ਪੰਜਾਬ ਸਰਕਾਰ ਹਰੇ ਚਾਰੇ ਦੇ ਆਚਾਰ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ‘ਤੇ ਦੇਵੇਗੀ 40 ਫ਼ੀਸਦੀ ਸਬਸਿਡੀ

ਚੰਡੀਗੜ੍ਹ ਨਕੋਦਰ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ): ਪੰਜਾਬ ਸਰਕਾਰ ਵੱਲੋਂ ਡੇਅਰੀ ਦੇ ਧੰਦੇ ਨੂੰ ਹੋਰ ਵਿਕਸਿਤ ਕਰਨ ਅਤੇ ਲਾਹੇਵੰਦ ਬਣਾਉਣ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਰਾਹੀਂ ਹਰੇ ਚਾਰੇ ਤੋਂ ਆਚਾਰ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ਦੀ ਲਾਗਤ ‘ਤੇ 40 ਫ਼ੀਸਦੀ ਦੀ ਦਰ ਨਾਲ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾਵੇਗੀ। ਇੱਥੋਂ ਜਾਰੀ ਬਿਆਨ ‘ਚ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮਹਿਕਮੇ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਹਰੇ ਚਾਰੇ ਦੀ ਪੈਦਾਵਾਰ ਅਤੇ ਸਾਂਭ-ਸੰਭਾਲ ਦਾ ਮਸ਼ੀਨੀਕਰਨ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਹਰੇ ਚਾਰੇ ਹੇਠ ਰਕਬਾ ਵਧਾ ਕੇ ਨਾ ਸਿਰਫ ਦੁੱਧ ਦੀ ਪੈਦਾਵਾਰ ‘ਚ ਵਾਧਾ ਹੋਵੇਗਾ, ਸਗੋਂ ਕਣਕ, ਝੋਨੇ ਹੇਠ ਰਕਬਾ ਵੀ ਘਟੇਗਾ, ਜਿਸ ਨਾਲ ਨਾ ਸਿਰਫ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ, ਸਗੋਂ ਰਵਾਇਤੀ ਫ਼ਸਲਾਂ ਦੇ ਮੰਡੀਕਰਨ ਦੀ ਸਮੱਸਿਆ ਨਾਲ ਵੀ ਨਜਿੱਠਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਮਸ਼ੀਨ ਖਰੀਦਣ ਵਾਲੇ ਉੱਦਮੀ ਕਿਸਾਨ ਨੂੰ 5.60 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਸਰਕਾਰ ਵੱਲੋਂ ਮਿਲੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਡੇਅਰੀ ਧੰਦੇ ਲਈ ਸਾਰਾ ਸਾਲ ਹਰੇ ਚਾਰੇ ਦੀ ਉਪਲੱਬਧਤਾ ਬਹੁਤ ਜ਼ਰੂਰੀ ਹੈ ਪਰ ਇਹ ਆਮ ਦੇਖਿਆ ਗਿਆ ਹੈ ਕਿ ਪੰਜਾਬ ‘ਚ ਕਈ ਮਹੀਨਿਆਂ ‘ਚ ਹਰਾ ਚਾਰਾ ਵਾਧੂ ਹੋ ਜਾਂਦਾ ਹੈ ਅਤੇ ਕਈ ਮਹੀਨਿਆਂ ‘ਚ ਤੋਟ ਆ ਜਾਂਦੀ ਹੈ।

ਵਾਧੂ ਹਰੇ ਚਾਰੇ ਤੋਂ ਸਾਈਲੇਜ਼ ਜਾਂ ਆਚਾਰ ਬਣਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਹਰ ਅਗਾਂਹਵਧੂ ਡੇਅਰੀ ਫਾਰਮਰ ਆਪਣੀ ਲੋੜ ਮੁਤਾਬਕ ਚਾਰੇ ਵਾਲੀ ਮੱਕੀ ਅਤੇ ਜਵੀ ਦਾ ਆਚਾਰ ਬਣਾ ਰਿਹਾ ਹੈ ਪਰ ਟੋਏ ਜਾਂ ਬੰਕਰ ‘ਚ ਬਣੇ ਇਸ ਆਚਾਰ ਨੂੰ ਇੱਕ ਤੋਂ ਦੂਜੀ ਥਾਂ ਲਿਜਾਣਾ ਸੰਭਵ ਨਹੀਂ ਹੁੰਦਾ ਕਿਉਂਕਿ ਇਸ ‘ਚ ਨਮੀ ਦੀ ਮਾਤਰਾ ਵੱਧ ਹੋਣ ਕਰਕੇ ਆਚਾਰ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। ਬਾਜਵਾ ਨੇ ਦੱਸਿਆ ਕਿ ਅਗਾਂਹਵਧੂ ਮੁਲਕਾਂ ਵਾਂਗ ਹੁਣ ਪੰਜਾਬ ‘ਚ ਵੀ ਇਸ ਮੁਸ਼ਕਲ ਦਾ ਹੱਲ ਕੱਢ ਲਿਆ ਗਿਆ ਹੈ। ਹੁਣ ਨਵੀਨਤਮ ਮਸ਼ੀਨਾਂ ਰਾਹੀਂ ਤਿਆਰ ਕੀਤੇ ਸਾਈਲੇਜ਼ ਨੂੰ ਬੈਗਾਂ, ਟਿਊਬਾਂ ਅਤੇ ਗੱਠਾਂ ‘ਚ ਤਿਆਰ ਕਰਕੇ ਛੋਟੇ, ਬੇਜ਼ਮੀਨੇ ਕਿਸਾਨਾਂ, ਸ਼ਹਿਰੀ ਡੇਅਰੀਆਂ ਅਤੇ ਹਰੇ ਚਾਰੇ ਦੀ ਘਾਟ ਵਾਲੇ ਸੂਬਿਆਂ ਨੂੰ ਭੇਜਿਆ ਜਾ ਸਕੇਗਾ।

ਇਸ ਨਾਲ ਛੋਟੇ ਅਤੇ ਸ਼ਹਿਰੀ ਡੇਅਰੀ ਫਾਰਮਰਾਂ ਨੂੰ ਵਾਜਬ ਕੀਮਤ ‘ਤੇ ਸਾਰਾ ਸਾਲ ਸੰਤੁਲਿਤ ਆਹਾਰ ਮੁਹੱਈਆ ਹੋਵੇਗਾ, ਨਾਲ ਦੀ ਨਾਲ ਬੇਰੋਜ਼ਗਾਰ ਨੌਜਵਾਨ ਜੋ ਮੱਕੀ ਦੇ ਆਚਾਰ ਦੀਆਂ ਗੱਠਾਂ ਬਣਾਉਣ ਦਾ ਕੰਮ ਸ਼ੁਰੂ ਕਰਨਗੇ, ਨੂੰ ਰੋਜ਼ਗਾਰ ਹਾਸਲ ਹੋਵੇਗਾ। ਡੇਅਰੀ ਵਿਕਾਸ ਮਹਿਕਮੇ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਾਈਲੇਜ ਬੇਲਰ ਮਸ਼ੀਨਾਂ ਲਈ ਅਖਬਾਰਾਂ ‘ਚ ਐਕਸਪਰੈਸ਼ਨ ਆਫ ਇੰਟਰਸਟ ਦੇਣ ਉਪਰੰਤ ਕਾਰਨੈਸਟ ਐਗਰੀ ਪ੍ਰੋਡਕਟ ਪ੍ਰਾਈਵੇਟ ਲਿਮਿਟਡ (ਹੈਦਰਾਬਾਦ), ਨਵ ਭਾਰਤ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਿਟਡ (ਆਂਧਰਾ ਪ੍ਰਦੇਸ), ਮੈਸ. ਬਖਸੀਸ ਇੰਡਸਟਰੀਜ਼ (ਬੱਸੀ ਪਠਾਣਾ), ਡਾਇਨਾਮਿਕ ਮਸ਼ੀਨਰੀ ਐਂਡ ਇਕਯੁਪਮੈਂਟ ਕੰਪਨੀ (ਲੁਧਿਆਣਾ), ਉਜਵਲਾ ਹਾਰਵੈਸਟਰ ਕਾਰਪੋਰੇਸਨ (ਆਂਧਰਾ ਪ੍ਰਦੇਸ) ਵੱਲੋਂ ਇਨਪੈਨਲਮੈਂਟ ਲਈ ਦਿਲਚਸਪੀ ਪ੍ਰਗਟ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਗਠਿਤ ਮਾਹਿਰਾਂ ਦੀ ਐਕਸਪਰਟ ਕਮੇਟੀ ਵਲੋਂ ਕੰਪਨੀਆਂ ਦੀਆਂ ਆਫ਼ਰਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਇਨ੍ਹਾਂ ਮਸ਼ੀਨਾਂ ਦਾ ਫੀਲਡ ਟਰਾਇਲ ਲਿਆ ਗਿਆ ਸੀ, ਜਿਸ ਉਪਰੰਤ ਤਿੰਨ ਹੀ ਕੰਪਨੀਆਂ ਮੈਸ. ਉੱਜਵਲਾ ਹਾਰਵੈਸਟਰ ਕਾਰਪੋਰੇਸ਼ਨ, ਡਾਇਨਾਮਿਕ ਮਸ਼ੀਨਰੀ ਅਤੇ ਇਕਯੁਪਮੈਂਟ ਅਤੇ ਮੈਸ. ਬਖਸੀਸ ਇੰਡਸਟਰੀਜ਼ ਨੂੰ ਮਿਆਰਾਂ ਅਨੁਸਾਰ ਪਾਇਆ ਗਿਆ, ਜੋ ਕਿ 100 ਕਿੱਲੋ ਅਤੇ 500 ਕਿੱਲੋ ਦੀਆਂ ਗੱਠਾਂ ਬਣਾਉਂਦੀਆਂ ਹਨ। ਉਨ੍ਹਾਂ ਸਮੂਹ ਦੁੱਧ ਉਤਪਾਦਕਾਂ, ਉੱਦਮੀਆਂ ਨੂੰ ਬੇਨਤੀ ਕੀਤੀ ਕਿ ਇਸ ਸਕੀਮ ਦਾ ਭਰਪੂਰ ਲਾਹਾ ਲੈਣ ਲਈ ਉਨ੍ਹਾਂ ਦੇ ਜ਼ਿਲ੍ਹਾ ਪੱਧਰੀ ਜਾਂ ਰਾਜ ਪੱਧਰੀ ਦਫ਼ਤਰ ਨਾਲ ਸੰਪਰਕ ਰੱਖਿਆ ਜਾਵੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮਹਿਕਮੇ ਦੀ ਹੈਲਪਲਾਈਨ 0172-5027285 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Previous articleਲੋਕਡਾਊਨ ਚ ਵਧੀਆ ਸੇਵਾਵਾਂ ਦੇਣ ਅਤੇ ਕਰੋਨਾ ਤੇ ਫਤਹਿ ਪਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਗਿਆ ਸਨਮਾਨਿਤ
Next articleHeavy rains lead to waterlogging in many areas in Gurugram