ਪੰਜਾਬ ਸਰਕਾਰ ਨੇ ਬਣਾਇਆ ਔਰਤਾਂ ਦਾ ਐਪਰਲ ਫੂਲ

ਸੁਰਿੰਦਰ ਕੌਰ

(ਸਮਾਜ ਵੀਕਲੀ)

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਆਖ਼ਰੀ ਸਾਲ ਦੌਰਾਨ ਔਰਤਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦਿੱਤੀ ਗਈ ਹੈ ਜੋ ਕਿ ਪਹਿਲੀ ਅਪਰੈਲ ਤੋਂ ਲਾਗੂ ਕਰ ਦਿੱਤੀ ਗਈ ਹੈ । ਇਸ ਸਕੀਮ ਤਹਿਤ ਔਰਤਾਂ ਜਾਂ ਲੜਕੀਆਂ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਣਗੀਆਂ ਇਹ ਸਕੀਮ ਸਰਕਾਰੀ ਏਸੀ ਬੱਸਾਂ ਅਤੇ ਵੋਲਵੋ ਬੱਸਾਂ ਵਿੱਚ ਲਾਗੂ ਨਹੀਂ ਹੋਵੇਗੀ ।

ਕੀ ਇਸ ਸਕੀਮ ਦੀ ਔਰਤਾਂ ਨੂੰ ਸੱਚਮੁਚ ਬਹੁਤ ਜ਼ਰੂਰਤ ਸੀ ? ਕੀ ਕਦੇ ਇਸ ਸਕੀਮ ਦੀ ਮੰਗ ਕੀਤੀ ਗਈ ਜਾਂ ਕੋਈ ਧਰਨਾ ਦਿੱਤਾ ਗਿਆ ? ਘਰੇਲੂ ਔਰਤਾਂ ਨੇ ਹਰ ਰੋਜ਼ ਕਿੱਥੇ ਜਾਣਾ ਹੁੰਦਾ ਹੈ ? ਅਜਿਹੇ ਬਹੁਤ ਸਾਰੇ ਸਵਾਲ ਹਨ । ਜੇਕਰ ਕਦੇ ਕਦਾਈਂ ਜਾਣਾ ਹੈ ਤਾਂ ਕੀ ਉਹ ਘੰਟਿਆਂ ਬੱਧੀ ਸਰਕਾਰੀ ਬੱਸ ਦੀ ਉਡੀਕ ਕਰਿਆ ਕਰਨਗੀਆਂ? ਪਿੰਡਾਂ ਵਿਚ ਸਰਕਾਰੀ ਬੱਸਾਂ ਦੀ ਗਿਣਤੀ ਹੈ ਹੀ ਕਿੰਨੀ ਹੈ ਜਦ ਕਿ ਨੌਕਰੀ ਪੇਸ਼ਾ ਅਤੇ ਵਿਦਿਆਰਥੀਆਂ ਲਈ ਪਹਿਲਾਂ ਹੀ ਪਾਸ ਦੀ ਸੁਵਿਧਾ ਉਪਲੱਬਧ ਹੈ । ਇਸ ਸਕੀਮ ਨਾਲ ਆਖ਼ਿਰ ਸਰਕਾਰ ਕੀ ਸਾਬਿਤ ਕਰਨਾ ਚਾਹੁੰਦੀ ਹੈ ਜਦੋਂ ਕਿ ਔਰਤਾਂ ਦੀ ਕਿਰਾਏ ਵਾਲੀ ਕੋਈ ਸਮੱਸਿਆ ਹੀ ਨਹੀਂ ਸੀ ਔਰਤਾਂ ਪ੍ਰਤੀ ਕੁਝ ਕਰਨਾ ਹੀ ਸੀ ਤਾਂ ਲੜਕੀਆਂ ਦੀ ਸਿੱਖਿਆ ਮੁਫਤ ਕਰ ਦਿੱਤੀ ਜਾਂਦੀ ਜਿਸ ਨਾਲ ਗ਼ਰੀਬ ਲੜਕੀਆਂ ਵੀ ਉੱਚ ਵਿੱਦਿਆ ਹਾਸਲ ਕਰ ਸਕਦੀਆਂ ।

ਇਹ ਮੁਫ਼ਤ ਬੱਸ ਸਫ਼ਰ ਸ਼ੁਰੂ ਕਰਕੇ ਕਿਹੜਾ ਮਾਅਰਕਾ ਮਾਰ ਲਿਆ ? ਸਾਡੀਆਂ ਪੜ੍ਹੀਆਂ ਲਿਖੀਆਂ ਬੇਰੁਜ਼ਗਾਰ ਅਧਿਆਪਕਾਵਾਂ ਦੇ ਆਏ ਦਿਨ ਧਰਨੇ ਸਰਕਾਰ ਨੂੰ ਨਜ਼ਰ ਨਹੀਂ ਆਏ । ਧਰਨਿਆਂ ਵਿਚ ਉਨ੍ਹਾਂ ਦੀ ਖਿੱਚ ਧੂਹ ਕੀਤੀ ਜਾਂਦੀ ਹੈ, ਪੁਲੀਸ ਉਨ੍ਹਾਂ ਤੇ ਤਸ਼ੱਦਦ ਕਰ ਰਹੀ ਹੈ । ਕੀ ਉਹ ਅੌਰਤਾਂ ਨਹੀਂ ਹਨ ,ਉਨ੍ਹਾਂ ਨੂੰ ਰੁਜ਼ਗਾਰ ਦੇਣਾ ਸਰਕਾਰ ਦਾ ਕੰਮ ਨਹੀਂ ਹੈ ?ਆਂਗਨਵਾੜੀ ਵਰਕਰਾਂ ਦੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤੇ ਜਾਂਦੇ ਧਰਨਿਆਂ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ ਜੋ ਕਿ ਪੱਚੀ ਤੀਹ ਸਾਲਾਂ ਤੋਂ ਘੱਟ ਤਨਖਾਹਾਂ ਤੇ ਦੁੱਗਣਾ ਕੰਮ ਕਰ ਰਹੀਆਂ ਹਨ । ਇਹ ਮੁਫ਼ਤ ਬੱਸ ਸਫ਼ਰ ਦੇ ਕੇ ਔਰਤਾਂ ਨੂੰ ਮੂਰਖ ਬਣਾਇਆ ਗਿਆ ਹੈ ਉਨ੍ਹਾਂ ਨੂੰ ਤਰਸ ਦੀਆਂ ਪਾਤਰ ਬਣਾਇਆ ਗਿਆ ਹੈ ।

ਇਹ ਸਿਆਸੀ ਪੈਂਤੜੇ ਹਰ ਸਮੇਂ ਦੀਆਂ ਸਰਕਾਰਾਂ ਵਰਤਦੀਆਂ ਹਨ । ਪਹਿਲਾਂ ਵੀ ਬਜ਼ੁਰਗਾਂ ਲਈ ਮੁਫ਼ਤ ਬੱਸ ਪਾਸ ਜਾਰੀ ਕੀਤੇ ਗਏ ਸੀ ਉਹ ਕਿੰਨੇ ਕੁ ਕਾਰਗਰ ਸਾਬਤ ਹੋਏ , ਜਿੱਥੇ ਬਜ਼ੁਰਗ ਖਡ਼੍ਹੇ ਹੁੰਦੇ ਸੀ ਬੱਸਾਂ ਰੋਕਦੇ ਹੀ ਨਹੀਂ ਸਨ ਹੁਣ ਵੀ ਇਹੀ ਸਭ ਹੋਣ ਵਾਲਾ ਹੈ ।ਇਹ ਮੁਫਤ ਬੱਸ ਸਫਰ ਔਰਤਾਂ ਨੂੰ ਬੇਵਕੂਫ ਬਣਾ ਕੇ ਆਪਣੇ ਵੋਟ ਬੈਂਕ ਭਰਨ ਲਈ ਇੱਕ ਚਾਲ ਹੈ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ।ਸਾਡੇ ਪੜ੍ਹੇ ਲਿਖੇ ਨੌਜਵਾਨ ਲੜਕੇ ਤੇ ਲੜਕੀਆਂ ਬੇਰੁਜ਼ਗਾਰ ਹਨ ਉਨ੍ਹਾਂ ਨੂੰ ਰੁਜ਼ਗਾਰ ਦਿਓ ਕਿਉਂਕਿ ਬੇਰੁਜ਼ਗਾਰੀ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰਦੀ ਹੈ ।ਸਰਕਾਰ ਨੂੰ ਉਨ੍ਹਾਂ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਅਸਲ ਵਿੱਚ ਲੋਕ ਪੱਖੀ ਹੋਣ।

ਸੁਰਿੰਦਰ ਕੌਰ
6283188928

Previous articleਨਿਰੋਲ ਜੀਵਨ (ਵਿਸ਼ਵ ਸਿਹਤ ਦਿਨ )
Next articleAstraZeneca, blood clots link ‘plausible but not confirmed’: WHO