂ ਵਿੱਚ ਜਿੰਦਗੀ ਨੂੰ ਸੰਘਰਸ਼ਮਈ ਬਣਾ ਦਿੱਤਾ । ਪਰ ਅੱਜਕਲ ਕਾਲਜਾਂ, ਯੂਨੀਵਰਸਿਟੀਆਂ ਚ ਹੋਈ ਸਿਆਸੀ ਘੁਸਪੈਠ ਨੇ ਵਿਦਿਆਰਥੀਆਂ ਨੂੰ(ਕੁਝ ਕੁ ਨੂੰ ਛੱਡਕੇ) ਆਪਣੇ ਹੱਕਾਂ ਲਈ ਲੜਨ ਤੋਂ ਕਾਫੀ ਪਿੱਛੇ ਧਕੇਲ ਦਿੱਤਾ ਹੈ।

ਚਿੱਟਾ ਕੁੜਤਾ-ਪਜਾਮਾ ਤੇ ਹੋਰਡਿੰਗ ਕਲਚਰ ਨੇ ਪੈਰ ਪਸਾਰ ਕਾਰਨ ਵਿਦਿਆਰਥੀਆਂ ਵਿੱਚ ਆਪਣੇ ਹੱਕਾਂ ਪ੍ਰਤੀ ਲੜਨ ਦੀ ਭਾਵਨਾ ਕਾਫੀ ਹੱਦ ਤੱਕ ਘਟਾ ਦਿੱਤੀ ਹੈ ,ਜੋ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀ ਵਰਗ ਲਈ ਘਾਤਕ ਸਿੱਧ ਹੋਵੇਗਾ । ਬਾਕੀ ਕੰਪਨੀ/ਬ੍ਰਾਂਡਿਡ ਕਲਚਰ ਨੇ ਬੱਚਿਆਂ ਚ ਪੰਜਾਹ ਪੈਸੇ ਦੇ ਸਿੱਕਿਆਂ ਦੀ ਅਹਿਮੀਅਤ ਘਟਾ ਦਿੱਤੀ ਹੈ। ਜਿਸ ਦੇ ਚੱਲਦਿਆਂ ਬੱਚੇ ਬੱਸਾਂ ਦੇ ਕਿਰਾਏ (ਜੋ ਕਿ ਕੁਝ ਪੈਸਿਆਂ ਵਿੱਚ ਹੀ ਵਧਦੇ ਹਨ) ਤੇ ਆਮ ਲੋਕ ਪੈਟਰੋਲ/ਡੀਜਲ ਦੀਆਂ ਪੈਸਿਆਂ ਚ ਵੱਧਦੀਆਂ ਕੀਮਤਾਂ ਲਈ ਲੜਨਾ ਸ਼ਰਮ ਸਮਝਦੇ ਹਨ। ਫਿਰ ਅੱਜ ਪੰਜਾਹ ਪੈਸੇ ਲਈ ਕੌਣ ਲੜੇਗਾ?????

ਬਲਵੀਰ ਸਿੰਘ ਬਾਸੀਆਂ

8437600371

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦਾ ਕਿਸਾਨ
Next articleएन एम पी योजना के विरोध में 19 सितंबर से 28 सितंबर तक महाअभियान चलाएगी-आई आर ई एफ