ਪੰਜਾਬ ਵਜ਼ਾਰਤ ਵੱਲੋਂ ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਏ ਜਾਣ ’ਤੇ ਮੋਹਰ

ਚੰਡੀਗੜ੍ਹ, (ਸਮਾਜ ਵੀਕਲੀ): ਪੰਜਾਬ ਮੰਤਰੀ ਮੰਡਲ ਵੱਲੋਂ ਮਾਲੇਰਕੋਟਲਾ ਨੂੰ ਸੂਬੇ ਦਾ 23ਵਾਂ ਜ਼ਿਲ੍ਹਾ ਬਣਾਏ ਜਾਣ ਨੂੰ ਰਸਮੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਦੀ ਅਗਵਾਈ ਹੇਠ ਹੋਈ ਵਜ਼ਾਰਤੀ ਮੀਟਿੰਗ ਦੌਰਾਨ ਸਬ ਤਹਿਸੀਲ ਅਮਰਗੜ੍ਹ, ਜੋ ਕਿ ਮਾਲੇਰਕੋਟਲਾ ਸਬ ਡਿਵੀਜ਼ਨ ਦਾ ਹਿੱਸਾ ਸੀ, ਨੂੰ ਸਬ ਡਿਵੀਜ਼ਨ/ਤਹਿਸੀਲ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ। ਸਰਕਾਰ ਦੇ ਤਾਜ਼ਾ ਫੈਸਲੇ ਮੁਤਾਬਕ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਹੁਣ ਤਿੰਨ ਸਬ ਡਿਵੀਜ਼ਨਾਂ ਮਾਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 192 ਪਿੰਡ, 62 ਪਟਵਾਰ ਸਰਕਲ ਅਤੇ 6 ਕਾਨੂੰਨਗੋ ਸਰਕਲ ਵੀ ਸ਼ਾਮਲ ਹੋਣਗੇ।

ਮੰਤਰੀ ਮੰਡਲ ਵੱਲੋਂ ਮੁੱਖ ਮੰਤਰੀ ਨੂੰ 12 ਵਿਭਾਗਾਂ ਪੁਲੀਸ, ਪੇਂਡੂ ਵਿਕਾਸ ਤੇ ਪੰਚਾਇਤ, ਸਮਾਜਿਕ ਨਿਆਂ ਅਤੇ ਘੱਟ ਗਿਣਤੀ, ਖੇਤੀਬਾੜੀ ਅਤੇ ਕਿਸਾਨ ਵਿਕਾਸ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ, ਸਿਹਤ, ਸਿੱਖਿਆ (ਪ੍ਰਾਇਮਰੀ ਅਤੇ ਸੈਕੰਡਰੀ), ਰੁਜ਼ਗਾਰ ਉਤਪੱਤੀ, ਉਦਯੋਗ ਅਤੇ ਵਣਜ, ਖੁਰਾਕ ਸਿਵਲ ਸਪਲਾਈ ਤੇ ਉਪਭੋਗਤਾ ਮਾਮਲਿਆਂ ਤੋਂ ਇਲਾਵਾ ਵਿੱਤ ਦੇ ਦਫ਼ਤਰਾਂ ਲਈ ਨਵੀਆਂ ਅਸਾਮੀਆਂ ਸਿਰਜੇ ਜਾਣ ਨੂੰ ਮਨਜ਼ੂਰੀ ਦੇਣ ਲਈ ਅਧਿਕਾਰ ਸੌਂਪ ਦਿੱਤੇ। ਮੁੱਖ ਮੰਤਰੀ ਨੇ 14 ਮਈ ਨੂੰ ਈਦ-ਉਲ-ਫ਼ਿਤਰ ਦੇ ਮੌਕੇ ’ਤੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰਦਿਆਂ  ਸਥਾਨਕ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਸੀ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਲਏ ਗਏ ਇਸ ਫੈਸਲੇ ਦਾ ਮਕਸਦ ਮਾਲੇਰਕੋਟਲਾ ਦੇ ਸ਼ਹਿਰੀ ਵਿਕਾਸ ਨੂੰ ਯਕੀਨੀ ਬਣਾਉਣਾ, ਇਸ ਇਤਿਹਾਸਕ ਸ਼ਹਿਰ ਦੇ ਅਮੀਰ ਵਿਰਸੇ ਨੂੰ ਕਾਇਮ ਰੱਖਣਾ ਅਤੇ ਇਸ ਖੇਤਰ ਦੇ ਸਮੁੱਚੇ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਵੀ ਹੈ।

ਪੰਜਾਬ ਵਜ਼ਾਰਤ ਨੇ ਸੂਬੇ ਵਿੱਚ ਵੱਡੀ ਬਹੁ-ਮੰਤਵੀ ਨਹਿਰੀ ਪਾਣੀ ਸਪਲਾਈ ਦੀਆਂ ਸਕੀਮਾਂ ਦੇ ਸੰਚਾਲਨ ਅਤੇ ਰੱਖ-ਰਖਾਅ ਲਈ ਸਪੈਸ਼ਲ ਪਰਪਜ਼ ਵਹੀਕਲ (ਐੱਸਵੀਪੀ) ਦੀ ਪ੍ਰਵਾਨਗੀ ਦੇ ਦਿੱਤੀ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਧੀਨ ਇਹ ਭਾਰਤ ਵਿੱਚ ਆਪਣੇ ਕਿਸਮ ਦੀ ਪਹਿਲੀ ਉਪਯੋਗੀ ‘ਪੰਜਾਬ ਪੇਂਡੂ ਜਲ (ਸਹੂਲਤ) ਕੰਪਨੀ’ ਹੋਵੇਗੀ।ਮੰਤਰੀ ਮੰਡਲ ਨੇ ਐੱਸਵੀਪੀ ਦੇ ਨਾਂ ਉਤੇ ਖਾਤਾ ਖੋਲ੍ਹਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿੱਚ ਵਿਸ਼ਵ ਬੈਂਕ ਫੰਡ (64 ਫੀਸਦੀ) ਵੱਲੋਂ ਜਾਰੀ 25 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਹੈ ਅਤੇ ਸੂਬੇ ਦਾ ਬਜਟ 36 ਫੀਸਦੀ ਹੈ। ਇਹ ਫੰਡ ਐੱਸਵੀਪੀ ਦੇ ਠੇਕੇ ਦੀਆਂ ਜ਼ਿੰਮੇਵਾਰੀਆਂ ਅਤੇ ਇਸ ਦੇ ਪ੍ਰਬੰਧਕੀ ਖਰਚਿਆਂ ਅਤੇ ਮਾਲੀਆ ਇਕੱਤਰ ਹੋਣ ਵਿੱਚ ਕਮੀ ਹੋਣ ’ਤੇ ਉਸ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗੀ।

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਇਸ ਵੇਲੇ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ 612 ਪਿੰਡਾਂ ਵਿੱਚ ਪੰਜ ਨਵੇਂ ਬਹੁ-ਪਿੰਡ ਨਹਿਰੀ ਜਲ ਸਪਲਾਈ ਪ੍ਰਾਜੈਕਟਾਂ ਨੂੰ ਲਾਗੂ ਕਰਨ ਅਤੇ ਪਟਿਆਲਾ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਫਲੋਰਾਈਡ ਪ੍ਰਭਾਵਿਤ ਬਲਾਕਾਂ ਦੇ 408 ਪਿੰਡਾਂ ਦੇ ਇਕ ਹੋਰ ਪ੍ਰਾਜੈਕਟ ਉਤੇ ਕੰਮ ਕਰ ਰਿਹਾ ਹੈ। ਇਹ ਪ੍ਰਾਜੈਕਟ ਉਸਾਰੀ ਅਧੀਨ ਹਨ। ਇਕ ਹੋਰ ਪ੍ਰਾਜੈਕਟ ਲੋਹੇ/ਆਰਸੈਨਿਕ ਪ੍ਰਭਾਵਿਤ ਰੂਪਨਗਰ ਜ਼ਿਲ੍ਹੇ (ਨੂਰਪੁਰ ਬੇਦੀ ਬਲਾਕ) ਦੇ 39 ਪਿੰਡਾਂ ਵਿੱਚ 2019 ਵਿੱਚ ਸ਼ੁਰੂ ਹੋਇਆ ਸੀ। ਇਸ ਤੋਂ ਇਲਾਵਾ ਇਕ ਪ੍ਰਾਜੈਕਟ ਮੋਗਾ ਜ਼ਿਲ੍ਹੇ ਵਿੱਚ ਡਿਜ਼ਾਈਨ, ਬਿਲਡ, ਆਪਰੇਟ ਤੇ ਟਰਾਂਸਫਰ (ਡੀਬੀਓਟੀ) ਮਾਡਲ ਦੇ ਆਧਾਰ ਉਤੇ ਜਨਵਰੀ 2021 ਵਿੱਚ ਮੈਸਰਜ਼ ਐਲਐਂਡਟੀ ਲਿਮਟਿਡ ਵੱਲੋਂ ਮੁਕੰਮਲ ਕੀਤਾ ਗਿਆ ਜਿਸ ਦੀ ਕੁੱਲ ਲਾਗਤ 218.56 ਕਰੋੜ ਰੁਪਏ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleThe future of National Human Rights Commission
Next articleਕੇਂਦਰੀ ਕੈਬਨਿਟ ਵੱਲੋਂ ‘ਮਾਡਲ ਕਿਰਾਏਦਾਰੀ ਐਕਟ’ ਮਨਜ਼ੂਰ